ਸਰਕਾਰੀਆ ਵੱਲੋਂ ਡਰੇਨੇਜ਼ ਵਿਭਾਗ ਨੂੰ ਸ਼ਾਹਕੋਟ ਵਿੱਚ ਸਾਰੇ ਪਾੜ ਇਕ ਹਫ਼ਤੇ ਵਿੱਚ ਪੂਰਨ ਦੇ ਹੁਕਮ

ਜਾਨੀਆ (ਜਲੰਧਰ), 30 ਅਗਸਤ, 2019 –
ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਹਕੋਟ ਸਬ-ਡਵੀਜ਼ਨ ਵਿੱਚ ਸਾਰੇ ਪਾੜ ਪੂਰਨ ਦੇ ਚੱਲ ਰਹੇ ਕੰਮ ਨੂੰ ਇੱਕ ਹਫਤੇ ਵਿੱਚ ਮੁਕੰਮਲ ਕਰਨ ਦੇ ਹੁਕਮ ਦਿੱਤੇ।

ਮੰਤਰੀ ਨਾਲ ਵਿਧਾਇਕ ਸ੍ਰੀ ਹਰਦੇਵ ਸਿੰਘ ਲਾਡੀ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੀ ਹਾਜ਼ਰ ਸਨ ਜਿਨ੍ਹਾਂ ਨੇ ਪਿੰਡ ਜਾਨੀਆ ਵਿਖੇ ਪਏ ਪਾੜ ਨੂੰ ਪੂਰਨ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਜਾਨੀਆ ਵਿਖੇ ਚੱਲ ਰਹੇ ਕੰਮ ਤੋਂ ਇਲਾਵਾ ਸ਼ਾਹਕੋਟ ਵਿੱਚ ਬਾਕੀ ਸਾਰੇ 11 ਪਾੜ ਪੂਰਨ ਦਾ ਕੰਮ ਆਉਂਦੇ ਹਫਤੇ ਤੱਕ ਮੁਕੰਮਲ ਕਰ ਲਿਆ ਜਾਵੇਗਾ। ਸ੍ਰੀ ਸਰਕਾਰੀਆ ਨੇ ਕਿਹਾ ਕਿ ਇਹ ਪਾੜ ਭਰਨ ਦਾ ਕੰਮ ਜੰਗੀ ਪੱਧਰ ‘ਤੇ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਬਹੁਤ ਛੇਤੀ ਨਿਬੇੜ ਲਿਆ ਜਾਵੇਗਾ।

ਪਾੜ ਪੂਰਨ ਦੇ ਚੱਲ ਰਹੇ ਕੰਮ ਦੀ ਗਤੀ ‘ਤੇ ਤਸੱਲੀ ਜ਼ਾਹਰ ਕਰਦਿਆਂ ਮੰਤਰੀ ਨੇ ਅਧਿਕਾਰੀਆਂ ਨੂੰ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਆਖਿਆ ਤਾਂ ਕਿ ਇਸ ਨੂੰ ਛੇਤੀ ਤੋਂ ਛੇਤੀ ਮੁਕੰਮਲ ਕੀਤਾ ਜਾ ਸਕੇ। ਸ੍ਰੀ ਸਰਕਾਰੀਆ ਨੇ ਕਿਹਾ ਕਿ ਇਸ ਕੰਮ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੰਮ ਫੌਜ ਦੀ ਸਿੱਧੀ ਨਿਗਰਾਨੀ ਹੇਠ ਜੰਗੀ ਪੱਧਰ ‘ਤੇ ਚੱਲ ਰਿਹਾ ਹੈ।

ਜਲ ਸਰੋਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਾਹਕੋਟ ਸਬ-ਡਵੀਜ਼ਨ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਹਾਲਾਤ ਛੇਤੀ ਤੋਂ ਛੇਤੀ ਆਮ ਵਾਂਗ ਬਣਾਉਣ ਲਈ ਜ਼ੋਰਦਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਵਿੱਚ ਪਾੜ ਪੂਰਨ ਦੇ ਚੱਲ ਰਹੇ ਸਮੁੱਚੇ ਕੰਮ ਦੀ ਉਹ ਨਿੱਜੀ ਤੌਰ ‘ਤੇ ਨਿਗਰਾਨੀ ਕਰ ਰਹੇ ਹਨ।

ਇਸ ਤੋਂ ਪਹਿਲਾਂ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਮੰਤਰੀ ਨੂੰ ਹੜ੍ਹਾਂ ਦੀ ਲਪੇਟ ਵਿੱਚ ਆਏ ਪਿੰਡਾਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਅਤੇ ਹੋਰ ਕੰਮਾਂ ਬਾਰੇ ਜਾਣੂ ਕਰਵਾਇਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ, ਐਸ.ਡੀ.ਐਮ ਡਾ. ਚਾਰੂਮਿਤਾ, ਡਰੇਨੇਜ਼ ਦੇ ਚੀਫ ਇੰਜੀਨੀਅਰ ਸ੍ਰੀ ਸੰਜੀਵ ਗੁਪਤਾ, ਨਿਗਰਾਨ ਇੰਜੀਨੀਅਰ ਸ੍ਰੀ ਆਰ.ਪੀ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

Share News / Article

Yes Punjab - TOP STORIES