ਸਲਾਹਕਾਰ ਲਾਏ ਵਿਧਾਇਕਾਂ ਨੂੰ ਬਚਾਉਣ ਲਈ ਪੇਸ਼ ਬਿਲ ਵਿਰੁੱਧ ‘ਆਪ’ ਨੇ ਕੀਤਾ ਵਾਕਆਊਟ

ਚੰਡੀਗੜ੍ਹ, 7 ਨਵੰਬਰ 2019, 2019:
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਸਰਕਾਰ ਵੱਲੋਂ ਸਦਨ ‘ਚ ਪੇਸ਼ ਕੀਤੇ ਗਏ ਪੰਜਾਬ ਰਾਜ ਵਿਧਾਨ ਮੰਡਲ (ਅਯੋਗਤਾ ‘ਤੇ ਰੋਕ) ਸੋਧਣਾ ਬਿਲ-2019 ਦਾ ਜ਼ੋਰਦਾਰ ਵਿਰੋਧ ਕੀਤਾ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਨੇ ਸਰਕਾਰ ‘ਤੇ ਸੰਵਿਧਾਨ ਦੀਆਂ ਧੱਜੀਆਂ ਅਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਦਾ ਦੋਸ਼ ਲਗਾਉਂਦੇ ਹੋਏ ਪਹਿਲਾਂ ਸਦਨ ‘ਚ ਸਰਕਾਰ ਵਿਰੁੱਧ ਦੱਬ ਕੇ ਨਾਅਰੇਬਾਜ਼ੀ ਕੀਤੀ ਅਤੇ ਫਿਰ ਵਾਕਆਊਟ ਕਰ ਦਿੱਤਾ।

ਮੀਡੀਆ ਨੂੰ ਮੁਖ਼ਾਤਬ ਹੁੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਰਵਾਜ਼ੇ ਰਾਹੀਂ ਆਪਣੇ ਵਿਧਾਇਕਾਂ ਨੂੰ ਰਿਉੜੀਆਂ ਵਾਂਗ ਮੰਤਰੀਆਂ ਦੇ ਰੁਤਬੇ ਵੰਡ ਕੇ ਸੰਵਿਧਾਨ ਦੀ ਉਲੰਘਣਾ ਕਰ ਰਹੇ ਹਨ। ਇਸ ਲਈ ਆਪਣੇ ਸਲਾਹਕਾਰ ਵਿਧਾਇਕਾਂ ਦੀ ਮੈਂਬਰੀ ਬਚਾਉਣ ਲਈ ਲਿਆਂਦੇ ਗਏ ਇਸ ਬਿਲ ਦਾ ਵਿਰੋਧ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁਲਾਜ਼ਮ ਨੂੰ ਡੀਏ ਤੇ ਹੋਰ ਭੱਤੇ ਦੇਣ, ਨੌਜਵਾਨਾਂ ਨੂੰ ਨੌਕਰੀ ਤੇ ਬੇਰੁਜ਼ਗਾਰੀ ਭੱਤਾ ਦੇਣ, ਈਟੀਟੀ-ਟੈਟ ਪਾਸ ਟੀਚਰਾਂ ਨੂੰ ਨੌਕਰੀ ਦੇਣ, ਬਜ਼ੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ, ਦਲਿਤ ਤੇ ਘੱਟ ਗਿਣਤੀ ਬੱਚਿਆਂ ਨੂੰ ਵਜ਼ੀਫ਼ੇ ਦੇਣ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਅਤੇ ਗ਼ਰੀਬਾਂ ਨੂੰ ਪਲਾਟ ਦੇਣ ਲਈ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਹੈ, ਦਲਿਤ ਵਿਦਿਆਰਥੀਆਂ ਤੋਂ 8000 ਰੁਪਏ ਈਟੀਟੀ ਅਤੇ ਦਸਵੀਂ ਦੀ 1400 ਪ੍ਰੀਖਿਆ ਫ਼ੀਸ ਵਸੂਲਣੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬਿਨਾ ਕੰਮ ਸਲਾਹਕਾਰ ਦੀ ਫ਼ੌਜ ਨਾਲ ਖ਼ਜ਼ਾਨਾ ਲੁੱਟਿਆ ਜਾ ਰਿਹਾ ਹੈ।

Share News / Article

Yes Punjab - TOP STORIES