ਸਰਕਾਰ ਅਤੇ ਸਮਾਜ ਦੇ ਮੱਥੇ ‘ਤੇ ਕਲੰਕ ਹੈ ਚੰਗਾਲੀਵਾਲਾ ਕਾਂਡ: ਹਰਪਾਲ ਸਿੰਘ ਚੀਮਾ

ਲਹਿਰਾਗਾਗਾ/ਸੰਗਰੂਰ, 17 ਨਵੰਬਰ, 2019:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਚੰਗਾਲੀਵਾਲਾ ਪਿੰਡ ‘ਚ ਜਾਤੀਵਾਦੀ ਤਸ਼ੱਦਦ ਦਾ ਸ਼ਿਕਾਰ ਹੋਏ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ 21ਵੀਂ ਸਦੀ ‘ਚ ਅਜਿਹੀ ਘਿਨੌਣੀ ਘਟਨਾ ਨਾ ਕੇਵਲ ਸਰਕਾਰ ਸਗੋਂ ਪੂਰੇ ਸਮਾਜ ‘ਤੇ ਕਲੰਕ ਹੈ।

ਐਤਵਾਰ ਇੱਥੇ ਪੀੜਤ ਪਰਿਵਾਰ ਨਾਲ ਦੁੱਖ ਵੰਡਾਉਣ ਅਤੇ ਇਨਸਾਫ਼ ਲਈ ਆਵਾਜ਼ ਉਠਾਉਣ ਪਹੁੰਚੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ‘ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਅਤੇ ਅਪਰਾਧੀ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਬੁਲੰਦੀਆਂ ‘ਤੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੰਗਾਲੀਵਾਲਾ ਦੇ ਇਸ ਅਣਮਨੁੱਖੀ ਅਤੇ ਸੁੰਨ ਕਰ ਦੇਣ ਵਾਲੇ ਕਤਲ ਕਾਂਡ ਨੇ ਪਿਛਲੀ ਬਾਦਲ ਸਰਕਾਰ ਦੌਰਾਨ ਅਬੋਹਰ ‘ਚ ਇਸੇ ਤਰ੍ਹਾਂ ਬੇਕਿਰਕੀ ਨਾਲ ਕਤਲ ਕੀਤੇ ਦਲਿਤ ਨੌਜਵਾਨ ਭੀਮ ਟਾਂਕ ਦੀ ਯਾਦ ਤਾਜ਼ਾ ਕਰ ਦਿੱਤੀ ਹੈ।

ਚੀਮਾ ਨੇ ਕਿਹਾ ਕਿ ਅੱਜ ਜਗਮੇਲ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਸੁਖਬੀਰ ਸਿੰਘ ਬਾਦਲ ਇਹ ਕਿਵੇਂ ਭੁੱਲ ਗਏ ਕਿ ਭੀਮ ਟਾਂਕ ਦੀ ਹੱਤਿਆ ਕਰਨ ਵਾਲੇ ਸ਼ਰਾਬ ਕਾਰੋਬਾਰੀ ਸਿਵਲਾਲ ਡੋਡਾ ਖ਼ੁਦ ਸੁਖਬੀਰ ਸਿੰਘ ਬਾਦਲ ਦਾ ਹੀ ਅਤਿ ਕਰੀਬੀ ਸੀ ਅਤੇ ਸ਼ਿਵ ਲਾਲ ਡੋਡਾ ਅਤੇ ਉਸ ਦੇ ਦੋਸ਼ੀ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਾਉਣ ਲਈ ਆਮ ਆਦਮੀ ਪਾਰਟੀ ਸਮੇਤ ਵੱਖ-ਵੱਖ ਸੰਗਠਨਾਂ ਅਤੇ ਲੋਕਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ ਸੀ।

ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਸਮੇਤ ਕਾਂਗਰਸੀਆਂ ਅਤੇ ਅਕਾਲੀ-ਭਾਜਪਾ ਨੂੰ ਇੱਕੋ ਥੈਲੀ ਦੇ ਚੱਟੇ-ਵੱਟੇ ਕਰਾਰ ਦਿੱਤਾ।

ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਲੋਕਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਸਰਕਾਰੀ ਨਾਕਾਮੀਆਂ ਅਤੇ ਜਾਤ-ਪਾਤ ਵਰਗੀਆਂ ਸਮਾਜਿਕ ਬੁਰਾਈਆਂ ਵਿਰੁੱਧ ਇੱਕਜੁੱਟ ਹੋ ਕੇ ਲੜਾਈ ਲੜੀ ਜਾਏ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਸਾਲਾ ਪ੍ਰਕਾਸ਼ ਪੁਰਬ ਮੌਕੇ ਅਜਿਹੀਆਂ ਘਟਨਾਵਾਂ ਗੁਰੂ ਸਮੇਤ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਹਨ, ਜਦਕਿ ਸਾਡੇ ਗੁਰੂ ਅਤੇ ਦੇਸ਼ ਦੇ ਸੰਵਿਧਾਨ ਨੇ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾ ਹੈ।

ਚੀਮਾ ਨੇ ਬਾਕੀ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਵਿਸ਼ੇਸ਼ ਫਾਸਟ ਕੋਰਟ ਰਾਹੀਂ ਦੋਸ਼ੀਆਂ ਨੂੰ ਤੁਰੰਤ ਸਖ਼ਤ ਸਜਾ ਦੇਣ ਦੀ ਮੰਗ ਕੀਤੀ ਤਾਂਕਿ ਅਪਰਾਧੀ ਅਨਸਰਾਂ ‘ਚ ਕਾਨੂੰਨ ਦਾ ਭੈਅ ਪੈਦਾ ਹੋ ਸਕੇ।

ਚੀਮਾ ਨੇ ਪੀੜ੍ਹਤ ਪਰਿਵਾਰ ਦੇ ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਘੱਟੋ ਘੱਟ 50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ।

ਚੀਮਾ ਨੇ ਦੱਸਿਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਜਗਮੇਲ ਦੇ ਮਾਮਲੇ ਨੂੰ ਪਾਰਲੀਮੈਂਟ ‘ਚ ਵੀ ਉਠਾਉਣਗੇ ਤਾਂ ਦਲਿਤਾਂ, ਗ਼ਰੀਬਾਂ ਅਤੇ ਆਮ ਲੋਕਾਂ ‘ਤੇ ਦਿਨ-ਪ੍ਰਤੀ-ਦਿਨ ਵਧ ਰਹੇ ਜ਼ੁਲਮ ਨੂੰ ਰੋਕਣ ਲਈ ਸੂਬਾ ਅਤੇ ਕੇਂਦਰ ਦੀਆਂ ਸੁੱਤੀਆਂ ਪਈਆਂ ਸਰਕਾਰਾਂ ਨੂੰ ਜਗਾਇਆ ਜਾ ਸਕੇ।

Share News / Article

Yes Punjab - TOP STORIES