ਯੈੱਸ ਪੰਜਾਬ
ਜਲਾਲਾਬਾਦ, ਫਾਜਿ਼ਲਕਾ, 1 ਮਈ, 2022:
ਪੰਜਾਬ ਦੇ ਸਕੂਲੀ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਸਕੂਲੀ ਸਿੱਖਿਆ ਦੇ ਵੱਡੇ ਸੁਧਾਰਾ ਦੇ ਲਏ ਅਹਿਦ ਕਾਰਨ ਵਿਦਿਆਰਥੀ ਸਰਕਾਰੀ ਸਕੂਲਾਂ ਵੱਲ ਖਿੱਚੇ ਆ ਰਹੇ ਹਨ। ਉਨ੍ਹਾਂ ਨੇ ਵਿਭਾਗ ਨੂੰ ਕਿਹਾ ਹੈ ਕਿ ਸਰਕਾਰੀ ਸਕੂਲਾਂ ਵਿਚ ਉਪਲਬੱਧ ਸਹੁਲਤਾਂ ਦੀ ਜਾਣਕਾਰੀ ਮਾਪਿਆਂ ਨੂੰ ਦਿੱਤੀ ਜਾਵੇ ਤਾਂ ਜ਼ੋ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾ ਸਕਨ।
ਉਹ ਜਲਾਲਾਬਾਦ ਦੇ ਦੌਰੇ ਦੌਰਾਨ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਕੂਲ ਵੱਲੋਂ ਸਥਾਪਿਤ ਦਾਖਲਾ ਕਾਊਂਟਰ ਦਾ ਮੁਆਇਨਾ ਕਰ ਰਹੇ ਸਨ।ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਫਾਜਿ਼ਲਕਾ ਦੇ ਵਿਧਾਇਕ ਸ: ਨਰਿੰਦਰਪਾਲ ਸਿੰਘ ਸਵਨਾ, ਬੱਲੂਆਣਾ ਦੇ ਵਿਧਾਇਕ ਸ: ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਜੀਰਾ ਦੇ ਵਿਧਾਇਕ ਸ੍ਰੀ ਨਰੇਸ਼ ਕਟਾਰੀਆ ਅਤੇ ਗੁੁਰੂਹਰਸਹਾਏ ਦੇ ਵਿਧਾਇਕ ਸ: ਫੌਜਾ ਸਿੰਘ ਸਰਾਰੀ ਵੀ ਹਾਜਰ ਸਨ।
ਇਸ ਕਾਊਂਟਰ ਤੇ ਸਕੂਲ ਵੱਲੋਂ ਸਕੂਲ ਵਿਚ ਉਪਲਬੱਧ ਸਹੁਲਤਾਂ ਅਤੇ ਸਰਕਾਰੀ ਸਕੂਲਾਂ ਵਿਚ ਵਿਦਿਆ ਦੇ ਚੰਗੇ ਹੋ ਰਹੇ ਮਿਆਰ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਮੌਕੇ ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਨੇ ਸਿੱਖਿਆ ਮੰਤਰੀ ਨੂੰ ਦੱਸਿਆ ਕਿ ਇਸ ਸਾਲ ਜਿ਼ਲ੍ਹੇ ਵਿਚ 10 ਫੀਸਦੀ ਜਿਆਦਾ ਦਾਖਲਿਆਂ ਦਾ ਟੀਚਾ ਮਿਥਿਆ ਗਿਆ ਹੈ।
ਇਸ ਤੋਂ ਬਿਨ੍ਹਾਂ ਸਿੱਖਿਆ ਮੰਤਰੀ ਨੇ ਰਾਜਸਥਾਨ ਵਿਖੇ ਸਕਾਊਟ ਅਤੇ ਗਾਇਡ ਦੇ ਲੱਗੇ ਕੈਂਪ ਵਿਚ ਸਿ਼ਰਕਤ ਕਰਨ ਵਾਲੇ ਵਿਦਿਆਰਥੀਆਂ ਦੀ ਵੀ ਹੌਂਸਲਾਂ ਅਫਜਾਈ ਕੀਤੀ। ਜਿਕਰਯੋਗ ਹੈ ਕਿ ਰਾਸ਼ਟਰੀ ਪੱਧਰ ਤੇ ਬਨਸਵਾੜਾ ਵਿਖੇ ਲੱਗੇ ਕੈਂਪ ਵਿਚ ਪੰਜਾਬ ਦੀ ਟੀਮ ਨੇ ਬਿਹਤਰ ਕਾਰਗੁਜਾਰੀ ਦਾ ਪ੍ਰਦਰਸ਼ਨ ਕਰਦਿਆਂ 7 ਇਨਾਮ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ।
ਪੰਜਾਬ ਦੀ ਟੀਮ ਵਿਚ ਫਾਜਿ਼ਲਕਾ ਜਿ਼ਲ੍ਹੇ ਦੇ ਸਰਕਾਰੀ ਹਾਈ ਸਕੂਲ ਪ੍ਰਭਾਤ ਸਿੰਘ ਵਾਲਾ ਅਤੇ ਸਰਕਾਰੀ ਹਾਈ ਸਕੂਲ ਸਵਾਹ ਵਾਲਾ ਦੇ ਕੁੱਲ 16 ਸਕਾਊਟ ਅਤੇ ਗਾਇਡਜ਼ ਨੇ ਭਾਗ ਲਿਆ। ਇੰਨ੍ਹਾਂ ਦਾ ਗਾਇਡ ਸਕਾਊਟ ਮਾਸਟਰ ਸ: ਗੁਰਵਿੰਦਰ ਸਿੰਘ, ਸਰਬੂਟਾ ਸਿੰਘ, ਸ੍ਰੀਮਤੀ ਪਰਮਿੰਦਰ ਕੌਰ ਦੀ ਅਗਵਾਈ ਵਿਚ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ