ਸਿਮਰਜੀਤ ਬੈਂਸ ਦੀ ਜ਼ਮਾਨਤ ਅਰਜ਼ੀ ਰੱਦ, ਡੀ.ਸੀ. ਨਾਲ ਦੁਰਵਿਹਾਰ ਮਾਮਲੇ ’ਚ ਦਰਜ ਹੋਇਆ ਸੀ ਕੇਸ

ਯੈੱਸ ਪੰਜਾਬ
ਗੁਰਦਾਸਪੁਰ, 16 ਸਤੰਬਰ, 2019:

ਗੁਰਦਾਸਪੁਰ ਦੇ ਡੀ.ਸੀ. ਸ੍ਰੀ ਵਿਪੁਲ ਉੱਜਵਲ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਬੋਲ ਕੁਬੋਲ ਕਰਨ ਸੰਬੰਧੀ ਐਸ.ਡੀ.ਐਮ.ਦੀ ਸ਼ਿਕਾਇਤ ’ਤੇ ਵਿਧਾਇਕ ਸ: ਸਿਮਰਜੀਤ ਸਿੰਘ ਬੈਂਸ ਦੇ ਖਿਲਾਫ਼ ਦਰਜ ਕੀਤੇ ਗਏ ਕੇਸ ਵਿਚ ਸ: ਬੈਂਸ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ।

ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਗੁਰਦਾਸਪੁਰ ਵੱਲੋਂ ਅੱਜ ਸ:ਬੈਂਸ ਦੀ ਜ਼ਮਾਨਤ ਸੰਬੰਧੀ ਅਰਜ਼ੀ ਰੱਦ ਕਰ ਦੇਣ ਨਾਲ ਸ:ਬੈਂਸ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਆਤਮ ਨਗਰ, ਲੁਧਿਆਣਾ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ: ਸਿਮਰਜੀਤ ਸਿੰਘ ਬੈਂਸ ਵੱਲੋਂ ਡੀ.ਸੀ. ਨਾਲ ਕੀਤੇ ਗਏ ਦੁਰਵਿਹਾਰ ਸੰਬੰਧੀ ਥਾਣਾ ਸਿਟੀ ਬਟਾਲਾ ਵਿਖ਼ੇ ਧਾਰਾ 186, 353, 451, 147, 177, 505, 506 ਆਈ.ਪੀ.ਸੀ.ਤਹਿਤ ਦਰਜ ਕੀਤਾ ਗਿਆ ਸੀ।

ਸ: ਬੈਂਸ ਬਟਾਲਾ ਵਿਚ ਹੋਏ ਪਟਾਕਾ ਫ਼ੈਕਟਰੀ ਧਮਾਕੇ ਦੌਰਾਨ ਮਾਰੇ ਗਏ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਪੁੱਜੇ ਸ: ਬੈਂਸ ਜਦ ਕੁਝ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਡੀ.ਸੀ. ਦਫ਼ਤਰ ਪੁੱਜੇ ਸਨ ਤਾਂ ਉਨ੍ਹਾਂ ਦੀ ਡੀ.ਸੀ. ਸ੍ਰੀ ਵਿਪੁਲ ਉੱਜਵਲ ਨਾਲ ਤਕਰਾਰ ਹੋ ਗਈ ਸੀ ਜਿਸ ਦਾ ਵੀਡੀਉ ਵਾਇਰਲ ਹੋ ਗਿਆ ਸੀ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਸੰਬੰਧ ਵਿਚ ਇਕ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਨੇ ਹੀ ਇਹ ਵਾਇਰਲ ਵੀਡੀਉ ਵੇਖ਼ ਕੇ ਸ: ਬੈਂਸ ਦੇ ਖਿਲਾਫ਼ ਕੇਸ ਦਰਜ ਕਰਨ ਦੀਆਂ ਹਦਾਇਤਾ ਖ਼ੁਦ ਦਿੱਤੀਆਂ ਸਨ।