ਸਫਰ ਏ ਅਕਾਲੀ ਦੀ ਥਾਂ ਸਫਰ ਏ ਕਾਂਗਰਸ ਬਣਿਆ ਵਿਰੋਧੀਆਂ ਦਾ ਸਮਾਗਮ : ਹਰਮੀਤ ਸਿੰਘ ਕਾਲਕਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਨਵੀਂ ਦਿੱਲੀ, 19 ਜਨਵਰੀ, 2020:

ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਲਕਾ ਨੇ ਕੱਲ ਮਨਜੀਤ ਸਿੰਘ ਜੀ. ਕੇ. ਵੱਲੋਂ ਕਰਵਾਈ ਸਫਰ ਏ ਅਕਾਲੀ ਕਾਨਫਰੰਸ ਦੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਕਾਨਫਰੰਸ ਸਫਰ ਏ ਅਕਾਲੀ ਦੀ ਥਾਂ ਸਫਰ ਏ ਕਾਂਗਰਸ ਸਾਬਤ ਹੋਈ ਹੈ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਦਿਲਚਸਪੀ ਵਾਲੀ ਗੱਲ ਇਹ ਹੈ ਕਿ ਇਸ ਸਮਾਗਮ ਵਿਚ ਜਿਹੜੇ ਬੁਲਾਰੇ ਸ਼ਾਮਲ ਹੋਏ, ਉਹਨਾਂ ਵਿਚ ਬਹੁਤ ਗਿਣਤੀ ਕਾਂਗਰਸ ਦੇ ਸਨ ਤੇ ਕਾਂਗਰਸੀ ਏਜੰਟਾਂ ਵਜੋਂ ਲੋਕਾਂ ਵਿਚ ਵਿਚਰਦੇ ਹਨ। ਉਹਨਾਂ ਕਿਹਾ ਕਿ ਇਸ ਕਾਨਫਰੰਸ ਵਿਚ ਨਾ ਤਾਂ ਅਕਾਲੀ ਦਲ ਬਾਰੇ ਚਰਚਾ ਕੀਤੀ ਗਈ ਤੇ ਜੋ ਦਾਅਵੇ ਕੀਤੇ ਗਏ, ਉਹ ਸਾਰੇ ਹਾਸੋਹੀਣੇ ਹਨ। ਉਹਨਾਂ ਕਿਹਾ ਕਿ ਜੋ ਲੀਡਰਸ਼ਿਪ ਸਟੇਜ ‘ਤੇ ਬੈਠੀ ਸੀ ਉਹ ਸਾਰੀ ਕਾਂਗਰਸ ਦੀ ਬੀ ਟੀਮ ਵੀ ਹਨ।

ਉਹਨਾਂ ਕਿਹਾ ਕਿ ਜੋ ਸਟੇਜ ਸੰਭਾਲਣ ਵਾਲੇ ਤੇ ਸਟੇਜ ‘ਤੇ ਬੋਲਣ ਵਾਲੇ ਬੁਲਾਰੇ ਸੀ, ਉਹਨਾਂ ਸਭ ਨੇ ਕਾਂਗਰਸ ਪਾਰਟੀ ਦੀ ਚਰਚਾ ਕੀਤੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਥਾਂ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਜਦਕਿ ਅਸਲੀਅਤ ਇਹ ਹੈ ਕਿ ਇਹ ਆਗੂ ਪਹਿਲਾਂ ਬਾਦਲ ਸਾਹਿਬ ਦੇ ਨਾਲ ਮਿਲ ਕੇ ਕੰਮ ਕਰਦੇ ਸਨ ਤੇ ਉਹਨਾਂ ਤੋਂ ਵਜ਼ਾਰਤਾਂ ਤੇ ਹੋਰ ਲਾਭ ਲੈਂਦੇ ਰਹੇ।

ਉਹਨਾਂ ਕਿਹਾ ਕਿ ਭਾਵੇਂ ਬੀਰਦਵਿੰਦਰ ਹੋਵੇ ਜਾਂ ਪਰਮਜੀਤ ਸਿੰਘ ਸਰਨਾ ਇਹ ਸਭ ਬਾਦਲ ਪਰਿਵਾਰ ਦੇ ਨਾਲ ਲੱਗਕੇ ਹੀ ਸਿਆਸੀ ਤੌਰ ‘ਤੇ ਉਭਰੇ ਹਨ। ਉਹਨਾਂ ਕਿਹਾ ਕਿ ਸਰਨਾ ਇਹ ਨਾ ਭੁੱਲਣ ਕਿ ਜਦੋਂ ਉਹ ਪਹਿਲੀ ਵਾਰ ਪ੍ਰਧਾਨ ਬਣੇ ਸਨ ਤਾਂ ਸਿਰਫ ਬਾਦਲ ਪਰਿਵਾਰ ਦੀ ਬਦੌਲਤ ਹੀ ਪ੍ਰਧਾਨ ਬਣੇ ਸਨ।

ਉਹਨਾਂ ਨੇ ਮਨਜੀਤ ਸਿੰਘ ਜੀ. ਕੇ. ਨੂੰ ਵੀ ਚੇਤੇ ਕਰਵਾਇਆ ਕਿ ਦਿੱਲੀ ਵਿਚ ਪਹਿਲਾਂ ਉਹਨਾਂ ਦਾ ਕੋਈ ਵਜੂਦ ਨਹੀਂ ਸੀ ਅਤੇ ਜਦੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਤੇ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਕ ਚੋਣਾਂ ਲੜੀਆਂ ਤਾਂ ਹੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਉਹਨਾਂ ਕਿਹਾ ਕਿ ਜੀ. ਕੇ. ਨੂੰ ਅਦਾਲਤ ਨੇ ਗੋਲਕ ਚੋਰੀ ਦੇ ਦੋਸ਼ਾਂ ਵਿਚ ਮੁਲਜ਼ਮ ਬਣਾਇਆ ਹੈ, ਇਸ ਵਿਚ ਅਕਾਲੀ ਦਲ ਦਾ ਕੀ ਦੋਸ਼ ਹੈ ?

ਉਹਨਾਂ ਕਿਹਾ ਕਿ ਜੇਕਰ ਜੀ. ਕੇ. ਅਜਿਹੀਆਂ ਹਰਕਤਾਂ ਨਾ ਕਰਦੇ ਤੇ ਗੁਰੂ ਦੇ ਨਿਮਾਣੇ ਸਿੰਘ ਵਜੋਂ ਸੰਗਤ ਦੀ ਸੇਵਾ ਕਰਦੇ ਤਾਂ ਸੰਗਤ ਨੂੰ ਕੋਈ ਇਤਰਾਜ਼ ਨਹੀਂ ਸੀ ਪਰ ਜਦੋਂ ਅਦਾਲਤ ਵਿਚ ਉਹ ਗੋਲਕ ਚੋਰ ਸਾਬਤ ਹੋਏ ਹਨ ਤਾਂ ਅਕਾਲੀ ਦਲ ਨੂੰ ਮਜਬੂਰਨ ਸੰਗਤ ਦੇ ਰੋਹ ਨੂੰ ਵੇਖਦਿਆਂ ਉਹਨਾਂ ਖਿਲਾਫ ਕਾਰਵਾਈ ਕਰਨੀ ਪਈ ਹੈ।

ਪ੍ਰਬੰਧਕਾਂ ਖਾਸ ਤੌਰ ‘ਤੇ ਮਨਜੀਤ ਸਿੰਘ ਜੀ. ਕੇ. ‘ਤੇ ਹਮਲਾ ਬੋਲਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਇਹਨਾਂ ਜ਼ੀਰੋ ਬੰਦਿਆਂ ਦੇ ਜਾਣ ਨਾਲ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣਾ ਤੇ ਅਕਾਲੀ ਦਲ ਚੜਦੀਕਲਾ ਵਿਚ ਹੈ ਤੇ ਚੜਦੀਕਲਾ ਵਿਚ ਰਹੇਗਾ । ਉਹਨਾਂ ਕਿਹਾ ਕਿ ਦਿੱਲੀ ਵਿਚ ਅਕਾਲੀ ਦਲ ਪੂਰੀ ਤਰ•ਾਂ ਮਜ਼ਬੂਤ ਹੈ ਅਤੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵੀ ਵਿਚ ਲਾਮਿਸਾਲ ਜਿੱਤ ਦਰਜ ਕਰੇਗਾ।

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਮੌਜੂਦਾ ਵਿਧਾਨ ਸਭਾ ਚੋਣਾਂ ਵਾਸਤੇ ਭਾਜਪਾ ਨਾਲ ਗੱਲ ਚਲ ਰਹੀ ਹੈ ਤੇ ਅਕਾਲੀ ਦਲ ਦੇ ਚਾਰ ਸੀਟਾਂ ‘ਤੇ ਚੋਣਾਂ ਲੜਨ ਦੀ ਸੰਭਾਵਨਾ ਹੈ।


 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •