ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅੰਮ੍ਰਿਤਸਰ ’ਚ ਖੋਲ੍ਹੇਗਾ ਬਿਰਧ ਆਸ਼ਰਮ ਤੇ ਮੰਦਬੁੱਧੀ ਬੱਚਿਆਂ ਲਈ ਸਕੂਲ: ਉਬਰਾਏ

ਅੰਮ੍ਰਿਤਸਰ, 8 ਜੁਲਾਈ, 2019 –

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬਹੁਤ ਹੀ ਜਲਦ ਗੁਰੂ ਨਗਰੀ ਅੰਮ੍ਰਿਤਸਰ ਵਿਖੇ 4 ਲੈਬਾਰਟਰੀਆਂ ਤੇ ਡਾੲਗਿਨੋਸਟਿਕ ਸੈਂਟਰ ਖੋਲ੍ਹਣ ਦੇ ਨਾਲ-ਨਾਲ ਇੱਕ ਆਧੁਨਿਕ ਸਹੂਲਤਾਂ ਨਾਲ ਲੈਸ ਬਿਰਧ ਆਸ਼ਰਮ ਤੇ ਐੱਮ.ਆਰ.ਬੱਚਿਆਂ ਲਈ ਰਹਾਇਸ਼ੀ ਸਕੂਲ ਵੀ ਸਥਾਪਿਤ ਕੀਤਾ ਜਾ ਰਿਹਾ ਹੈ।

ਟਰੱਸਟ ਦੀ ਅੰਮ੍ਰਿਤਸਰ ਜ਼ਿਲ੍ਹਾ ਇਕਾਈ ਨਾਲ ਇਕ ਵਿਸ਼ੇਸ਼ ਮੀਟਿੰਗ ਕਰਨ ਉਪਰੰਤ ਪ੍ਰੈੱਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਉੱਘੇ ਸਮਾਜ ਸੇਵੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਅੰਮ੍ਰਿਤਸਰ ਵਿਖੇ ਬਹੁਤ ਹੀ ਜਲਦ ਸ੍ਰੀ ਹਰਿਮੰਦਰ ਸਾਹਿਬ,ਗੁਰਦੁਆਰਾ ਸ਼ਹੀਦਾਂ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਇੰਟਰਨੈਸ਼ਨਲ ਸਕੂਲ ਡੀ ਬਲਾਕ ਰਣਜੀਤ ਐਵੀਨਿਊ ਤੇ ਪੁਲਿਸ ਲਾਈਨ ਅੰਮ੍ਰਿਤਸਰ ਦਿਹਾਤੀ ਵਿਖੇ ਲੈਬਾਰਟਰੀਆਂ ਤੇ ਡਾੲਗਿਨੋਸਟਿਕ ਸੈਂਟਰ ਖੋਲ੍ਹਣ ਦੇ ਨਾਲ-ਨਾਲ ਇੱਕ ਆਧੁਨਿਕ ਸਹੂਲਤਾਂ ਨਾਲ ਲੈਸ ਬਿਰਧ ਆਸ਼ਰਮ ਤੇ ਐਮ.ਆਰ.(ਮੰਦ ਬੁੱਧੀ) ਬੱਚਿਆਂ ਲਈ ਰਹਾਇਸ਼ੀ ਸਕੂਲ ਵੀ ਸਥਾਪਨਾ ਵੀ ਕੀਤੀ ਜਾ ਰਹੀ ਹੈ। ਜਿਸ ਲਈ ਟਰੱਸਟ ਵੱਲੋਂ ਅੰਮ੍ਰਿਤਸਰ-ਅਟਾਰੀ ਮੁੱਖ ਸੜਕ ਤੇ ਲੋੜੀਂਦੀ ਜ਼ਮੀਨ ਵੀ ਖਰੀਦ ਲਈ ਗਈ ਹੈ।

ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਪਹਿਲੇ ਪੜਾਅ ਤਹਿਤ ਆਉਂਦੇ ਕੁਝ ਦਿਨਾਂ ਅੰਦਰ ਹੀ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਢੁਕਵੇਂ 100 ਪਿੰਡਾਂ ਦੀ ਚੋਣ ਕਰਕੇ ਉਨ੍ਹਾਂ ਅੰਦਰ ਮਿਆਰੀ ਖੇਡ ਮੈਦਾਨ ਤਿਆਰ ਕਰਵਾਏ ਜਾਣਗੇ ਅਤੇ ਲੋੜੀਂਦਾ ਖੇਡਾਂ ਦਾ ਸਾਮਾਨ ਵੀ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਟਰੱਸਟ ਦੇ ਇਸ ਪ੍ਰੋਜੈਕਟ ਦਾ ਮੁੱਖ ਮਕਸਦ ਸਰਹੱਦੀ ਖੇਤਰ ਦੇ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਕੇਂਦਰਤ ਕਰਨਾ ਹੈ ਤਾਂ ਜੋ ਉਹ ਨਸ਼ਿਆਂ ਦੀ ਲਾਹਨਤ ਤੋਂ ਦੂਰ ਰਹਿ ਸਕਣ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਉਸਾਰੂ ਰੂਪ ‘ਚ ਨੇਪਰੇ ਚੜ੍ਹਾਉਣ ਲਈ ਬਹੁਤ ਹੀ ਛੇਤੀ ਪੰਜਾਬ ਸਰਕਾਰ ਦੇ ਪ੍ਰਮੁੱਖ ਨੁਮਾਇੰਦਿਆਂ ਤੇ ਵਿਸ਼ੇਸ਼ ਉੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਵੀ ਕੀਤੀ ਜਾ ਰਹੀ ਹੈ ।

ਸ. ਓਬਰਾਏ ਨੇ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਆਉਂਦੇ ਦਿਨਾਂ ‘ਚ ਪੰਜਾਬ ਸਮੇਤ ਹੋਰਨਾਂ ਰਾਜਾਂ ਅੰਦਰ ਵੱਡੇ ਪੱਧਰ ਤੇ ਦਵਾਈ ਦੀਆਂ ਕਫਾਇਤੀ ਦੁਕਾਨਾਂ ਵੀ ਖੋਲ੍ਹੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਲੋੜਵੰਦ ਮਰੀਜ਼ਾਂ ਨੂੰ ਬਹੁਤ ਹੀ ਘੱਟ ਭਾਅ ਤੇ ਦਵਾਈਆਂ ਦਿੱਤੀਆਂ ਜਾਣਗੀਆਂ ।

ਉਨ੍ਹਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਿੱਖਿਆ ਤੇ ਹੋਰਨਾਂ ਖੇਤਰਾਂ ‘ਚ ਕੀਤੇ ਜਾ ਰਹੇ ਹਜ਼ਾਰਾਂ ਕੰਮਾਂ ਤੋਂ ਇਲਾਵਾ 850 ਕੈਂਸਰ ਦੇ ਮਰੀਜ਼ਾਂ ਨੂੰ ਲਗਾਤਾਰ ਮੁਫ਼ਤ ਦਵਾਈਆਂ ਦੇਣ ਤੋਂ ਇਲਾਵਾ ਚਿੱਟੇ ਮੋਤੀਏ ਤੋਂ ਪੀੜਤ ਮਰੀਜ਼ਾਂ ਦੇ ਅਪਰੇਸ਼ਨ ਕਰ ਕੇ ਮੁਫਤ ਲੈਨਜ਼ ਪਾਏ ਜਾ ਰਹੇ ਹਨ ਜਦ ਕਿ ਹੁਣ ਤੱਕ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਲਈ 176 ਕਫਾਇਤੀ ਡਾਇਲਸੈੱਸ ਯੂਨਿਟ ਲਾਏ ਜਾ ਚੁੱਕੇ ਹਨ, ਜਿਨ੍ਹਾਂ ਚੋਂ ਪੰਜਾਬ ਅੰਦਰ 90 ਜਦ ਕਿ ਇਕੱਲੇ ਚੰਡੀਗੜ੍ਹ ਅੰਦਰ ਹੀ 12 ਯੂਨਿਟ ਚੱਲ ਰਹੇ ਹਨ ।

ਜਿਨ੍ਹਾਂ ਅੰਦਰ ਕੁਝ ਥਾਵਾਂ ਤੇ ਬਿਲਕੁਲ ਮੁਫ਼ਤ ਜਦ ਕਿ ਕੁਝ ਤੇ ਕੇਵਲ 250 ਰੁਪਏ ਤੋਂ ਲੈ ਕੇ 450 ਰੁਪਏ ਤੱਕ ਹਰ ਰੋਜ਼ ਸੈਂਕੜੇ ਮਰੀਜ਼ਾਂ ਦੇ ਡਾਇਲਸੈੱਸ ਕੀਤੇ ਜਾ ਰਹੇ ਹਨ ਜਦ ਕਿ ਟਰੱਸਟ ਵੱਲੋਂ ਇੱਕ ਸਾਲ ਅੰਦਰ ਲੋੜਵੰਦ ਮਰੀਜ਼ਾਂ ਨੂੰ 50,000 ਮੁਫ਼ਤ ਡਲਾਈਜ਼ਰ ਕਿੱਟਾਂ ਵੰਡਣ ਦਾ ਟੀਚਾ ਮਿੱਥਿਆ ਗਿਆ ਹੈ।

ਇੱਕ ਸਵਾਲ ਦਾ ਜਵਾਬ ਦਿੰਦਿਆਂ ਡਾ. ਓਬਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਬੜੇ ਦੁਖੀ ਮਨ ਨਾਲ ਦੱਸਣਾ ਪੈ ਰਿਹਾ ਹੈ ਕਿ ਟਰੱਸਟ ਹੁਣ ਤੱਕ 121 ਬਦਕਿਸਮਤ ਨੌਜਵਾਨ ਮੁੰਡੇ ਕੁੜੀਆਂ ਦੀਆਂ ਮ੍ਰਿਤਕ ਦੇਹਾਂ ਖਾੜੀ ਦੇਸ਼ਾਂ ਚੋਂ ਵਤਨ ਲਿਆ ਚੁੱਕੀ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਅਰਬ ਦੇਸ਼ਾਂ ਅੰਦਰ ਐਕਸੀਡੈਂਟ ‘ਚ ਜਾਨ ਗਵਾਉਣ ਵਾਲੇ ਤੇ ਲਵਾਰਿਸ ਮਿਲੇ ਮਿ੍ਤਕ ਸਰੀਰਾਂ ਨੂੰ ਵਤਨ ਲੈ ਕੇ ਆਉਣ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਸੀ, ਅਜਿਹੇ ਹਾਦਸਿਆਂ ਦਾ ਸ਼ਿਕਾਰ ਹੋਵੇ ਬਦਕਿਸਮਤ ਨੌਜਵਾਨਾਂ ਨੂੰ ਉੱਥੇ ਹੀ 6 ਮਹੀਨਿਆਂ ਦੀ ਉਡੀਕ ਉਪਰੰਤ ਦਫ਼ਨਾ ਦਿੱਤਾ ਜਾਂਦਾ ਸੀ ਪਰ ਟਰੱਸਟ ਦੇ ਯਤਨਾਂ ਤੇ ਦੂਤਾਵਾਸ ਦੇ ਸਹਿਯੋਗ ਨਾਲ ਹੁਣ ਅਜਿਹੇ ਕੇਸਾਂ ਦੇ ਮ੍ਰਿਤਕ ਸਰੀਰ ਵੀ ਵਾਰਸਾਂ ਤੱਕ ਪਹੁੰਚਾਏ ਜਾ ਰਹੇ ਹਨ ।

ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਮ੍ਰਿਤਕ ਨੌਜਵਾਨ ਦੀ ਕੰਪਨੀ ਉਸ ਦੀ ਮ੍ਰਿਤਕ ਦੇਹ ਵਤਨ ਭੇਜਣ ਦਾ ਖ਼ਰਚਾ ਕਰ ਸਕਦੀ ਹੈ ਤਾਂ ਠੀਕ ਹੈ ਨਹੀਂ ਤਾਂ ਸਰਬੱਤ ਦਾ ਭਲਾ ਟਰੱਸਟ ਆਪਣੇ ਕੋਲੋਂ ਸਾਰਾ ਪੈਸਾ ਖਰਚ ਕਰਕੇ ਮ੍ਰਿਤਕ ਸਰੀਰ ਭੇਜਦੀ ਹੈ । ਉਨ੍ਹਾਂ ਦੱਸਿਆ ਕਿ ਹੁਣ ਸਰਕਾਰ ਨੇ ਮ੍ਰਿਤਕ ਦੇਹਾਂ ਲਿਆਉਣ ਤੇ ਆਉਂਦਾ ਖ਼ਰਚ ਦੇਣਾ ਸ਼ੁਰੂ ਕਰ ਦਿੱਤਾ ਹੈ ਜੋ ਕੇ ਮ੍ਰਿਤਕ ਦੇ ਸਰੀਰ ਨੂੰ ਭੇਜਣ ਤੋਂ 6 ਤੋੰ 8 ਮਹੀਨਿਆਂ ਬਾਅਦ ਮਿਲਦਾ ਹੈ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਟਰੱਸਟ ਆਪਣੀ ਜ਼ਿੰਮੇਵਾਰੀ ਕੇਵਲ ਮ੍ਰਿਤਕ ਸਰੀਰ ਭੇਜਣ ਤੱਕ ਹੀ ਸੀਮਤ ਨਹੀਂ ਰੱਖਦੀ ਸਗੋਂ ਉਸ ਉਪਰੰਤ ਟਰੱਸਟ ਦੀ ਟੀਮ ਵੱਲੋਂ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪ੍ਰਾਪਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਸ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਤੋਂ ਇਲਾਵਾ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਹਾਲਤ ਅਨੁਸਾਰ ਉਸ ਦੇ ਬੱਚਿਆਂ ਜਾਂ ਭੈਣਾਂ-ਭਰਾਵਾਂ ਦੀ ਪੜ੍ਹਾਈ ਤੇ ਵਿਆਹਾਂ ਮੌਕੇ ਮੁਕੰਮਲ ਖਰਚ ਕਰਨ ਦੇ ਨਾਲ- ਨਾਲ ਬਜ਼ੁਰਗ ਮਾਪਿਆਂ ਮਾਪਿਆ ਦੀ ਪੂਰੀ ਜ਼ਿੰਦਗੀ ਪੈਨਸ਼ਨ ਲਾ ਕੇ ਪਰਿਵਾਰ ਦਾ ਚੁੱਲ੍ਹਾ ਚਲਾਈ ਰੱਖਣ ਲਈ ਵੀ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਹਨ ।

ਇਸ ਮੌਕੇ ਉਨ੍ਹਾਂ ਨਾਲ ਟਰੱਸਟ ਦੇ ਮੀਡੀਆ ਇੰਚਾਰਜ ਰਵਿੰਦਰ ਸਿੰਘ ਰੋਬਿਨ, ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਜਨਰਲ ਸਕੱਤਰ ਸੁਖਦੀਪ ਸਿੱਧੂ, ਜੁਆਇੰਟ ਸੈਕਟਰੀ ਨਵਜੀਤ ਸਿੰਘ ਘਈ, ਵਿੱਤ ਸਕੱਤਰ ਹਰਜਿੰਦਰ ਸਿੰਘ ਹੇਰ, ਅਮਰਜੀਤ ਸਿੰਘ ਸੰਧੂ, ਸ਼ਿਵਦੇਵ ਸਿੰਘ ਬੱਲ, ਸਿਸ਼ਪਾਲ ਸਿੰਘ ਲਾਡੀ, ਜਗਦੇਵ ਸਿੰਘ ਛੀਨਾ, ਹਰਜਿੰਦਰ ਸਿੰਘ ਮੁੱਧ, ਪਲਵਿੰਦਰ ਸਿੰਘ ਸਰਹਾਲਾ, ਬਲਵਿੰਦਰ ਕੌਰ, ਆਸ਼ਾ ਤਿਵਾੜੀ ਆਦਿ ਟਰੱਸਟ ਮੈਂਬਰ ਮੌਜੂਦ ਸਨ।

Share News / Article

Yes Punjab - TOP STORIES