ਨਵੀਂ ਦਿੱਲੀ, 3 ਦਸੰਬਰ, 2019:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਦੇ ਲੜਕਿਆਂ ਵੱਲੋਂ ਪਾਕਿਸਤਾਨੀ ਅਤੇ ਭਾਰਤੀ ਲੜਕੀਆਂ ਨੂੰ ਲੁਭਾ ਕੇ ਆਪਣੇ ਚੁੰਗਲ ਵਿਚ ਫਸਾਉਣ ਅਤੇ ਧਰਮ ਪਰਿਵਰਤਨ ਦੀਆਂ ਕੋਸ਼ਿਸ਼ਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਕੱਲ ਦੀ ਇਕ ਖਬਰ ਸਾਹਮਣੇ ਆ ਰਹੀ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਇਕ ਸਿੱਖ ਲੜਕੀ ਤਿੰਨ ਦਿਨ ਤੋਂ ਪਾਕਿਸਤਾਨ ਵਿਚ ਲਾਪਤਾ ਹੈ ਪਰ ਇਹ ਖਬਰ ਬਿਲਕੁਲ ਝੂਠੀ ਹੈ।
ਉਹਨਾਂ ਕਿਹਾ ਕਿ ਹਰਿਆਣਾ ਦੇ ਕੈਥਲ ਦੀ ਰਹਿਣ ਵਾਲੀ ਇਕ ਸਿੱਖ ਲੜਕੀ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੇ ਇਕ ਲੜਕੇ ਦੇ ਸੰਪਰਕ ਵਿਚ ਸੀ ਜੋ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੀ ਤੇ ਲੜਕੇ ਨੂੰ ਮਿਲੀ ਪਰ ਮੌਕੇ ‘ਤੇ ਪਾਕਿਸਤਾਨ ਰੇਂਜਰਾਂ ਨੇ ਉਸਨੂੰ ਵੇਖ ਲਿਆ ਅਤੇ ਤੁਰੰਤ ਵਾਪਸ ਭਾਰਤ ਭੇਜ ਦਿੱਤਾ।
ਸ੍ਰੀ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਦੇ ਅੰਦਰ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਥੇ ਹਿੰਦੂ ਤੇ ਸਿੱਖ ਲੜਕੀਆਂ ਨੂੰ ਆਪਣੇ ਲੁਭਾਉਣ ਲਈ ਕੜਾ ਤੇ ਹੋਰ ਕੱਕਾਰ ਪਾ ਕੇ ਆਪਣੇ ਆਪ ਨੂੰ ਸਿੱਖ ਜਾਂ ਹਿੰਦੂ ਦੱਸ ਕੇ ਲੁਭਾਇਆ ਜਾਂਦਾ ਹੈ ਤੇ ਫਿਰ ਧਰਮ ਪਰਿਵਰਤਨ ਕਰਵਾ ਦਿੱਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਦੇ ਹੈਡ ਗ੍ਰੰਥੀ ਦੀ ਲੜਕੀ ਵੀ ਜਬਰੀ ਅਗਵਾ ਕੀਤੀ ਗਈ ਤੇ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਦੋ ਵਾਰ ਅਦਾਲਤੀ ਹੁਕਮਾਂ ਦੇ ਬਾਵਜੂਦ ਹਾਲੇ ਤੱਕ ਲੜਕੀ ਵਾਪਸ ਨਹੀਂ ਕੀਤੀ ਗਈ।
ਸ੍ਰੀ ਸਿਰਸਾ ਨੇ ਕਿਹਾ ਕਿ ਹਨੀ ਟਰੈਪ ਅੱਜ ਪਾਕਿਸਤਾਨ, ਅਮਰੀਕਾ ਤੇ ਭਾਰਤ ਵਿਚ ਬਹੁਤ ਵੱਡੀ ਪੱਧਰ ‘ਤੇ ਫੈਲ ਗਿਆ ਹੈ ਤੇ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਬਹੁਤ ਸ਼ਰਾਰਤੀ ਲੜਕੇ ਲੜਕੀਆਂ ਨੂੰ ਆਪਣੇ ਚੁੰਗਲ ਵਿਚ ਫਸਾ ਲੈਂਦੇ ਹਨ, ਇਸ ਰੁਝਾਨ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਤੇ ਸਾਨੂੰ ਸਭ ਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ ਤਾਂ ਕਿ ਸਾਡੇ ਪਰਿਵਾਰ ਦੀਆਂ ਲੜਕੀਆਂ ਨਾਲ ਅਜਿਹੀ ਕੋਈ ਮੰਦਭਾਗੀ ਘਟਨਾ ਨਾ ਵਾਪਰ ਸਕੇ।