ਸਰਕਾਰੀਆ ਵੱਲੋਂ ਸਤਲੁਜ, ਬਿਆਸ ਦਰਿਆਵਾਂ ਤੇ ਡ੍ਰੇਨਾਂ ਦਾ ਦੌਰਾ, ਹੜ੍ਹਾਂ ਦੀ ਰੋਕਥਾਮ ਲਈ ਇੰਤਜ਼ਾਮਾਂ ਸੰਬੰਧੀ ਦਿੱਤੇ ਹੁਕਮ

ਚੰਡੀਗੜ, 20 ਜੁਲਾਈ, 2019 –
ਪੰਜਾਬ ਦੇ ਜਲ ਸ਼੍ਰੋਤ ਮੰਤਰੀ ਸ: ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਸਤਲੁਜ ਅਤੇ ਬਿਆਸ ਦਰਿਆਵਾਂ ਅਤੇ ਅੰਮ੍ਰਿਤਸਰ, ਫਿਰੋਜ਼ਪੁਰ, ਮੋਗਾ ਜ਼ਿਲਿਆਂ ਵਿਚ ਪੈਂਦੀਆਂ ਡ੍ਰੇਨਾਂ ਦਾ ਦੌਰਾ ਕਰਕੇ ਪਿੱਛਲੇ ਦਿਨਾਂ ਦੌਰਾਨ ਰਾਜ ਵਿਚ ਪਏ ਭਾਰੀ ਮੀਂਹਾਂ ਤੋਂ ਬਾਅਦ ਉਪਜੀ ਸਥਿਤੀ ਦਾ ਜਾਇਜ਼ਾ ਲਿਆ।

ਇਸ ਦੌਰੇ ਦੌਰਾਨ ਕੈਬਨਿਟ ਮੰਤਰੀ ਨੇ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਕਿ ਹੜ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਸਾਰੇ ਢੁਕਵੇਂ ਕਦਮ ਚੁੱਕੇ ਜਾਣ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਇਸ ਦੌਰੇ ਦੌਰਾਨ ਸ: ਸਰਕਾਰੀਆ ਨੇ ਅੱਜ ਮੌਜਗੜ ਡ੍ਰੇਨ, ਜ਼ੀਰਾ ਡ੍ਰੇਨ, ਮੁੱਦਕੀ ਡ੍ਰੇਨ, ਪੱਕਾ ਡ੍ਰੇਨ, ਲੰਗੇਆਣਾ ਡ੍ਰੇਨ ਤੋਂ ਇਲਾਵਾ ਤਰਨਤਾਰਨ ਜ਼ਿਲ੍ਹੇ ਵਿਚ ਪੈਂਦੇ ਹਰੀਕੇ ਹੈਡਵਰਕਸ ਦਾ ਵੀ ਦੌਰਾ ਕੀਤਾ। ਇਸ ਦੌਰੇ ਦੌਰਾਨ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਹੜਾਂ ਨਾਲ ਨਜਿੱਠਣ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਤਰਾਂ ਨਾਲ ਤਿਆਰ ਹੈ।

ਇਸ ਮੌਕੇ ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਪ੍ਰਭਾਵਿਤਾਂ ਨੂੰ ਹਰ ਪ੍ਰਕਾਰ ਦੀ ਸੰਭਵ ਮਦਦ ਪੁੱਜਦੀ ਕਰੇਗੀ ਅਤੇ ਸਰਕਾਰੀ ਮਸ਼ੀਨਰੀ ਨੂੰ ਹੜ ਰਾਹਤ ਕਾਰਜਾਂ ਵਿਚ ਮੁਸਤੈਦੀ ਨਾਲ ਤਾਇਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਨਿਕਾਸੀ ਤੋਂ ਬਾਅਦ ਫਸਲਾਂ ਦੇ ਹੋਏ ਨੁਕਸਾਨ ਦਾ ਪਤਾ ਲਗਾਉਣ ਲਈ ਸਰਕਾਰ ਵੱਲੋਂ ਵਿਸੇਸ਼ ਗਿਰਦਾਵਰੀ ਕਰਵਾਈ ਜਾਵੇਗੀ।

ਇਸ ਮੌਕੇ ਉਨ੍ਹਾਂ ਨਾਲ ਚੀਫ ਇੰਜਨੀਅਰ ਨਹਿਰਾਂ ਸ੍ਰੀ ਜਗਮੋਹਨ ਸਿੰਘ ਮਾਨ, ਚੀਫ ਇੰਜਨੀਅਰ ਡ੍ਰੇਨਜ਼ ਸ੍ਰੀ ਸੰਜੀਵ ਕੁਮਾਰ ਗੁਪਤਾ ਤੋਂ ਇਲਾਵਾ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀ ਹਾਜਰ ਸਨ।

Share News / Article

Yes Punjab - TOP STORIES