ਨਵੀਂ ਦਿੱਲੀ, 8 ਜਨਵਰੀ, 2020:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਅਪੀਲ ਕੀਤੀ ਹੈ ਕਿ ਉਹ ਨਾਬਾਲਗ ਸਿੱਖ ਲੜਕੀ ਨਾਲ ਛੇੜਛਾੜ ਦੇ ਦੋਸ਼ੀ ਡੀ ਆਈ ਜੀ ਦੀ ਗ੍ਰਿਫਤਾਰੀ ਲਈ ਹੁਕਮ ਜਾਰੀ ਕਰਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਵਾਰ ਵਾਰ ਛੇੜਛਾੜ ਕੀਤੇ ਜਾਣ ਤੋਂ ਦੁਖੀ ਲੜਕੀ ਨੂੰ ਆਤਮ ਹੱਤਿਆ ਕਰਨ ਦੀ ਸੋਚਣ ਲਈ ਮਜਬੂਰ ਹੋਣਾ ਪਿਆ ਤੇ ਉਹ ਘਰ ਛੱਡ ਕੇ ਜਾਣ ਤੋਂ ਪਹਿਲਾਂ ਇਕ ਸੁਸਾਇਟੀ ਨੋਟ ਵੀ ਛੱਡ ਗਈ ਹੈ। ਉਹਨਾਂ ਕਿਹਾ ਕਿ ਜੋ ਵਿਅਕਤੀ ਲੜਕੀਆਂ ਦਾ ਮਾਣ ਸਤਿਕਾਰ ਨਹੀਂ ਕਰਦੇ, ਉਹਨਾਂ ਨੂੰ ਅਹੁਦਿਆਂ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਜਿਸ ਡਰਾਈਵਰ ਨੇ ਮੁੱਖ ਮੰਤਰੀ ਦਾ ਨਾਂ ਲੈ ਕੇ ਪਰਿਵਾਰ ਨੂੰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਹੈ, ਉਸਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਾਸਤੇ ਇਕ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਗਠਿਤ ਕੀਤੀ ਜਾਵੇ। ਉਹਨਾਂ ਕਿਹਾ ਕਿ ਭਾਵੇਂ ਡੀ ਆਈ ਜੀ ਦੇ ਖਿਲਾਫ ਕੇਸ ਦਰਜ ਹੋ ਗਿਆ ਹੈ ਪਰ ਉਸਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਉਹ ਅਗਾਉਂ ਜ਼ਮਾਨਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਲੜਕੀ ਨਾਲ ਉਸਦੇ ਜਨਮ ਦਿਨ ‘ਤੇ ਛੇੜਛਾੜ ਕਰਨ ਤੇ ਫਿਰ ਉਸਦਾ ਪਿੱਛਾ ਕਰਨ ਦੇ ਦੋਸ਼ੀ ਡੀ ਆਈ ਜੀ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਡੀ ਆਈ ਜੀ ਵੱਲੋਂ ਵਾਰ ਵਾਰ ਉਸ ਨਾਲ ਛੇੜਛਾੜ ਕੀਤੇ ਜਾਣ ਦੇ ਯਤਨਾਂ ਕਾਰਨ ਉਹ ਆਤਮ ਹੱਤਿਆ ਦੇ ਰਾਹ ਪਈ ਹੈ। ਉਹਨਾਂ ਕਿਹਾ ਕਿ ਇਹ ਘਟਨਾ ਉਦੋਂ ਸਾਹਮਣੇ ਆਈ ਹੈ ਜਦੋਂ ਨਿਰਭਿਆ ਨਾਲ ਬਲਾਤਕਾਰ ਦੇ ਚਾਰੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣ ਦੇ ਹੁਕਮ ਜਾਰੀ ਹੋਏ ਹਨ।
ਉਹਨਾਂ ਕਿਹਾ ਕਿ ਇਹ ਵਿਅਕਤੀ ਜਿਹਨਾਂ ਦੇ ਮਨਾਂ ਵਿਚ ਲੜਕੀਆਂ ਪ੍ਰਤੀ ਕੋਈ ਮਾਣ ਸਤਿਕਾਰ ਨਹੀਂ ਹੈ, ਨੂੰ ਜੀਵਨ ਭਰ ਯਾਦ ਰਹਿਣ ਵਾਲਾ ਸਬਕ ਸਿਖਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਲੜਕੀ ਦਾ ਕੇਸ ਵੀ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਤੇ ਡੀ ਆਈਜ ੀ ਤੇ ਡਰਾਈਵਰ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਅਜਿਹੀ ਗਲਤੀ ਕਰਨ ਦੀ ਜੁਰੱਅਤ ਨਾ ਕਰ ਸਕੇ।