ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ ਲਈ ਬਾਦਲ ਵੱਲੋਂ ਮੋਦੀ ਦਾ ਧੰਨਵਾਦ, ਕਿਹਾ ਚੰਗਾ ਲੱਗਦਾ ਜੇ ਮਨਮੋਹਨ ਸਿੰਘ ਖ਼ਤਮ ਕਰ ਜਾਂਦੇ

ਚੰਡੀਗੜ੍ਹ, 14 ਸਤੰਬਰ, 2019:

ਸਿੱਖਾਂ ਦੀਆਂ ਅਣਮਨੁੱਖੀ, ਸਨਕੀ ਅਤੇ ਵਿਤਕਰੇ ਭਰੀਆਂ ਕਾਲੀਆਂ ਸੂਚੀਆਂ ਖ਼ਤਮ ਕਰਨ ਲਈ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਇਸ ਫੈਸਲੇ ਨੂੰ ‘ਮਹਾਨ ਲੀਡਰਸ਼ਿਪ ਦੀ ਇੱਕ ਦੂਰ ਅੰਦੇਸ਼ੀ ਕਾਰਵਾਈ ਕਰਾਰ ਦਿੱਤਾ ਹੈ, ਜੋ ਕਿ ਦੇਸ਼ ਅੰਦਰ ਸੰਘੀ ਵਿਭਿੰਨਤਾ ਅਤੇ ਸਹਿਣਸ਼ੀਲਤਾ ਦੀ ਭਾਵਨਾ ਨੂੰ ਸੰਭਾਲਣ ਅਤੇ ਪ੍ਰਫੁੱਲਿਤ ਕਰਨ ਵਾਲੀਆਂ ਤਾਕਤਾਂ ਨੂੰ ਮਜ਼ਬੂਤ ਕਰੇਗੀ।

ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਨਿੱਜੀ ਤੌਰ ਤੇ ਇਸ ਗੱਲ ਦੀ ਬਹੁਤ ਖੁਸ਼ੀ ਹੋਣੀ ਸੀ ਕਿ ਜੇਕਰ ਇਹ ਅਤੇ ਸੱਜਣ ਕੁਮਾਰ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦੇਣ ਵਾਲੇ ਫੈਸਲੇ ਸਰਦਾਰ ਮਨਮੋਹਨ ਸਿੰਘ ਜੀ ਦੀ ਸਰਕਾਰ ਵੇਲੇ ਲਏ ਜਾਂਦੇ। ਅਕਾਲੀ ਦਲ ਅਤੇ ਮੇਰੀ ਅਗਵਾਈ ਵਾਲੀ ਸਰਕਾਰ ਨੇ ਸਰਦਾਰ ਸਾਹਿਬ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਵਾਰ ਵਾਰ ਕਾਲੀਆਂ ਸੂਚੀਆਂ ਨੂੰ ਖ਼ਤਮ ਕਰਨ ਵਾਸਤੇ ਕਿਹਾ ਸੀ , ਪਰ ਕੁੱਝ ਨਹੀਂ ਵਾਪਰਿਆ।

ਐਨਡੀਏ ਸਰਕਾਰ ਦੇ ਇਸ ਫੈਸਲੇ ਲਈ ਸਿਹਰਾ ਲੈਣ ਦੀ ਦੌੜ ਵਿਚ ਪੈਣ ਤੋਂ ਇਨਕਾਰ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਸ ਫੈਸਲੇ ਦਾ ਸਿਹਰਾ ਲੈਣਾ ਮੈਨੂੰ ਜਾਂ ਅਕਾਲੀ ਦਲ ਵਿਚੋਂ ਕਿਸੇ ਨੂੰ ਵੀ ਜਚੇਗਾ ਨਹੀਂ, ਕਿਉਂਕਿ ਇਹ ਤਾਂ ਸਾਡਾ ਆਪਣਾ ਫੈਸਲਾ ਹੈ, ਕਿਉਂਕਿ ਅਸੀਂ ਐਨਡੀਏ ਸਰਕਾਰ ਦੇ ਮੰਤਰੀ ਮੰਡਲ ਦਾ ਅੰਗ ਹਾਂ ਅਤੇ ਇਸ ਦੇ ਹਰ ਫੈਸਲੇ ਦੇ ਸਾਝੀਦਾਰ ਹਾਂ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਇੰਨੇ ਦਿਆਲੂ ਹਨ ਕਿ ਪੰਜਾਬ ਅਤੇ ਖਾਸ ਕਰਕੇ ਦੇਸ਼ ਭਗਤ ਸਿੱਖਾਂ ਨਾਲ ਸੰਬੰਧਤ ਸਾਰੇ ਅਹਿਮ ਮਸਲਿਆਂ ਬਾਰੇ ਉਹ ਹਮੇਸ਼ਾਂ ਮੇਰੇ ਨਾਲ ਨਿੱਜੀ ਤੌਰ ਤੇ ਸਲਾਹ ਮਸ਼ਵਰਾ ਕਰਦੇ ਰਹਿੰਦੇ ਹਨ। ਲੋਕ ਸ਼ਾਇਦ ਭੁੱਲ ਗਏ ਹੋਣ, ਪਰ ਮੋਦੀ ਜੀ ਨੇ 2013 ਵਿਚ ਅਹਿਮਦਾਬਾਦ ਵਿਖੈ ਹੋਏ ਇੱਕ ਕੌਮਾਂਤਰੀ ਸਮਾਗਮ ਵਿਚ ਬਹਾਦਰ ਅਤੇ ਦੇਸ਼ ਭਗਤ ਸਿੱਖ ਭਾਈਚਾਰੇ ਦਾ ਸਨਮਾਨ ਬਹਾਲ ਕਰਵਾਉਣ ਲਈ ਜਨਤਕ ਤੌਰ ਤੇ ਵਾਅਦਾ ਕੀਤਾ ਸੀ।

ਉਹ ਉਸ ਸਮੇਂ ਮੇਰੇ ਵੱਲੋਂ ਉਹਨਾਂ ਨੂੰ ਰਾਸ਼ਟਰੀ ਰਾਜਨੀਤੀ ਵਿਚ ਜਾਣ ਲਈ ਕੀਤੀ ਬੇਨਤੀ ਦਾ ਜੁਆਬ ਦੇ ਰਹੇ ਹਨ, ਕਿਉਂਕਿ ਮੈਂ ਜਾਣਦਾ ਸੀ ਕਿ ਉਹ ਸਿੱਖਾਂ ਪ੍ਰਤੀ ਕਿੰਨੇ ਹਾਂ-ਪੱਖੀ ਅਤੇ ਸੰਵੇਦਨਸ਼ੀਲ ਰਹੇ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਜੇਕਰ ਕੋਈ ਕਾਂਗਰਸੀ ਮੁੱਖ ਮੰਤਰੀ ਐਨਡੀਏ ਸਰਕਾਰ ਦੇ ਫੈਸਲੇ ਦਾ ਸਿਹਰਾ ਲੈ ਰਿਹਾ ਹੈ ਤਾਂ ਇਸ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਪਰ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖ਼ਤਮ ਕਰਵਾਉਣਾ ਤਾਂ ਦੂਰ ਦੀ ਗੱਲ ਹੈ|

ਕਾਂਗਰਸ ਪਾਰਟੀ ਦੇ ਮੁੱਖ ਮੰਤਰੀਆਂ ਨੇ ਕਾਲੀ ਸੂਚੀ ਤੋਂ ਬਾਹਰ ਮਸ਼ਹੂਰ ਪਰਵਾਸੀ ਸਿੱਖਾਂ ਸਰਦਾਰ ਹਰਜੀਤ ਸਿੰਘ ਸੱਜਣ ਵਰਗਿਆਂ ਨਾਲ ਵੀ ਨਿਰਾਦਰ ਭਰਿਆ ਅਤੇ ਮਾੜਾ ਸਲੂਕ ਕਰਦਿਆਂ ਉਹਨਾਂ ਨੂੰ ਮਿਲਣ ਤਕ ਤੋਂ ਇਨਕਾਰ ਕਰ ਦਿੱਤਾ ਸੀ, ਜਦੋਂ ਉਹਨਾਂ ਦੀ ਭਾਰਤ ਸਰਕਾਰ ਵੱਲੋਂ ਮੇਜ਼ਬਾਨੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਕਾਂਗਰਸੀ ਸਿੱਖ ਆਗੂਆਂ ਦੀ ਮਾਨਸਿਕਤਾ ਆਪਣੇ ਭਾਈਚਾਰੇ ਬਾਰੇ ਬਹੁਤੀ ਚੰਗੀ ਨਹੀਂ ਹੈ। ਇਸ ਤਰ੍ਹਾਂ ਲੱਗਦਾ ਹੈ, ਜਿਵੇਂ ਉਹਨਾਂ ਨੂੰ ਇੱਕੋ ਸਮੇਂ ਸਿੱਖ ਅਤੇ ਕਾਂਗਰਸੀ ਹੋਣ ਦਾ ਅਪਰਾਧ-ਬੋਧ ਹੋਵੇ।

ਉਹ ਇਸ ਅਪਰਾਧ ਬੋਧ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕੈਨੇਡੀਅਨ ਸਿੱਖ ਮੰਤਰੀਆਂ ਦਾ ਨਿਰਾਦਰ ਕਰਨ ਵਰਗੀਆਂ ਸਿੱਖ-ਵਿਰੋਧੀ ਹਰਕਤਾਂ ਨਾਲ ਆਪਣੀ ਹਾਈਕਮਾਂਡ ਅੱਗੇ ਆਪਣੀ ਵਫਾਦਾਰੀ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਹਨ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕਾਲੀਆਂ ਸੂਚੀਆਂ ਨੂੰ ਖ਼ਤਮ ਕਰਨ ਦਾ ਫੈਸਲਾ ਉਸ ਦ੍ਰਿਸ਼ਟੀ ਦਾ ਹਿੱਸਾ ਹੈ, ਜਿਹੜੀ ਸਿੱਖਾਂ ਦਾ ਸਨਮਾਨ ਬਹਾਲ ਕਰਵਾਉਣ ਅਤੇ ਉਹਨਾਂ ਨੂੰ ਇਨਸਾਫ ਦਿਵਾਉਣ ਵਿਚ ਯਕੀਨ ਰੱਖਦੀ ਹੈ। ਇਹ ਦ੍ਰਿਸ਼ਟੀ ਮੋਦੀ ਸਰਕਾਰ ਵੱਲੋਂ ਲਏ ਗਏ ਬਹੁਤ ਸਾਰੇ ਫੈਸਲਿਆਂ ਵਿਚੋਂ ਦ੍ਰਿਸ਼ਟੀਗੋਚਰ ਹੁੰਦੀ ਹੈ।

ਇਹਨਾਂ ਵਿਚ 1984 ਵਿਚ ਸਰਕਾਰੀ ਸ਼ਹਿ ਪ੍ਰਾਪਤ ਕਾਂਗਰਸੀ ਗੁੰਡਿਆਂ ਵੱਲੋਂ ਦਿੱਲੀ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨਾ ਵੀ ਸ਼ਾਮਿਲ ਹੈ।

ਭਾਰਤ ਸਰਕਾਰ ਦੀ ਇਹੀ ਪਹੁੰਚ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਲੈ ਕੇ ਵੇਖੀ ਗਈ ਹੈ, ਜਿੱਥੇ ਇਸ ਨੇ ਸਿੱਖਾਂ ਦੀ ਨਨਕਾਣਾ ਸਾਹਿਬ ਵਰਗੇ ਪਵਿੱਤਰ ਅਤੇ ਇਤਿਹਾਸਕ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦੇ ਸੁਫਨੇ ਨੂੰ ਪੂਰਾ ਕਰਨ ਲਈ ਉਚੇਚੇ ਕਦਮ ਉਠਾਏ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਅਤੇ ਐਨਡੀਏ ਸਰਕਾਰਾਂ ਦੀ ਸਿਆਸੀ ਦ੍ਰਿਸ਼ਟੀ ਅਤੇ ਸਿੱਖਾਂ ਪ੍ਰਤੀ ਪਹੁੰਚ ਵਿਚ ਇਹੀ ਸਭ ਤੋਂ ਮੁੱਢਲਾ ਅਤੇ ਵੱਡਾ ਫਰਕ ਹੈ। ਉਹਨਾਂ ਕਿਹਾ ਕਿ ਭਾਜਪਾ ਨੂੰ ਕਾਂਗਰਸੀ ਗੁੰਡਿਆਂ ਵੱਲੋਂ ਨਵੰਬਰ 1984 ਵਿਚ ਕੀਤੇ ਕਤਲੇਆਮ ਦੇ ਭਿਆਨਕ ਦਿਨਾਂ ਵਿਚ ਸਿੱਖਾਂ ਦਾ ਸਾਥ ਦੇਣ ਦੀ ਭਾਰੀ ਕੀਮਤ ਦੇਣੀ ਪਈ ਸੀ।

ਕਾਂਗਰਸ ਨੇ ਇਸ ਪਾਰਟੀ ਨੂੰ ਗੱਦਾਰਾਂ ਦੇ ਸਮਰਥਕ ਕਹਿ ਕੇ ਨਿੰਦਿਆ ਸੀ, ਕਿਉਂਕਿ ਰਾਜੀਵ ਗਾਂਧੀ ਦੇ ਸਮਰਥਕ ਸਿੱਖਾਂ ਨੂੰ ਗੱਦਾਰ ਕਹਿ ਕੇ ਸੱਦਦੇ ਸਨ। ਇਸ ਤਰ੍ਹਾਂ ਭਾਜਪਾ ਦੇ ਸਿਰਫ ਦੋ ਸਾਂਸਦ ਰਹਿ ਗਏ ਸਨ। ਅਸੀਂ ਸਿੱਖ ਇਸ ਪਾਰਟੀ ਵੱਲੋਂ ਸਾਡੇ ਲਈ ਕੀਤੀਆਂ ਕੁਰਬਾਨੀਆਂ ਕਦੇ ਨਹੀਂ ਭੁੱਲੇ ਹਾਂ।

Share News / Article

Yes Punjab - TOP STORIES