ਸਮਾਂ ਮਿਲਦਾ ਤਾਂ ਬਾਦਲ, ਮਜੀਠੀਆ ਕੀ ਕੈਪਟਨ ਨੂੰ ਵੀ ਕਰ ਦਿੰਦਾ ਅੰਦਰ: ਸੁਖ਼ਜਿੰਦਰ ਰੰਧਾਵਾ

ਯੈੱਸ ਪੰਜਾਬ
ਚੰਡੀਗੜ੍ਹ, 12 ਦਸੰਬਰ, 2021:
ਪੰਜਾਬ ਦੇ ਉਪ-ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਐਤਵਾਰ ਨੂੰ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਬਹੁਤ ਘੱਟ ਸਮਾਂ ਮਿਲਿਆ ਹੈ ਨਹੀਂ ਤਾਂ ਬਾਦਲ ਅਤੇ ਮਜੀਠੀਆ ਤਾਂ ਕੀ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੰਦਰ ਕਰ ਦਿੰਦੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਟੀ.ਵੀ.ਚੈਨਲ ਨਾਲ ਇੰਟਰਵਿਊ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਸਵਾਲ ਉਠਾਇਆ ਸੀ ਕਿ ਉਨ੍ਹਾਂ ਦੇ ਮੁੱਖ ਮੰਤਰੀ ਵਜੋਂ ਲਾਂਭੇ ਹੋਣ ਤੋਂ ਬਾਅਦ ਅਤੇ ਸੁਖ਼ਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ ਨਾਲ ਸੰਬੰਧਤ ਕੇਸਾਂ ਵਿੱਚ ਕੀ ‘ਪ੍ਰੋਗਰੈਸ’ ਹੋਈ ਹੈ। ਉਨ੍ਹਾਂ ਨੇ ਆਖ਼ਿਆ ਸੀ ਕਿ ਲੋਕਾਂ ਨੂੰ ਇਹ ਕਹਿ ਕੇ ਭੜਕਾਇਆ ਗਿਆ ਕਿ ਅਸੀਂ ਫ਼ੜਾਂਗੇ, ਅੰਦਰ ਕਰਾਂਗੇ ਪਰ ਇਸ ਮਾਮਲੇ ਵਿੱਚ ਕੁਝ ਨਹੀਂ ਹੋਇਆ।

ਇਸ ਬਾਰੇ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਝੂਠੀ ਸਹੁੰ ਖ਼ਾ ਕੇ 4 ਸਾਲ ਬਾਦਲਾਂ ਨਾਲ ਰਿਸ਼ਤੇਦਾਰੀ ਨਿਭਾਉਂਦੇ ਰਹੇ ਅਤੇ ਅਜੇ ਤਾਂ ਉਨ੍ਹਾਂ ਨੂੰ ਮਹਿਜ਼ ਢਾਈ ਮਹੀਨੇ ਹੀ ਮਿਲੇ ਹਨ।

ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਕੋਲ ਵੱਧ ਸਮਾਂ ਹੁੰਦਾ ਤਾਂ ਬਾਦਲ ਅਤੇ ਮਜੀਠੀਆ ਕੀ, ਉਹ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੰਦਰ ਕਰ ਦਿੰਦੇ।

ਯਾਦ ਰਹੇ ਕਿ ਕਾਂਗਰਸ ਛੱਡਣ ਉਪਰੰਤ ‘ਪੰਜਾਬ ਲੋਕ ਕਾਂਗਰਸ’ ਨਾਂਅ ਦੀ ਨਵੀਂ ਪਾਰਟੀ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਹੁਣ ਕਾਂਗਰਸ ਲਈ 2022 ਚੋਣਾਂ ਵਿੱਚ ਭਾਜਪਾ ਅਤੇ ਅਕਾਲੀ ਦਲ ਸੰਯੁਕਤ ਨਾਲ ਰਲ ਕੇ ਚੁਣੌਤੀ ਪੇਸ਼ ਕਰਨ ਦਾ ਐਲਾਨ ਕਰ ਚੁੱਕੇ ਹਨ।