ਸਾਰਾਗੜ੍ਹੀ ਮੈਮੋਰੀਅਲ ਲਈ ਸਰਕਾਰ ਵੱਲੋਂ 1 ਕਰੋੜ ਦੀ ਗ੍ਰਾਂਟ ਜਾਰੀ, 2 ਕਰੋੜ ਟੂਰਿਸਟ ਫੈਸੀਲੀਟੇਸ਼ਨ ਸੈਂਟਰ ’ਤੇ ਖ਼ਰਚ ਹੋਣਗੇ: ਬਲਬੀਰ ਸਿੱਧੂ

ਫ਼ਿਰੋਜ਼ਪੁਰ, 12 ਸਤੰਬਰ, 2019 –

ਦੇਸ਼ ਦੀਆਂ ਦਸ ਸਭ ਤੋਂ ਮਹੱਤਵਪੂਰਨ ਲੜਾਈਆਂ ਵਿਚ ਸ਼ਾਮਿਲ ਸਾਰਾਗੜ੍ਹੀ ਦੀ ਲੜਾਈ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਰੈਜੀਮੈਂਟ ਦੇ ਬਹਾਦਰ ਸੂਰਬੀਰਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਇਹ ਕੁਰਬਾਨੀ ਸਾਡੇ ਬੱਚਿਆਂ ਨੂੰ ਦੇਸ਼ ਸੇਵਾ ਲਈ ਅੱਗੇ ਆਉਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀਰਵਾਰ ਨੂੰ ਫ਼ਿਰੋਜ਼ਪੁਰ ਵਿਚ ਸਾਰਾਗੜ੍ਹੀ ਦਿਵਸ ‘ਤੇ ਆਯੋਜਿਤ ਰਾਜ ਪੱਧਰੀ ਸਮਾਗਮ ਦੀ ਅਗਵਾਈ ਕਰਦੇ ਹੋਏ ਕੀਤਾ।

ਉਨ੍ਹਾਂ ਨੇ ਇਸ ਦੌਰਾਨ ਸਾਰਾਗੜ੍ਹੀ ਮੈਮੋਰੀਅਲ ਦੇ ਸੁੰਦਰੀਕਰਨ, ਵਿਕਾਸ ਅਤੇ ਨਵੀਨੀਕਰਨ ਲਈ 1 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕਰਦੇ ਹੋਏ ਇਸ ਦਾ ਅਧਿਕਾਰਤ ਪੱਤਰ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੂੰ ਸੌਂਪਿਆ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ‘ਤੇ ਇਸ ਸਮਾਗਮ ਨੂੰ ਰਾਜ ਪੱਧਰ ‘ਤੇ ਮਨਾਉਣ ਲਈ ਫ਼ੈਸਲਾ ਕੀਤਾ ਗਿਆ ਸੀ ਤਾਂ ਜੋ ਸਾਡੇ ਬਹਾਦਰ ਸੂਰਬੀਰਾਂ ਦੀ ਸ਼ਹਾਦਤ ਬਾਰੇ ਪੂਰਾ ਸੰਸਾਰ ਜਾਣ ਸਕੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਸਾਰਾਗੜ੍ਹੀ ਮੈਮੋਰੀਅਲ ‘ਤੇ ਇੰਟਰਪ੍ਰੇਟਸ਼ਨ ਸੈਂਟਰ ਤੇ ਆਧਾਰਿਤ ਇੱਕ ਟੂਰਿਸਟ ਫੈਸ਼ਲੀਟੇਸ਼ਨ ਸੈਂਟਰ ਸਥਾਪਿਤ ਕੀਤਾ ਜਾਵੇਗਾ, ਜਿਸ ‘ਤੇ 2 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਕੀਤੀ ਜਾਵੇਗੀ। ਇਸ ਤਰ੍ਹਾਂ ਫ਼ਿਰੋਜ਼ਪੁਰ ਦੇ ਇਤਿਹਾਸਕ ਹੁਸੈਨੀਵਾਲਾ ਰੇਲਵੇ ਸਟੇਸ਼ਨ ਦਾ ਵੀ ਆਧੁਨਿਕੀਕਰਨ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਫ਼ੈਸਲਾ ਲਿਆ ਗਿਆ ਹੈ ਅਤੇ ਜਲਦ ਹੀ ਇਨ੍ਹਾਂ ਕੰਮਾਂ ਲਈ ਗ੍ਰਾਂਟ ਜਾਰੀ ਕਰ ਦਿੱਤੀ ਜਾਵੇਗੀ।

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਮੁੱਖ ਮਹਿਮਾਨ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੂਰੇ ਸੰਸਾਰ ਵਿਚ ਇਸ ਤਰ੍ਹਾਂ ਦੀ ਬਹਾਦਰੀ ਦੀ ਮਿਸਾਲ ਕਿੱਧਰੇ ਦੇਖਣ ਨੂੰ ਨਹੀਂ ਮਿਲਦੀ, ਜਿੱਥੇ ਸਿਰਫ਼ 21 ਵੀਰ ਜਵਾਨਾਂ ਨੇ ਦੁਸ਼ਮਣ ਦਲ ਦੀ 10 ਹਜ਼ਾਰ ਦੀ ਤਾਦਾਦ ਵਾਲੀ ਟੁਕੜੀ ਦਾ ਏਨੀ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ। ਇਹ ਲੜਾਈ ਨਾ ਸਿਰਫ਼ ਭਾਰਤ ਬਲਕਿ ਦੁਨੀਆ ਦੀਆਂ ਇਤਿਹਾਸਕ ਲੜਾਈਆਂ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਹੈ।

ਪ੍ਰੋਗਰਾਮ ਦੌਰਾਨ ਉਨ੍ਹਾਂ ਸਾਰਾਗੜ੍ਹੀ ਦੀ ਲੜਾਈ ਵਿਚ ਸ਼ਹੀਦ ਹੋਏ 21 ਜਵਾਨਾਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਬਾਅਦ ਕਾਰਗਿਲ ਯੁੱਧ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਟ ਕੀਤੇ।

ਸਮਾਗਮ ਦੇ ਅੰਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੈਪਟਨ ਸਰਕਾਰ ਵਚਨਬੱਧ ਹਨ ਅਤੇ ਇਸ ਮੰਤਵ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਫ਼ਿਰੋਜ਼ਪੁਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਅਤੇ ਗਾਇਨੀ ਵਾਰਡ ਦੇ ਆਧੁਨਿਕੀਕਰਨ ਨੂੰ ਲੈ ਕੇ ਕੀਤੇ ਗਏ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਬਾਕੀ ਸਾਰੇ ਵਾਰਡਾਂ ਨੂੰ ਵੀ ਨਵੇਂ ਸਿਰੇ ਤੋਂ ਤਿਆਰ ਕਰਕੇ ਫ਼ਿਰੋਜ਼ਪੁਰ ਨੂੰ ਮਾਡਲ ਸਿਵਲ ਹਸਪਤਾਲ ਵਜੋਂ ਵਿਕਸਿਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਡਾਕਟਰਾਂ ਦੀ ਕਮੀ ਦੂਰ ਕਰਨ ਲਈ ਉੱਚ ਪੱਧਰੀ ਯਤਨ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਸਰਜਨ ਅਤੇ ਹੋਰ ਮਾਹਿਰ ਡਾਕਟਰਾਂ ਦੀ ਕਮੀ ਦੂਰ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦੇ ਪੀ.ਜੀ.ਆਈ. ਸੈਂਟਰ ਨੂੰ ਲੈ ਕੇ ਰਾਜ ਸਰਕਾਰ ਵੱਲੋਂ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ। ਪਿਛਲੀ ਸਰਕਾਰ ਦੀ ਅਣਦੇਖੀ ਦੇ ਕਾਰਨ ਇਸ ਕੰਮ ਵਿਚ ਦੇਰੀ ਹੋ ਗਈ ਸੀ, ਪਰ ਜਲਦੀ ਹੀ ਫ਼ਿਰੋਜ਼ਪੁਰ ਵਿਚ ਪੀ.ਜੀ.ਆਈ. ਸੈਂਟਰ ਸ਼ੁਰੂ ਕਰਵਾ ਦਿੱਤਾ ਜਾਵੇਗਾ।

ਕੇਂਦਰ ਸਰਕਾਰ ਵੱਲੋਂ ਮੋਟਰ ਵਹੀਕਲ ਐਕਟ ਵਿਚ ਸੋਧ ਦੇ ਬਾਅਦ ਵਧਾਏ ਗਏ ਟ੍ਰੈਫਿਕ ਜੁਰਮਾਨੇ ‘ਤੇ ਸਿਹਤ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਕਾਫ਼ੀ ਗੰਭੀਰ ਹੈ ਅਤੇ ਇਸ ‘ਤੇ ਪੂਰੀ ਤਰ੍ਹਾਂ ਸੋਚ-ਵਿਚਾਰ ਕਰਨ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ। ਸਰਕਾਰ ਜਲਦਬਾਜ਼ੀ ਵਿਚ ਕੋਈ ਵੀ ਇੱਕ ਤਰਫ਼ਾਂ ਫ਼ੈਸਲਾ ਨਹੀਂ ਲਵੇਗੀ। ਸਿਹਤ ਮੰਤਰੀ ਨੇ ਪ੍ਰੋਗਰਾਮ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਵੱਖ-ਵੱਖ ਸਕੀਮਾਂ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਹਰ ਨਾਗਰਿਕ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਤਾਂ ਕਿ ਕੋਈ ਵਿਅਕਤੀ ਇਨ੍ਹਾਂ ਸਕੀਮਾਂ ਤੋਂ ਵਾਂਝਾ ਨਾ ਰਹੇ।

ਸਮਾਗਮ ਵਿਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਸਾਰਾਗੜ੍ਹੀ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਰਾਜ ਪੱਧਰ ਤੇ ਮਨਾਉਣ ਦਾ ਫ਼ੈਸਲਾ ਲਿਆ ਗਿਆ ਸੀ, ਇਸ ਨਾਲ ਇਸ ਇਤਿਹਾਸਕ ਲੜਾਈ ਬਾਰੇ ਦੇਸ਼-ਦੁਨੀਆਂ ਦੇ ਲੋਕ ਜਾਣੂ ਹੋ ਸਕਣਗੇ। ਉਨ੍ਹਾਂ ਕਿਹਾ ਕਿ ਸਾਡੀਆਂ ਨਵੀਆਂ ਪੀੜ੍ਹੀਆਂ ਨੂੰ ਇਨ੍ਹਾਂ ਸ਼ਹੀਦਾਂ ਤੋਂ ਪ੍ਰੇਰਨਾ ਲੈ ਕੇ ਦੇਸ਼ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਮੁੱਖ ਮਹਿਮਾਨ ਅਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਵਿਧਾਇਕ ਸ. ਕੁਲਬੀਰ ਸਿੰਘ ਜ਼ੀਰਾ, ਸਾਰਾਗੜ੍ਹੀ ਮੈਮੋਰੀਅਲ ਟਰੱਸਟ ਦੇ ਚੇਅਰਮੈਨ ਮੇਜਰ ਜਨਰਲ ਅਮਿਤ ਲੂੰਬਾ, ਡਿਵੀਜ਼ਨ ਕਮਿਸ਼ਨਰ ਸ੍ਰੀ ਸੁਮੇਰ ਸਿੰਘ ਗੁਰਜਰ, ਆਈਜੀ ਬੀ. ਚੰਦਰਸ਼ੇਖਰ, ਐੱਸ.ਐੱਸ.ਪੀ. ਫ਼ਿਰੋਜ਼ਪੁਰ ਸ੍ਰੀ ਵਿਵੇਕ ਐੱਸ. ਸੋਨੀ ਸਮੇਤ ਸਿਵਲ, ਪੁਲਿਸ-ਪ੍ਰਸ਼ਾਸਨ ਅਤੇ ਆਰਮੀ ਦੇ ਕਈ ਅਧਿਕਾਰੀ ਹਾਜ਼ਰ ਸਨ।

Share News / Article

Yes Punjab - TOP STORIES