‘ਸਿੱਖਸ ਫ਼ਾਰ ਜਸਟਿਸ’ ’ਤੇ ਪਾਬੰਦੀ ਦਾ ਕੈਪਟਨ ਵੱਲੋਂ ਸਵਾਗਤ, ਅਕਾਲੀਆਂ ਅਤੇ ਦੂਜੇ ਦੇਸ਼ਾਂ ਨੂੰ ਦਿੱਤੀ ਚੇਤਾਵਨੀ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਚੰਡੀਗੜ੍ਹ, 10 ਜੁਲਾਈ, 2019:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਗੈਰ-ਕਾਨੂੰਨੀ ਸੰਗਠਨ ਦੇ ਵਜੋਂ ਸਿੱਖ ਫਾਰ ਜਸਟਿਸ (ਐਸ.ਐਫ.ਜੇ) ‘ਤੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਆਈ.ਐਸ.ਆਈ ਦਾ ਸਮਰਥਨ ਪ੍ਰਾਪਤ ਇਸ ਸੰਗਠਨ ਦੀਆਂ ਭਾਰਤ ਵਿਰੋਧੀ ਵੱਖਵਾਦੀ ਕਾਰਵਾਈਆਂ ਤੋਂ ਦੇਸ਼ ਦੀ ਸੁਰੱਖਿਆ ਕਰਨ ਪ੍ਰਤੀ ਇਹ ਇੱਕ ਪਹਿਲਾ ਕਦਮ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਜਾਰੀ ਇਥੇ ਇਕ ਬਿਆਨ ਵਿੱਚ ਕਿਹਾ ਕਿ ਭਾਵੇਂ ਇਸ ਸੰਗਠਨ ਨਾਲ ਇੱਕ ਅੱਤਵਾਦੀ ਸੰਗਠਨ ਵਜੋਂ ਸਲੂਕ ਕੀਤੇ ਜਾਣ ਦੀ ਜ਼ਰੂਰਤ ਹੈ ਪਰ ਭਾਰਤ ਸਰਕਾਰ ਨੇ ਘੱਟੋ-ਘੱਟ ਐਸ.ਐਫ.ਜੇ ਵਿਰੁੱਧ ਲੰਮੇ ਸਮੇਂ ਤੋਂ ਲੰਬਿਤ ਪਿਆ ਸਟੈਂਡ ਆਖਿਰਕਾਰ ਲਿਆ ਹੈ। ਇਸ ਜੱਥੇਬੰਦੀ ਨੇ ਹਾਲ ਹੀ ਦੇ ਸਾਲਾਂ ਦੌਰਾਨ ਪੰਜਾਬ ਵਿੱਚ ਖੁਲ੍ਹਕੇ ਦਹਿਸ਼ਤ ਦੀ ਲਹਿਰ ਚਲਾਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਆਖਿਰਕਾਰ ਕੇਂਦਰ ਸਰਕਾਰ ਨੇ ਇਸ ਸੰਗਠਨ ਵਿਰੁੱਧ ਕਾਰਵਾਈ ਕਰਨ ਦੀ ਆਪਣੀ ਇੱਛਾ ਪ੍ਰਗਟਾਈ ਹੈ ਜਿਸ ਨੇ ‘ਸਿਖ ਰਾਏਸ਼ੁਮਾਰੀ 2020 ‘ ਬਾਰੇ ਸਾਜਸ਼ੀ ਮੁਹਿੰਮ ਪਾਕਿਸਤਾਨ ਦੀ ਆਈ.ਐਸ.ਆਈ ਦੇ ਸਮਰਥਨ ਨਾਲ ਚਲਾਈ ਹੈ। ਇਸ ਨੂੰ 2014 ਵਿੱਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਹਿੱਤਾਂ ਦੇ ਮੱਦੇਨਜ਼ਰ ਐਸ.ਐਫ.ਜੇ. ਅਤੇ ਇਸ ਨਾਲ ਸਬੰਧਤਾਂ ਵਿਰੁੱਧ ਜ਼ੋਰਦਾਰ ਹਮਲਾ ਕਰਨ ਲਈ ਕੇਂਦਰ ਸਰਕਾਰ ਵੱਲੋਂ ਵਧੇਰੇ ਸਰਗਰਮੀ ਨਾਲ ਕਦਮ ਚੁੱਕੇ ਜਾਣੇ ਚਾਹੀਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਐਸ.ਐਫ.ਜੇ ਦੀਆਂ ਗੈਰ-ਕਾਨੂੰਨੀ ਸਰਗਰਮੀਆਂ ਨੇ ਦੇਸ਼ ਨੂੰ ਵੱਡੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੇ ਇਸ ਸੰਗਠਨ ਵਿਰੁੱਧ ਤਿੱਖੀ ਜੰਗ ਦਾ ਸੱਦਾ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਦੌਰਾਨ ਐਸ.ਐਫ.ਜੇ ਨੇ ਪੰਜਾਬ ਵਿੱਚ ਅੱਗਜਨੀ ਅਤੇ ਹਿੰਸਾ ਦੀਆਂ ਕਾਰਵਾਈਆਂ ਕਰਵਾਉਣ ਲਈ ਕੁਝ ਗਰੀਬ ਅਤੇ ਭੋਲੇ ਭਾਲੇ ਨੌਜਵਾਨਾਂ ਨੂੰ ਗਰਮਖਿਆਲੀ ਬਨਣ ਵਾਸਤੇ ਪ੍ਰੇਰਿਆ ਅਤੇ ਫੰਡ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਇਸ ਸੰਗਠਨ ਨੇ ਪੰਜਾਬ ਵਿੱਚ ਗੈਂਗਸਟਰਾਂ ‘ਤੇ ਅਤੇ ਗਰਮਖਿਆਲੀਆਂ ਦਾ ਸਮੱਰਥਨ ਪ੍ਰਾਪਤ ਕਰਨ ਦੀਆਂ ਵੀ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ‘ਪੰਜਾਬ ਦੀ ਆਜ਼ਾਦੀ’ ਦੀ ਲੜਾਈ ਲਈ ਨਸੀਹਤ ਦਿੱਤੀ।

ਕੈਪਟਨ ਅਮਰਿੰਦਰ ਸਿੰਘ ਨੇ ਐਸ.ਐਫ.ਜੇ ਵੱਲੋਂ ਪੈਦਾ ਕੀਤੀ ਚਣੌਤੀ ਨੂੰ ਘਟਾਕੇ ਦੇਖਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਵੀ ਤਿੱਖੀ ਆਲੋਚਨਾ ਕੀਤੀ ਜੋ ਕਿ ਨਾ ਕੇਵਲ ਭਾਰਤ ਵਿੱਚ ਸਗੋਂ ਭਾਰਤ ਤੋਂ ਬਾਹਰ ਵੀ ਲਗਾਤਾਰ ਦਮ-ਖਮ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਾ ਪ੍ਰਗਟਾਵਾ 30 ਜੂਨ, 2019 ਦੀ ਘਟਨਾ ਤੋਂ ਵੀ ਹੋਇਆ ਹੈ।

ਇਸ ਦਿਨ ਇੰਗਲੈਂਡ ਆਧਾਰਿਤ ਐਸ.ਐਫ.ਜੇ ਦੇ ਕਾਰਕੁੰਨਾਂ ਨੇ ਐਜਬੈਸਟਨ (ਬਰਮਿੰਘਮ) ਵਿਖੇ ਭਾਰਤ ਤੇ ਇੰਗਲੈਂਡ ਵਿਚਕਾਰ ਵਿਸ਼ਵ ਕਪ ਕ੍ਰਿਕਟ ਮੈਚ ਮੌਕੇ ਵੀ ਇਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪੰਮਾ ਅਤੇ ਉਸਦੇ ਜੋਟੀਦਾਰ ਦੇ ਰਾਏਸ਼ੁਮਾਰੀ 2020 ਦੀ ਟੀ ਸ਼ਰਟ ਪਹਿਣੀ ਦੇਖੀ ਗਈ ਅਤੇ ਇਹ ਕ੍ਰਿਕਟ ਮੈਚ ਦੌਰਾਨ ਖਾਲਿਸਤਾਨ ਦਾ ਝੰਡਾ ਲਹਿਰਾ ਰਹੇ ਸਨ।

ਪਿਛਲੇ ਹਫਤੇ ਐਸ.ਐਫ.ਜੇ ਨੇ ਸੋਸ਼ਲ ਮੀਡਾਆ ‘ਤੇ ਇਕ ਪੋਸਟਰ ਵੀ ਪਾਇਆ ਜੋ ਕਿ ਉੱਚ ਦਰਜੇ ਦਾ ਵੱਖਵਾਦੀ ਸੀ ਜਿਸ ਵਿੱਚ ਖਾਲਿਸਤਾਨੀ ਪੱਖੀ ਸਿੱਖਾਂ ਨੂੰ 9 ਜੁਲਾਈ, 2019 ਦੇ ਨਿਉਜੀਲੈਂਡ ਵਿਰੁੱਧ ਸੈਮੀਫਾਈਨਲ ਦੌਰਾਨ ਭਾਰਤੀ ਟੀਮ ਦੀ ਤੋਏ-ਤੋਏ ਕਰਨ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾਵਾਂ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਆਗੂਆਂ ਦੇ ਸਟੈਂਡ ਦੀ ਖਿੱਲੀ ਉਡਾਉਂਦੀਆਂ ਹਨ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਆਪਣੇ ਬਿਆਨ ਵਿੱਚ ਇਹ ਕਿਹਾ ਹੈ ਕਿ ਖਾਲਿਸਤਾਨ ਦਾ ਕੋਈ ਮੁੱਦਾ ਨਹੀਂ ਹੈ।

ਇਸ ਮੁੱਦੇ ਦੀ ਗੰਭੀਰਤਾ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਇਸ ਮੁੱਦੇ ‘ਤੇ ਸੌੜੀ ਸਿਆਸਤ ਕਰਨ ਤੋਂ ਦੂਰ ਰਹਿਣ ਅਤੇ ਇਸ ਸਮੱਸਿਆ ਨਾਲ ਲੜਨ ਅਤੇ ਇਸ ਦੇ ਖਾਤਮੇ ਲਈ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਾਣਬੁਝ ਕੇ ਐਸ.ਐਫ.ਜੇ ਦੇ ਏਜੰਡੇ ਨੂੰ ਅਣਗੌਲ ਰਹੇ ਹਨ। ਇਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਅਤੇ ਇਥੋਂ ਦੇ ਲੋਕਾਂ ਦੇ ਹਿੱਤਾਂ ਦਾ ਕੋਈ ਵੀ ਖਿਆਲ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਐਸ.ਐਫ.ਜੇ ਦੇ ਵੱਖਵਾਦੀ ਅਤੇ ਹਿੰਸਕ ਏਜੰਡੇ ਅਤੇ ਇਸ ਦੀ ਪਹੁੰਚ ਦੇ ਟਾਕਰੇ ਅਤੇ ਇਸ ਨੂੰ ਸਮਝਣ ਦੇ ਵਾਸਤੇ ਦੁਨੀਆ ਭਰ ਦੇ ਲੋਕਾਂ ਨੂੰ ਭਾਰਤ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਦੀ ਨਸੀਹਤ ਦਿੱਤੀ। ਇਹ ਸੰਗਠਨ ਬਹੁਤ ਚਲਾਕੀ ਭਰੇ ਢੰਗ ਨਾਲ ਇਸ ਨੂੰ ਗੈਰ-ਹਿੰਸਕ ਰਾਏਸ਼ੁਮਾਰੀ ਮੁਹਿੰਮ ਆਖ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਿਹੜਾ ਦੇਸ਼ ਭਾਰਤ ਨੂੰ ਅਸਥਿਰ ਕਰਨ ਲਈ ਐਸ.ਐਫ.ਜੇ. ਨੂੰ ਆਪਣੀ ਧਰਤੀ ਦੀ ਵਰਤੋਂ ਕਰਨ ਦੀ ਆਗਿਆ ਦੇਵੇਗਾ ਉਸ ਨੂੰ ਇਸ ਦੇ ਸਿੱਟੇ ਭੁਗਤਨੇ ਪੈਣਗੇ ਕਿਉਂਕਿ ਕੋਈ ਵੀ ਦੇਸ਼ ਦੂਜੇ ਵਿਰੁੱਧ ਅੱਤਵਾਦ ਜਾਂ ਹਿੰਸਾ ਲਈ ਸਮੱਰਥਨ ਦੇਕੇ ਇਸ ਦੇ ਪ੍ਰਭਾਵਾਂ ਤੋਂ ਬਚਿਆ ਨਹੀਂ ਰਹਿ ਸਕਦਾ।

ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਪੁਲਿਸ ਨੇ ਐਸ.ਐਫ.ਜੇ. ਦੇ ਆਗੂਆਂ/ਕਾਰਕੁੰਨਾਂ ਸਣੇ ਅਜਿਹੇ ਨੌਜਵਾਨਾਂ ਵਿਰੁੱਧ ਬਹੁਤ ਸਾਰੇ ਅਪਰਾਧਿਕ ਮਾਮਲੇ ਦਰਜ ਕੀਤੇ ਹਨ ਜੋ ਅਮਰੀਕਾ ਕੈਨੇਡਾ, ਇੰਗਲੈਂਡ, ਮਲੇਸ਼ੀਆ ਆਦਿ ਦਿਸ਼ਾ ਤੋਂ ਐਸ. ਐਫ.ਜੇ ਦੇ ਪ੍ਰਮੋਟਰਾਂ ਦੀ ਕਮਾਂਡ ਹੇਠ ਵੱਖ-ਵੱਖ ਦੇਸ਼ਾਂ ਤੋਂ ਕੰਮ ‘ਚ ਸਰਗਰਮ ਰਹੇ।

ਫੜੇ ਗਏ ਨੌਜਵਾਨਾਂ ਤੋਂ ਪ੍ਰਾਪਤ ਹੋਏ ਹਥਿਆਰਾਂ ਅਤੇ ਗੋਲੀ ਸਿੱਕੇ ਨਾਲ ਉਨ੍ਹਾਂ ਦਾ ਵੱਡਾ ਨੈਟਵਰਕ ਨੰਗਾ ਹੋਇਆ ਹੈ ਜੋ ਕਿ ਵੱਖ-ਵੱਖ ਦੱਖਣ-ਪੂਰਬੀ-ਪਛਮੀ ਅਤੇ ਇਥੋਂ ਤੱਕ ਕੀ ਅਫਰੀਕਨ ਦੇਸ਼ਾਂ ਤੱਕ ਫੈਲਿਆ ਹੋਇਆ ਹੈ। ਇਹ ਹਿੰਸਾ ਅਤੇ ਗੈਰ-ਕਾਨੂੰਨੀ ਕਾਰਵਾਈਆਂ ਲਈ ਫਾਇਨਾਂਸ ਕਰਨ ਵਾਸਤੇ ਹਵਾਲਾ ਜਾਂ ਐਮ.ਟੀ.ਟੀ.ਐਸ ਵਰਗੇ ਮਨੀਟਰਾਂਸਫਰ ਚੈਨਲਾਂ ਦੀ ਵਰਤੋਂ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਫ.ਜੇ ਨੇ ਸੂਬਾ ਸਰਕਾਰ ਵਿਰੁੱਧ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬਗਾਵਤ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ, ਜੇਲ੍ਹ ਮੰਤਰੀ, ਸਾਬਕਾ ਤੇ ਮੌਜੂਦਾ ਡੀ.ਜੀ.ਪੀਜ਼ ਸਣੇ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਭੈ-ਭੀਤ ਕਰਨ ਲਈ ਧਮਕੀਆਂ ਦਿੱਤੀਆਂ। ਇਸ ਤੋਂ ਇਲਾਵਾ ਇਸ ਸੰਗਠਨ ਨੇ ਸਮਰਪਿਤ ਸੋਸ਼ਲ ਮੀਡੀਆ ਮੁਹਿੰਮ ਦੇ ਰਾਹੀਂ ਸਿੱਖ ਫੌਜੀਆਂ ਨੂੰ ਆਪਣਾ ਨਿਸ਼ਾਨਾ ਬਨਾਇਆ ਅਤੇ ਉਨ੍ਹਾਂ ਨੂੰ ਫੌਜ ਛੱਡਣ ਅਤੇ ਰਾਏਸ਼ੁਮਾਰੀ 2020 ਲਈ ਕੰਮ ਕਰਨ ਦੇ ਵਾਸਤੇ ਉਕਸਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਐਸ.ਐਫ.ਜੇ ਅਤੇ ਕਸ਼ਮੀਰੀ ਵੱਖਵਾਦੀਆਂ ਵਿਚਕਾਰ ਮਜ਼ਬੂਤ ਗਠਜੋੜ ਵੇਖਣ ਨੂੰ ਮਿਲਿਆ ਹੈ ਜੋ ਕਿ ਪੰਜਾਬ ਨੂੰ ਪਾਰ ਪਾ ਕੇ ਦੇਸ਼ ਦੀ ਸੁਰੱਖਿਆ ਲਈ ਗੰਭੀਰ ਚੁਣੌਤੀ ਖੜ੍ਹੀ ਕਰਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਹੁਣ ਤੱਕ ਸਾਹਮਣੇ ਆਇਆ ਹੈ ਉਹ ਸਿਰਫ ਬਹੁਤ ਮਾਮੂਲੀ ਹੈ। ਐਸ.ਐਫ.ਜੇ ਦੀ ਬੀਮਾਰੀ ਬਹੁਤ ਡੁੰਘੀ ਧਸ ਗਈ ਹੈ ਅਤੇ ਰਾਸ਼ਟਰੀ ਅਖੰਡਤਾ ਖਾਸਕਰ ਪੰਜਾਬ ਦੀ ਸੁਰੱਖਿਆ ਦੇ ਮੱਦੇਨਜ਼ਰ ਇਸ ਨੂੰ ਜੜ੍ਹਾਂ ਤੋਂ ਖਤਮ ਕਰਨ ਦੀ ਜ਼ਰੂਰਤ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •