ਨਵੀਂ ਦਿੱਲੀ, 5 ਮਾਰਚ, 2020 –
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਸ੍ਰ ਹਰਮੀਤ ਸਿੰਘ ਕਾਲਕਾ ਵੱਲੋਂ ਉਹਨਾਂ ਨੂੰ ਮਿਲ ਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਦੇ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਤੇ ਤੱਥ ਸੌਂਪੇ ਗਏ।
ਉਹਨਾਂ ਨੂੰ ਮਿਲਣ ਮਗਰੋਂ ਮੁਲਾਕਾਤ ਮਗਰੋਂ ਗੱਲਬਾਤ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਅਸੀਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੁਕਮ ਅਨੁਸਾਰ ਉਹਨਾਂ ਨੂੰ ਸਕੂਲ ਨਾਲ ਸਬੰਧਤ ਸਾਰੀ ਜਾਣਕਾਰੀ ਲਿਖਤੀ ਤੌਰ ‘ਤੇ ਸੌਂਪ ਦਿੱਤੀ ਹੈ। ਉਹਨਾਂ ਦੱਸਿਆ ਕਿ ਇਹ ਸਕੂਲ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਿਆ ਹੈ ਤੇ ਇਸ ਨਾਲ ਸਬੰਧਤ ਵਿਵਾਦ ਖਤਮ ਹੋ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਇਹ ਦੱਸਿਆ ਹੈ ਕਿ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਖੁਦ ਅਦਾਲਤ ਵਿਚ ਇਹ ਦੱਸਿਆ ਕਿ ਇਹ ਸਕੂਲ ਕਮੇਟੀ ਦਾ ਹੈ, ਸੀ ਤੇ ਰਹੇਗਾ।
ਉਹਨਾਂ ਦੱਸਿਆ ਕਿ ਜਥੇਦਾਰ ਹਿੱਤ ਨੇ ਅਦਾਲਤ ਵਿਚ ਇਹ ਵੀ ਦੱਸਿਆ ਕਿ ਸਕੂਲ ਨੂੰ ਚਲਾਉਣ ਵਾਲੀ ਸੁੱਖੋ ਖਾਲਸਾ ਸੁਸਾਇਟੀ ਦੇ ਮੈਂਬਰ ਹੁਣ ਕਮੇਟੀ ਦੇ ਐਗਜ਼ੈਕਟਿਵ ਬੋਰਡ ਦੇ ਮੈਂਬਰ ਹਨ ਤੇ ਇਹਨਾਂ ਦੀ ਪ੍ਰਵਾਨਗੀ ਬਗੈਰ ਸੁਸਾਇਟੀ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਜਾ ਸਕੇਗੀ। ਉਹਨਾਂ ਦੱਸਿਆ ਕਿ ਜਥੇਦਾਰ ਹਿੱਤ ਦੇ ਬਿਆਨ ਤੋਂ ਬਾਅਦ ਹੁਣ ਸਾਰੇ ਵਿਵਾਦ ਨੂੰ ਵਿਰਾਮ ਲੱਗ ਗਿਆ ਹੈ।
ਸ੍ਰੀ ਸਿਰਸਾ ਨੇ ਦੱਸਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਹੁਤ ਹੀ ਨਿਮਰਤਾ ਨਾਲ ਸਾਡੀ ਗੱਲਬਾਤ ਨੂੰ ਸੁਣਿਆ ਤੇ ਦਸਤਾਵੇਜ਼ ਪ੍ਰਾਪਤ ਕਰਦਿਆਂ ਆਖਿਆ ਕਿ ਉਹ ਆਪਣੇ ਪੱਧਰ ‘ਤੇ ਸੋਚ ਵਿਚਾਰ ਕਰਕੇ ਇਸ ਮਾਮਲੇ ਵਿਚ ਕੋਈ ਫੈਸਲਾ ਸੁਣਾਉਣਗੇ। ਉਹਨਾਂ ਦੱਸਿਆ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਦਾਇਤ ਕੀਤੀ ਹੈ ਕਿ ਕੋਈ ਵੀ ਵਿਅਕਤੀ ਹੁਣ ਕਿਸੇ ਵੀ ਤਰ•ਾਂ ਦੀ ਦੂਸ਼ਣਬਾਜ਼ੀ ਵਾਲੀ ਬਿਆਨਬਾਜ਼ੀ ਨਾ ਕਰੇ ਤੇ ਸਾਰੀ ਕੌਮ ਦੀ ਇਕਜੁੱਟਤਾ ਦਾ ਸੰਦੇਸ਼ ਦੁਨੀਆ ਵਿਚ ਜਾਣਾ ਚਾਹੀਦਾ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਹੁਕਮ ਨੂੰ ਸਿਰ ਮੱਥੇ ਮੰਨੇ ਹੋਏ ਅਸੀਂ ਕੋਈ ਵੀ ਅਜਿਹਾ ਬਿਆਨ ਨਹੀਂ ਦੇਵਾਂਗੇ ਜਿਸ ਨਾਲ ਉਹਨਾਂ ਦੇ ਹੁਕਮ ਦੀ ਅਦੂਲੀ ਹੁੰਦੀ ਹੋਵੇ।
ਜਥੇਦਾਰ ਸਾਹਿਬ ਨਾਲ ਮੁਲਾਕਾਤ ਤੋਂ ਬਾਅਦ ਸ੍ਰੀ ਸਿਰਸਾ ਤੇ ਹੋਰ ਮੈਂਬਰਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਵਿਵਾਦ ਖਤਮ ਹੋਣ ‘ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਸ੍ਰ ਹਰਮੀਤ ਸਿੰਘ ਕਾਲਕਾ, ਸੀਨੀਅਰ ਮੀਤ ਪ੍ਰਧਾਨ ਬੀਬ ਰਣਜੀਤ ਕੌਰ ਤੇ ਹੋਰ ਮੈਂਬਰ ਹਾਜ਼ਰ ਸਨ।