ਸਾਂਝ ਕੇਂਦਰਾਂ ਰਾਹੀਂ ਕੀਤੀ ਜਾ ਰਹੀ ਹੈ ਪਾਰਦਰਸ਼ੀ ਢੰਗ ਨਾਲ ਪਾਸਪੋਰਟ ਇਨਕੁਆਰੀ: ਓਪਿੰਦਰਜੀਤ ਸਿੰਘ ਘੁੰਮਣ ਐੱਸ.ਐੱਸ.ਪੀ.

ਬਟਾਲਾ, 6 ਜਨਵਰੀ, 2020:

ਪੰਜਾਬ ਸਰਕਾਰ ਦੇ ਪੁਲਿਸ ਸਾਂਝ ਪ੍ਰੋਜੈਕਟ ਤਹਿਤ ਪਾਸਪੋਰਟ ਇਨਕੁਆਰੀ ਸਬੰਧੀ ਅਪਣਾਈ ਗਈ ਨੀਤੀ ਨਾਲ ਪਾਸਪੋਰਟ ਇਨਕੁਆਰੀ ਸੁਖਾਲੀ ਅਤੇ ਪਾਰਦਰਸ਼ੀ ਸਾਬਤ ਹੋਈ ਹੈ। ਭਾਂਵੇ ਕਿ ਸੂਬਾ ਸਰਕਾਰ ਨੇ ਪਾਸਪੋਰਟ ਇਨਕੁਆਰੀ ਨੂੰ ਸੇਵਾ ਅਧਿਕਾਰ ਕਾਨੂੰਨ ਹੇਠ ਲਿਆ ਕੇ ਇਸਨੂੰ ਪੁਲਿਸ ਸਾਂਝ ਕੇਂਦਰਾਂ ਰਾਹੀਂ 21 ਦਿਨਾਂ ‘ਚ ਮੁਕੰਮਲ ਕਰਨ ਦਾ ਸਮਾਂ ਨਿਸ਼ਚਿਤ ਕੀਤਾ ਹੈ|

ਪਰ ਸਾਂਝ ਕੇਂਦਰਾਂ ਦੇ ਸਟਾਫ਼ ਵਲੋਂ ਪਾਸਪੋਰਟ ਇਨਕੁਆਰੀ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ 5 ਦਿਨਾਂ ‘ਚ ਮੁਕੰਮਲ ਕਰ ਲਈ ਜਾਂਦੀ ਹੈ। ਪਾਸਪੋਰਟ ਇਨਕੁਆਰੀ ‘ਚ ਆਈ ਪਾਰਦਰਸ਼ਤਾ ਤੇ ਸੌਖਿਆਈ ਤੋਂ ਆਮ ਲੋਕ ਬੇਹੱਦ ਸੰਤੁਸ਼ਟ ਹਨ ਅਤੇ ਲੋਕਾਂ ਵਲੋਂ ਰਾਜ ਸਰਕਾਰ ਤੇ ਪੁਲਿਸ ਦੇ ਇਸ ਉੱਦਮ ਨੂੰ ਸਰਾਹਿਆ ਜਾ ਰਿਹਾ ਹੈ।

ਪਾਸਪੋਰਟ ਇਨਕੁਅਰੀ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਜ਼ਿਲਾ ਬਟਾਲਾ ਦੇ 13 ਸਾਂਝ ਕੇਂਦਰਾਂ ਵੱਲੋਂ ਪਾਸਪੋਰਟ ਇਨਕੁਆਰੀ ਦਾ ਕੰਮ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕੀਤਾ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਹਰ ਸਾਂਝ ਕੇਂਦਰ ‘ਚ ਇੱਕ ਸਹਾਇਕ ਥਾਣੇਦਾਰ ਤੇ ਦੋ ਹਵਾਲਦਾਰਾਂ ਦਾ ਵਿਸ਼ੇਸ਼ ਸਟਾਫ ਪਾਸਪੋਰਟ ਇਨਕੁਆਰੀ ਲਈ ਲਗਾਇਆ ਗਿਆ ਹੈ। ਉਨਾਂ ਕਿਹਾ ਕਿ ਪਾਸਪੋਰਟ ਇਨਕੁਆਰੀ ਲਈ ਸਿਰਫ ਉਨਾਂ ਪੁਲਿਸ ਮੁਲਾਜ਼ਮ ਨੂੰ ਲਗਾਇਆ ਗਿਆ ਹੈ ਜਿਨਾਂ ਦਾ ਪਿਛਲਾ ਸਰਵਿਸ ਰਿਕਾਰਡ ਬਹੁਤ ਵਧੀਆ ਤੇ ਇਮਾਨਦਾਰੀ ਵਾਲਾ ਹੈ।

ਇਨੁਕਆਰੀ ਦਸਤੇ ਨੂੰ ਫੀਲਡ ਵਿੱਚ ਜਾਣ ਸਮੇਂ ਕੋਈ ਮੁਸ਼ਕਲ ਨਾ ਆਵੇ ਇਸ ਲਈ ਸਰਕਾਰ ਵੱਲੋਂ ਮੋਟਰਸਾਈਕਲ ਦਿੱਤੇ ਗਏ ਹਨ ਅਤੇ ਇਨਾਂ ਮੋਟਰਸਾਈਕਲਾਂ ਲਈ ਤੇਲ ਅਤੇ ਰਿਪੇਅਰ ਦਾ ਖਰਚਾ ਵੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ।

ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਪਾਸਪੋਰਟ ਇਨਕੁਆਰੀ ਲਈ ਪੰਜਾਬ ਸਰਕਾਰ ਵੱਲੋਂ 100 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ ਅਤੇ ਇਹ ਫੀਸ ਲੈ ਕੇ ਬਿਨੈਕਾਰ ਨੂੰ ਇਸਦੀ ਰਸੀਦ ਦਿੱਤੀ ਜਾਂਦੀ ਹੈ।

ਉਨਾਂ ਦੱਸਿਆ ਕਿ ਪਾਸਪੋਰਟ ਇਨਕੁਆਰੀ ਨੂੰ ਸੌਖਿਆਂ ਤੇ ਪਾਰਦਰਸ਼ੀ ਬਣਾਉਣ ਲਈ ਪੜਤਾਲੀਆ ਟੀਮ ਵੱਲੋਂ ਬਿਨੈਕਾਰ ਨੂੰ ਐੱਸ.ਐੱਮ.ਐੱਸ. ਰਾਹੀਂ ਉਸਦੇ ਘਰ ਆਉਣ ਦੀ ਅਗਾਊਂ ਸੂਚਨਾ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਪਿੰਡ/ਵਾਰਡ ਦੇ ਮੋਹਤਬਰ ਵਿਅਕਤੀ ਨੂੰ ਗਵਾਹੀ ਲਈ ਪਹਿਲਾਂ ਹੀ ਆਪਣੇ ਘਰ ਬੁਲਾ ਸਕੇ।

ਐੱਸ.ਐੱਸ.ਪੀ. ਸ. ਘੁੰਮਣ ਨੇ ਦੱਸਿਆ ਕਿ ਇਸਤੋਂ ਬਾਅਦ ਬਿਨੈਕਾਰ ਨੂੰ ਉਸਦੀ ਪਾਸਪੋਰਟ ਇਨਕੁਆਰੀ ਦੇ ਸਟੇਟਸ ਸਬੰਧੀ ਐੱਸ.ਐੱਮ.ਐੱਸ. ਭੇਜ ਕੇ ਸੂਚਿਤ ਕੀਤਾ ਜਾਂਦਾ ਹੈ ਤਾਂ ਜੋ ਬਿਨੈਕਾਰ ਨੂੰ ਸਾਰੀ ਜਾਣਕਾਰੀ ਘਰ ਬੈਠੇ ਹੀ ਮਿਲ ਸਕੇ। ਉਨਾਂ ਕਿਹਾ ਕਿ ਸਰਕਾਰ ਵੱਲੋਂ ਪੜਤਾਲੀਆ ਟੀਮ ਨੂੰ ਇਸ ਕੰਮ ਲਈ ਮੁਫਤ ਸਮਾਰਟ ਫੋਨ ਵੀ ਮੁਹੱਈਆ ਕਰਾਏ ਗਏ ਹਨ।

ਐੱਸ.ਐੱਸ.ਪੀ. ਬਟਾਲਾ ਸ. ਓਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦੇ ਇਸ ਨਵੇਂ ਉੱਦਮ ਨਾਲ ਪਾਸਪੋਰਟ ਇਨਕੁਆਰੀ ਪਾਰਦਰਸ਼ੀ ਤੇ ਸੁਖਾਲੀ ਹੋਈ ਹੈ ਜਿਸ ਤੋਂ ਆਮ ਲੋਕ ਸੰਤੁਸ਼ਟ ਹਨ।

ਉਨਾਂ ਕਿਹਾ ਕਿ ਹੁਣ ਆਮ ਲੋਕ ਦਲਾਲਾਂ ਦੇ ਚੁੰਗਲ ‘ਚ ਨਹੀਂ ਫਸਣਗੇ ਅਤੇ ਸਿਰਫ ਇੱਕ ਸੌ ਰੁਪਏ ‘ਚ ਉਨਾਂ ਦੀ ਪਾਸਪੋਰਟ ਇਨਕੁਆਰੀ ਮੁਕੰਮਲ ਹੋ ਜਾਵੇਗੀ। ਉਨਾਂ ਕਿਹਾ ਕਿ ਪਾਸਪੋਰਟ ਇਨਕੁਆਰੀ ਦੀ 100 ਰੁਪਏ ਫੀਸ ਦੇ ਕੇ ਪੁਲਿਸ ਮੁਲਾਜ਼ਮਾਂ ਕੋਲੋਂ ਰਸੀਦ ਜਰੂਰ ਪ੍ਰਾਪਤ ਕੀਤੀ ਜਾਵੇ।

Yes Punjab - Top Stories