ਸਿਰਸਾ ਵੱਲੋਂ ਜੈਸ਼ੰਕਰ ਨੂੰ ਮੈਡਰਿਡ ਹਵਾਈ ਅੱਡੇ ‘ਤੇ ਸਿੱਖਾਂ ਨਾਲ ਹੁੰਦੇ ਵਿਤਕਰੇ ਦਾ ਮਾਮਲਾ ਵਿਸ਼ਵ ਪੱਧਰ ‘ਤੇ ਚੁੱਕਣ ਦੀ ਅਪੀਲ

ਨਵੀਂ ਦਿੱਲੀ, 27 ਨਵੰਬਰ, 2019:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਸ੍ਰੀ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਸਪੇਨ ਦੇ ਮੈਡਰਿਡ ਹਵਾਈ ਅੱਡੇ ‘ਤੇ ਸਿੱਖਾਂ ਨਾਲ ਹੁੰਦੇ ਵਿਤਕਰੇ ਦਾ ਮਾਮਲਾ ਵਿਸ਼ਵ ਪੱਧਰ ‘ਤੇ ਚੁੱਕਿਆ ਜਾਵੇ।

ਵਿਦੇਸ਼ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਤਾਜ਼ਾ ਮਾਮਲਾ ਏਅਰ ਇੰਡੀਆ ਦੇ ਅਧਿਕਾਰੀ ਕੈਪਟਨ ਸਿਮਰਨਜੀਤ ਸਿੰਘ ਗੁਜਰਾਲ ਦਾ ਹੈ ਜਿਹਨਾਂ ਨਾਲ ਮੈਡਰਿਡ ਹਵਾਈ ਅੱਡੇ ‘ਤੇ ਵਿਤਕਰਾ ਕੀਤਾ ਗਿਆ। ਉਹਨਾਂ ਕਿਹਾ ਕਿ ਅਫਸਰ ਨਾਲ ਸਿਰਫ ਇਸ ਕਰ ਕੇ ਨਸਲੀ ਵਿਤਕਰਾ ਕੀਤਾ ਗਿਆ ਕਿਉਂਕਿ ਉਹਨਾਂ ਦਸਤਾਰ ਸਜਾਈ ਹੋਈ ਸੀ।

ਉਹਨਾਂ ਕਿਹਾ ਕਿ ਮੈਡਰਿਡ ਹਵਾਈ ਅੱਡੇ ‘ਤੇ ਅਧਿਕਾਰੀਆਂ ਨੇ ਉਸਨੂੰ ਦਸਤਾਰ ਲਾਹੁਣ ਲਈ ਆਖਿਆ ਤੇ ਦਸਤਾਰ ਦੀ ਤਲਾਸ਼ੀ ਲੈਣ ਦੀ ਗੱਲ ਕੀਤੀ ਜੋ ਕਿ ਇਕ ਸਿੱਖ ਦੀ ਨਜ਼ਰ ਵਿਚ ਅਪਰਾਧ ਹੈ। ਉਹਨਾਂ ਕਿਹਾ ਕਿ ਇਹ ਸਭ ਕੁਝ ਉਦੋਂ ਹੋਇਆ ਜਦੋਂ ਕੈਪਟਨ ਗੁਜਰਾਲ ਨੇ ਮੈਟਨ ਡਿਟੈਕਟਰ ਟੈਸਟ ਪਾਸ ਕਰ ਲਿਆ ਸੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਇਹ ਮੈਡਰਿਡ ਹਵਾਈ ਅੱਡੇ ‘ਤੇ ਸਿੱਖਾਂ ਨਾਲ ਨਸਲੀ ਵਿਤਕਰੇ ਅਤੇ ਧੱਕੇਸ਼ਾਹੀ ਦਾ ਕੇਸ ਹੈ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪਿਛਲੇ ਸਮੇਂ ਵਿਚ ਵੀ ਹੁੰਦੀਆਂ ਰਹੀਆਂ ਹਨ ਜਦੋਂ ਸਿੱਖਾਂ ਨੂੰ ਦਸਤਾਰ ਹਟਾਉਣ ਲਈ ਕਿਹਾ ਗਿਆ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਿੱਖਾਂ ਦੀ ਦਸਤਾਰ ਨੂੰ ਲੈ ਕੇ ਬਦਸਲੂਕੀ ਕੀਤੀ।

ਉਹਨਾਂ ਕਿਹਾ ਕਿ ਮੰਤਰੀ ਨੂੰ ਇਸ ਗੱਲ ਦਾ ਪਤਾ ਹੈ ਕਿ ਸਿੱਖਾਂ ਲਈ ਦਸਤਾਰ ਉਹਨਾਂ ਦੀ ਪਛਾਣ ਦਾ ਚਿੰਨ• ਹੈ ਅਤੇ ਵਿਸ਼ਵ ਪੱਧਰ ‘ਤੇ ਇਸ ਗੱਲ ਲਈ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ ਕਿ ਸਿੱਖ ਆਪਣੀ ਦਸਤਾਰ ਨੂੰ ਲੈ ਕੇ ਕਿੰਨੇ ਸੰਵੇਦਨਸ਼ੀਲ ਹਨ।

ਉਹਨਾਂ ਨੇ ਸ੍ਰੀ ਜੈ ਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਵਿਸ਼ਵ ਪੱਧਰ ‘ਤੇ ਅਤੇ ਖਾਸ ਤੌਰ ‘ਤੇ ਸਪੇਨ ਸਰਕਾਰ ਕੋਲ ਇਹ ਮਾਮਲਾ ਉਠਾਉਣ ਕਿ ਮੈਡਰਿਡ ਹਵਾਈ ਅੱਡੇ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਅਧਿਕਾਰੀ ਧਰਮ ਬਾਰੇ ਜਾਣਕਾਰੀ ਨਾ ਹੋਣ ਦਾ ਲਾਹਾ ਗਲਤ ਢੰਗ ਨਾਲ ਲੈ ਰਹੇ ਹਨ।

Share News / Article

Yes Punjab - TOP STORIES