ਸਹੀਦ ਸਾਥੀ ਹਰਬੰਸ ਸਿੰਘ ਬੀਕਾ ਨੂੰ 34ਵੀਂ ਬਰਸੀ ਮੌਕੇ ਯਾਦ ਕਰਦਿਆਂ ਸਰਧਾਂਜਲੀ ਭੇਟ ਕੀਤੀ

ਯੈੱਸ ਪੰਜਾਬ
ਜਲੰਧਰ, 14 ਮਈ, 2022 –
ਆਰਐਮਪੀਆਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸ਼ਹੀਦ ਹਰਬੰਸ ਸਿੰਘ ਬੀਕਾ ਦੀ 34ਵੀਂ ਬਰਸੀ ਉਹਨਾਂ ਦੇ ਜੱਦੀ ਪਿੰਡ ਬੀਕਾ ਵਿਖੇ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਤੋਂ ਪਹਿਲਾਂ ਪਾਰਟੀ ਦਾ ਝੰਡਾ ਝੁਲਾਇਆ ਗਿਆ। ਝੰਡਾ ਝੁਲਾਉਣ ਦੀ ਰਸਮ ਆਰਐੱਮਪੀਆਈ ਪੰਜਾਬ ਦੇ ਐਕਟਿੰਗ ਸਕੱਤਰ ਸਾਥੀ ਪ੍ਰਗਟ ਸਿੰਘ ਜਾਮਾਰਾਏ ਦੇ ਨਾਲ ਭਰਾਤਰੀ ਪਾਰਟੀਆਂ ਦੇ ਆਗੂਆਂ ਨੇ ਸਾਂਝੇ ਤੌਰ ’ਤੇ ਨਿਭਾਈ। ਸ਼ਹੀਦ ਸਾਥੀ ਹਰਬੰਸ ਸਿੰਘ ਬੀਕਾ ਦੀ ਸੋਚ ਨੂੰ ਸਮਰਪਿਤ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ।

ਇਸ ਸਮੇਂ ਕਾਮਰੇਡ ਹਰਪਾਲ ਸਿੰਘ ਜਗਤਪੁਰ, ਸੁਰਿੰਦਰ ਭੱਟੀ, ਡਾ. ਬਲਦੇਵ ਬੀਕਾ, ਕਾਮਰੇਡ ਜੀਤ ਸਿੰਘ ਬੀਕਾ ਅਤੇ ਕਰਨੈਲ ਸਿੰਘ ਚੱਕ ਬਿਣਗਾਂ ਦੀ ਪ੍ਰਧਾਨਗੀ ਹੇਠ ਹੋਏ ਸ਼ਰਧਾਂਜਲੀ ਸਮਾਗਮ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਜਾਮਾਰਾਏ, ਕੁਲਵਿੰਦਰ ਸਿੰਘ ਵੜੈਚ, ਰਾਮ ਸਿੰਘ ਨੂਰਪੁਰੀ, ਬੰਤ ਸਿੰਘ ਬਰਾੜ, ਤੀਰਥ ਰਾਮ ਰਸੂਲਪੁਰੀ ਆਦਿ ਸਾਥੀਆਂ ਨੇ ਜਿਸ ਅੱਤਵਾਦ ਦੇ ਦੌਰ ਵਿੱਚ ਲੋਕ ਹਿੱਤਾਂ ਲਈ ਲੜਦਿਆਂ, ਅੱਤਵਾਦ-ਵੱਖਵਾਦ ਦਾ ਵਿਰੋਧ ਕਰਦਿਆਂ ਦੇਸ਼ ਦੀ ਏਕਤਾ ਅਖੰਡਤਾ ਲਈ ਸ਼ਹੀਦੀ ਪ੍ਰਾਪਤ ਕੀਤੀ, ਉਸ ਦੌਰ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅੱਤਵਾਦ-ਵੱਖਵਾਦ ਦੇ ਦੌਰ ਵਿੱਚ ਦੇਸ਼ ਦੀ ਏਕਤਾ ਅਖੰਡਤਾ ਲਈ ਸਭ ਤੋਂ ਵੱਧ ਸਾਥੀਆਂ ਨੂੰ ਸ਼ਹੀਦ ਕਰਵਾ ਕੇ ਵੱਖ-ਵੱਖ ਖੱਬੀਆਂ ਧਿਰਾਂ ਨੂੰ ਮੁੱਲ ਤਾਰਨਾ ਪਿਆ।

ਸਮੂਹ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਦੇਸ਼ ਵਿੱਚ ਮੋਦੀ ਦੀ ਬਹੁਗਿਣਤੀ ਦੀ ਫਾਸ਼ੀਵਾਦੀ ਹਕੂਮਤ ਵਲੋਂ 2014 ਤੋਂ ਦੇਸ਼ ਵਿੱਚ ਹਰ ਪ੍ਰਕਾਰ ਨਾਲ ਵੱਖ-ਵੱਖ ਫਿਰਕਿਆਂ ਵਿੱਚ ਵੰਡੀਆਂ ਪਾ ਕੇ, ਦੇਸ਼ ਵਿੱਚ ਮੁੜ ਮਨੁਸਿਮਰਤੀ ਨੂੰ ਲਾਗੂ ਕਰਕੇ, ਦੇਸ਼ ਨੂੰ ਮੁੜ ਚਾਰ ਵਰਣਾਂ ਦੀ ਵਿਵਸਥਾ ਲਾਗੂ ਕਰਨ ਵੱਲ ਨੂੰ ਬਹੁਤ ਹੀ ਤੇਜ਼ੀ ਨਾਲ ਵਧਿਆ ਜਾ ਰਿਹਾ ਹੈ। ਦੇਸ਼ ਵਿੱਚ ਲੋਕਾਂ ਵਲੋਂ ਦਿੱਤੇ ਟੈਕਸਾਂ ਨਾਲ ਉਸਾਰੇ ਗਏ ਪਬਲਿਕ ਅਦਾਰਿਆਂ ਨੂੰ ਅੰਨੇਵਾਹ ਕੌਡੀਆਂ ਦੇ ਭਾਅ ਕਾਰਪੋਰੇਟਾਂ ਘਰਾਣਿਆਂ ਨੂੰ ਵੇਚ ਕੇ ਨਿੱਜੀਕਰਨ ਵੱਲ ਵਧਿਆ ਜਾ ਰਿਹਾ ਹੈ ਅਤੇ ਦੇਸ਼ ਨੂੰ ਫਿਰ ਦੇਸੀ ਅਤੇ ਬਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਕੰਪਨੀਆਂ ਦੇ ਗੁਲਾਮ ਬਣਾਇਆ ਜਾ ਰਿਹਾ ਹੈ।

ਸਮੂਹ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਸਾਥੀ ਹਰਬੰਸ ਸਿੰਘ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹੋ ਹੀ ਹੋ ਸਕਦੀ ਹੈ ਕਿ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਵਲੋਂ ਦੇਸ਼  ਵਿੱਚ ਲਾਗੂ ਕੀਤੀਆਂ ਜਾ ਰਹੀਆਂ ਫਿਰਕੂ, ਵੰਡਵਾਦੀ, ਨਿੱਜੀਕਰਨ ਦੀਆਂ ਨੀਤੀਆਂ ਨੂੰ ਮੋੜਾ ਦੇਣ ਲਈ ਸਮੂਹ ਖੱਬੀਆਂ ਧਿਰਾਂ ਨੂੰ ਇੱਕਜੁੱਟ ਹੋ ਕੇ, ਲੋਕਾਂ ਦੀ ਲਾਮਬੰਦੀ ਕਰਕੇ ਸੰਘਰਸ਼ਾਂ ਨੂੰ ਲਗਾਤਾਰ ਤਿੱਖੇ ਰੂਪ ਵਿੱਚ ਤੁਰਨਾ ਪਵੇਗਾ।

ਇਸ ਸਮੇਂ ਮਾਨਵ ਕਲਾ ਮੰਚ ਨਗਰ (ਜਲੰਧਰ) ਨੇ ਇਨਕਲਾਬੀ ਗੀਤ, ਕੋਰੀਓਗਰਾਫੀ ਅਤੇ ਨਾਟਕ ਵੀ ਪੇਸ਼ ਕੀਤੇ। ਸਟੇਜ ਸਕੱਤਰ ਦੀ ਜਿੰਮੇਵਾਰੀ ਹਰੀ ਬਿਲਾਸ ਨੇ ਨਿਭਾਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਦਰਸ਼ਨ ਬੀਕਾ, ਕਰਨੈਲ ਸਿੰਘ ਸੰਧੂ, ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਬਿਮਲ ਬਖਲੌਰ, ਸਤਨਾਮ ਸਿੰਘ ਗੁਲਾਟੀ, ਜਸਵੀਰ ਦੀਪ, ਕਮਲਜੀਤ ਸਨਾਵਾ, ਕੁਲਦੀਪ ਕੌੜਾ ਆਦਿ ਸਾਥੀ ਹਾਜ਼ਰ ਹੋਏ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ