ਐਸ.ਏ.ਐਸ ਨਗਰ, 18 ਜਨਵਰੀ, 2020 –
ਅੱਜ ਮਹਾਰਾਸ਼ਟਰ ਦੇ ਪੁਣੇ ਵਿਖੇ ਸਮਾਪਤ ਹੋਈ 13 ਵੀਂ ਆਲ ਇੰਡੀਆ ਪੁਲਿਸ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ, ਸਬ ਇੰਸਪੈਕਟਰ ਅਜੀਤੇਸ਼ ਕੌਸ਼ਲ ਨੇ ਆਪਣਾ ਲੋਹਾ ਮਨਵਾਇਆ।
ਸੂਬੇ ਦੇ ਏ.ਆਈ.ਜੀ ਪੁਲਿਸ(ਅਪਰਾਧ) ਸ੍ਰੀ ਰਾਕੇਸ਼ ਕੌਸ਼ਲ ਦੇ ਪੁੱਤਰ ਅਤੇ ਐਸ ਏ ਐਸ ਨਗਰ ਵਿਖੇ ਮੌਜੂਦਾ ਤਾਇਨਾਤ ਅਧਿਕਾਰੀ ਨੇ ਚੈਂਪੀਅਨਸ਼ਿਪ ਵਿੱਚ 3 ਤਮਗੇ ਜਿੱਤੇ ਹਨ। ਉਸਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਲੰਡਨ ਓਲੰਪਿਕ ਦੇ ਸਿਲਵਰ ਮੈਡਲਿਸਟ ਵਿਜੈ ਕੁਮਾਰ ਨੂੰ ਪਛਾੜ ਕੇ ਸੋਨ ਤਮਗਾ ਜਿੱਤਿਆ।
ਅਜੀਤੇਸ਼ ਵੀ ਪੰਜਾਬ ਪੁਲਿਸ ਦੀ ਟੀਮ ਦਾ ਹਿੱਸਾ ਸੀ ਜਿਸਨੇ ਇਸੇ ਹੀ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ। ਇੰਨਾ ਹੀ ਨਹੀਂ, ਅਜੀਤੇਸ਼ ਨੇ ਚੈਂਪੀਅਨਸ਼ਿਪ ਵਿਚ ਸਟੈਂਡਰਡ ਪਿਸਟਲ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ।
ਅਜੀਤੇਸ਼ ਇਕ ਅੰਤਰਰਾਸ਼ਟਰੀ ਪੱਧਰ ਦਾ ਨਿਸ਼ਾਨੇਬਾਜ਼ ਹੈ ਅਤੇ ਉਸਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਹੀ ਉਸਨੂੰ ਦੋ ਸਾਲ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਤੌਰ ਤੇ ਭਰਤੀ ਕੀਤਾ ਸੀ।