ਸਰਕਾਰ ਖ਼ਾਧ ਇਕਾਈਆਂ ਖੁਲ੍ਹੀਆਂ ਰੱਖਣ, ਕਰਮਚਾਰੀਆਂ ਦੇ ਆਣ ਜਾਣ ਸੰਬੰਧੀ ਦਿਸ਼ਾ ਨਿਰਦੇਸ਼ ਤਿਆਰ ਕਰ ਰਹੀ: ਹਰਸਿਮਰਤ ਬਾਦਲ

ਚੰਡੀਗੜ੍ਹ, 24 ਮਾਰਚ, 2020 –

ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਉਦਯੋਗ ਸੰਗਠਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਹਨਾਂ ਵੱਲੋਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਖੁੱਲ੍ਹਾ ਰੱਖਣ ਅਤੇ ਕਰਮਚਾਰੀਆਂ ਨੂੰ ਉੱਥੇ ਜਾਣ ਦੀ ਆਗਿਆ ਦੇਣ ਸੰਬੰਧੀ ਕੀਤੀ ਬੇਨਤੀ ਉੱਤੇ ਪੂਰੀ ਹਮਦਰਦੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਸੰਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਕਰ ਦਿੱਤੇ ਜਾਣਗੇ।

ਸੰਗਠਨਾਂ ਨੇ ਕੇਂਦਰੀ ਮੰਤਰੀ ਕੋਲ ਇਹ ਮਾਮਲਾ ਉਠਾਇਆ ਸੀ ਕਿ ਫੂਡ ਪ੍ਰੋਸੈਸਿੰਗ ਕੰਪਨੀਆਂ ਨੂੰ ਆਪਣੀ ਨਿਰਮਾਣ ਇਕਾਈਆਂ ਨੂੰ ਖੁੱਲ੍ਹਾ ਰੱਖਣ ਦੀ ਆਗਿਆ ਦੇਣ ਦੀ ਲੋੜ ਹੈ ਅਤੇ ਉਹਨਾਂ ਨੂੰ ਸੈਕਸ਼ਨ 144 ਤਹਿਤ ਲੱਗੀਆਂ ਪਾਬੰਦੀਆਂ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ। ਉਦਯੋਗ ਸੰਗਠਨਾਂ ਨੇ ਬੇਨਤੀ ਕੀਤੀ ਸੀ ਕਿ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਆਮ ਲੋਕਾਂ ਉੱਤੇ ਲਾਈਆਂ ਪਾਬੰਦੀਆਂ ਕਰਕੇ ਇਹਨਾਂ ਇਕਾਈਆਂ ਦੀਆਂ ਫੂਡ ਡਿਲੀਵਰੀ ਸੇਵਾਵਾਂ ਵਿਚ ਕੋਈ ਵਿਘਨ ਨਹੀਂ ਪੈਣਾ ਚਾਹੀਦਾ।

ਸੰਗਠਨਾਂ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਬੰਦ ਨਾ ਕੀਤੇ ਜਾਣ ਸੰਬੰਧੀ ਸੂਬੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਜਾਣ, ਕਿਉਂਕਿ ਉਹ ਅਜਿਹੀ ਖੁਰਾਕ ਸਮੱਗਰੀ ਤਿਆਰ ਕਰਦੇ ਹਨ,ਜਿਸ ਦੀ ਲੋਕਾਂ ਤਕ ਨਿਰਵਿਘਨ ਸਪਲਾਈ ਰੱਖਣੀ ਬਹੁਤ ਜਰੂਰੀ ਹੈ।

ਸੰਗਠਨਾਂ ਨੇ ਇਹ ਵੀ ਬੇਨਤੀ ਕੀਤੀ ਸੀ ਕਿ ਸੂਬਾ ਸਰਕਾਰਾਂ ਨੂੰ ਇਸ ਸੰਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਜਾਣ ਕਿ ਉਹ ਰਿਟੇਲ ਦੁਕਾਨਾਂ, ਫਾਰਮੇਸੀਆਂ ਅਤੇ ਨਿਰਮਾਣ ਇਕਾਈਆਂ ਦੇ ਕਰਮਚਾਰੀਆਂ ਨੂੰ ਰਾਸ਼ਟਰੀ ਜ਼ਿੰਮੇਵਾਰੀਆਂ ਨਿਭਾਉਣ ਲਈ ਆਪਣੇ ਇਕਾਈਆਂ ਵਿਚ ਜਾਣ ਦੀ ਆਗਿਆ ਦੇਣ। ਇਸੇ ਤਰ੍ਹਾਂ ਇਹ ਵੀ ਬੇਨਤੀ ਕੀਤੀ ਗਈ ਸੀ ਕਿ ਲੋਕਾਂ ਤਕ ਸਮੱਗਰੀ ਅਤੇ ਸੇਵਾਵਾਂ ਦੀ ਰਸਾਈ ਯਕੀਨੀ ਬਣਾਉਣ ਲਈ ਕੱਚੇ ਪਦਾਰਥ ਅਤੇ ਹੋਰ ਖੁਰਾਕ ਸਮੱਗਰੀ ਲਿਜਾਣ ਵਾਲੇ ਸਾਰੇ ਵਾਹਨਾਂ ਨੂੰ ਆਪਣੇ ਟਿਕਾਣਿਆਂ ਤਕ ਜਾਣ ਦੀ ਆਗਿਆ ਦਿੱਤੀ ਜਾਵੇ।

ਬੀਬਾ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲਾ ਮੌਜੂਦਾ ਹਾਲਾਤਾਂ ਅੰਦਰ ਜਰੂਰੀ ਖੁਰਾਕ ਸਮੱਗਰੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਮੌਜੂਦਾ ਤਾਲਾਬੰਦੀ ਕਰਕੇ ਉਦਯੋਗਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਕੈਬਨਿਟ ਸਕੱਤਰ ਅਤੇ ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਨੂੰ ਜਾਣੂ ਕਰਵਾ ਦਿੱਤਾ ਸੀ ਅਤੇ ਖੁਰਾਕ ਸਮੱਗਰੀ ਦੀ ਕਮੀ ਨੂੰ ਰੋਕਣ ਅਤੇ ਜਰੂਰੀ ਵਸਤਾਂ ਦੀ ਸਪਲਾਈ ਜਾਰੀ ਰੱਖਣ ਲਈ ਦਿਸ਼ਾ ਨਿਰਦੇਸ਼ਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

Share News / Article

Yes Punjab - TOP STORIES