ਸਾਬਕਾ ਆਈ.ਪੀ.ਐਸ. ਅਧਿਕਾਰੀ ਦੇ ਪੁੱਤਰ ਨੇ ਖੁਦਕੁਸ਼ੀ ਕੀਤੀ, ਲਾਇਸੰਸੀ ਰਿਵਾਲਵਰ ਨਾਲ ਖ਼ੁਦ ਨੂੰ ਮਾਰ ਮੁਕਾਇਆ

ਯੈੱਸ ਪੰਜਾਬ
ਜਲੰਧਰ, 21 ਸਤੰਬਰ, 2019:

ਜਲੰਧਰ-ਕਪੂਰਥਲਾ ਰੋਡ ’ਤੇ ਸਥਿਤ ਪਿੰਡ ਵਰਿਆਣਾ ਦੇ ਇਕ ਕਾਰੋਬਾਰੀ ਵੱਲੋਂ ਸ਼ੁੱਕਰਵਾਰ ਅਤੇ ਸਨਿਚਰਵਾਰ ਦੀ ਦਰਮਿਆਨੀ ਰਾਤ ਆਪਣੇ ਲਾਇਸੰਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਇਹ ਕਾਰੋਬਾਰੀ ਇਕ ਸਾਬਕਾ ਆਈ.ਪੀ.ਐਸ.ਅਧਿਕਾਰੀ ਦਾ ਬੇਟਾ ਹੈ।

ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ (45) ਪੁੱਤਰ ਸ: ਹਰਪਾਲ ਸਿੰਘ ਵਜੋਂ ਹੋਈ ਹੈ ਜੋ ਜਲੰਧਰ-ਕਪੂਰਥਲਾ ਰੋਡ ’ਤੇ ਸਥਿਤ ਮਾਰਕੀਟ ਕੋਲ ਬਣੀ ਆਪਣੀ ਕੋਠੀ ਵਿਚ ਰਹਿ ਰਿਹਾ ਸੀ।

ਘਟਨਾ ਰਾਤ ਦੋ ਵਜੇ ਦੀ ਦੱਸੀ ਜਾਂਦੀ ਹੈ। ਪਤਾ ਲੱਗਾ ਹੈ ਕਿ ਜਤਿੰਦਰ ਸਿੰਘ ਦੇ ਸਹੁਰੇ ਦੀ ਤਬੀਅਤ ਨਾਸਾਜ਼ ਹੋਣ ਕਾਰਨ ਉਸਦੀ ਪਤਨੀ ਗੁਜਰਾਤ ਵਿਚ ਬੜੋਦਾ ਗਈ ਹੋਈ ਹੈ ਜਦਕਿ ਉਸਦੇ ਦੋ ਬੱਚੇ ਘਰ ਹੀ ਸਨ।

ਸੂਤਰਾਂ ਅਨੁਸਾਰ ਰਾਤ ਸੌਣ ਲੱਗਿਆਂ ਉਸਨੇ ਆਪਣੇ ਬੱਚਿਆਂ ਨੂੰ ਕਮਰੇ ਵਿਚੋਂ ਬਾਹਰ ਚਲੇ ਜਾਣ ਅਤੇ ਉਸਨੂੰ ‘ਡਿਸਟਰਬ’ ਨਾ ਕਰਨ ਲਈ ਕਿਹਾ ਅਤੇ ਫ਼ਿਰ ਦੇਰ ਰਾਤ ਖ਼ੁਦ ਨੂੰ ਗੋਲੀ ਮਾਰ ਲਈ। ਉਸ ਵੇਲੇ ਉਸਦੇ ਬੱਚੇ ਨਾਲ ਦੇ ਕਮਰੇ ਵਿਚ ਸੌਂ ਰਹੇ ਸਨ।

ਆਂਢ ਗੁਆਂਢ ਦੇ ਲੋਕਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।

ਥਾਣਾ ਮਕਸੂਦਾਂ ਦੇ ਐਸ.ਐਚ.ਉ.ਰਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਸ ਘਟਨਾ ਦਾ ਪਤਾ ਲਗਪਗ ਢਾਈ ਵਜੇ ਲੱਗਾ।

ਪਤਾ ਲੱਗਾ ਹੈ ਕਿ ਜਤਿੰਦਰ ਸਿੰਘ ਦੀ ਚੰਗੀ ਜ਼ਮੀਨ ਜਾਇਦਾਦ ਸੀ। ਇਸ ਕਾਰੋਬਾਰੀ ਨੂੰ ਕਿਰਾਏ ਵਗੈਰਾ ਤੋਂ ਵੀ ਆਮਦਨ ਸੀ।

ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਜਤਿੰਦਰ ਸਿੰਘ ਨੇ ਇਹ ਕਦਮ ਕਿਉਂ ਚੁੱਕਿਆ। ਪੁਲਿਸ ਨੇ ਇਸ ਸੰਬੰਧ ਵਿਚ ਬਣਦੀ ਕਾਰਵਾਈ ਕੀਤੀ ਹੈ।

Share News / Article

Yes Punjab - TOP STORIES