ਸਨਪ੍ਰੀਤ ਮਾਂਗਟ ਦੇ ਕਾਤਲਾਂ ਵੱਲੋਂ ਇਕ ਹੋਰ ਕਤਲ ਦਾ ਖ਼ੁਲਾਸਾ, ਦੋ ਦੋਸ਼ੀਆਂ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ ਇਕ ਹੋਰ ਕਤਲ

ਨਵਾਂਸ਼ਹਿਰ, 26 ਮਾਰਚ, 2020 –

ਸਨਪ੍ਰੀਤ ਸਿੰਘ ਮਾਂਗਟ ਦੇ ਕਾਤਲਾਂ ਨੇ ਪੁਲਿਸ ਰਿਮਾਂਡ ਦੌਰਾਨ ਇੱਕ ਹੋਰ ਵਿਅਕਤੀ ਨੂੰ ਕਤਲ ਕਰਨ ਦਾ ਖੁਲਾਸਾ ਕੀਤਾ ਹੈ। ਇਨ੍ਹਾਂ 6 ਦੋਸ਼ੀਆਂ ’ਚ ਸ਼ਾਮਿਲ ਜਗਦੀਪ ਸਿੰਘ ਉਰਫ਼ ਬੱਬੂ ਬਾਜਵਾ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਸਰਹੰਦੀਆਂ ਥਾਣਾ ਰਾਹੋਂ, ਹਰਸ਼ ਪੁੱਤਰ ਸੁਰਿੰਦਰ ਕੁਮਾਰ ਵਾਸੀ ਰੋਂਤਾ ਮੁਹੱਲਾ ਰਾਹੋਂ ਨੇ ਆਪਣੇ ਦੋ ਹੋਰ ਨਬਾਲਗ਼ ਸਾਥੀਆਂ ਨਾਲ ਮਿਲ ਕੇ ਜਸਵੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸਿਆਣਾ ਥਾਣਾ ਸਿਟੀ ਬਲਾਚੌਰ ਦਾ ਬੀਤੀ 21 ਮਾਰਚ ਨੂੰ ਲੁੱਟ-ਖੋਹ ਦੀ ਨੀਯਤ ਨਾਲ ਕਤਲ ਕਰ ਦਿੱਤਾ ਸੀ।

ਇਹ ਜਾਣਕਾਰੀ ਦਿੰਦਿਆਂ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਕਿ ਉਕਤ ਗ੍ਰੰਥੀ ਜਸਵੀਰ ਸਿੰਘ ਘਟਨਾ ਦੀ ਰਾਤ ਨੂੰ ਕਰੀਬ 8:30 ਵਜੇ ਥਾਣਾ ਰਾਹੋਂ ਦੇ ਪਿੰਡ ਸੁਲਤਾਨਪੁਰ ਤੋਂ ਪਾਠ ਦੀ ਰੌਲ ਲਗਾ ਕੇ ਆਪਣੇ ਘਰ ਸਕੂਟਰੀ ’ਤੇ ਵਾਪਸ ਜਾ ਰਿਹਾ ਸੀ ਜਦੋਂ ਇਨ੍ਹਾਂ ਮੁਲਜ਼ਮਾਂ ਨੇ ਉਸ ਨੂੰ ਰਸਤੇ ’ਚ ਲੁੱਟ ਦੀ ਨੀਯਤ ਨਾਲ ਘੇਰ ਲਿਆ ਅਤੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਇਸ ਗਿਰੋਹ ਵੱਲੋਂ ਪੁੱਛ-ਗਿੱਛ ’ਚ ਖੁਲਾਸਾ ਕੀਤਾ ਜਾ ਰਿਹਾ ਹੈ, ਜੇਕਰ ਇਹ ਗਿਰੋਹ ਪੁਲਿਸ ਦੇ ਹੱਥ ਨਾ ਆਉਂਦਾ ਤਾਂ ਸਮਾਜ ਲਈ ਹੋਰ ਵੀ ਘਾਤਕ ਸਿੱਧ ਹੁੰਦਾ। ਉਨ੍ਹਾਂ ਦੱਸਿਆ ਕਿ ਬੱਬੂ ਪਾਸੋਂ ਬਰਾਮਦ ਤੇਜ਼ਧਾਰ ਹਥਿਆਰ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਜ਼ਖ਼ਮ ਨੂੰ ਦੇਖ ਕੇ ਪਹਿਲੀ ਨਜ਼ਰੇ ਇਹ ਜਾਪੇ ਕਿ ਜ਼ਖਮ ਹਾਦਸੇ ਦਾ ਹੈ ਪਰੰਤੂ ਅੰਦਰੋ ਸਰੀਰ ਬੁਰੀ ਤਰ੍ਹਾਂ ਕੱਟਿਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮਿ੍ਰਤਕ ਜਸਵੀਰ ਸਿੰਘ ਦੀ ਲਾਸ਼ ਸ਼ਮਸ਼ਾਨਘਾਟ ਪਿੰਡ ਰਾਮਗੜ੍ਹ ਜਾਡਲਾ ਰਾਹੋਂ ਰੋਡ ਤੋਂ ਮਿਲੀ ਸੀ, ਜਿਸ ’ਤੇ ਗੰਭੀਰ ਸੱਟਾਂ ਸਨ ਅਤੇ ਸੜ੍ਹਕ ਦੇ ਕਿਨਾਰੇ ’ਤੇ ਸਮੇਤ ਸਕੂਟਰੀ ਡਿੱਗਿਆ ਪਿਆ ਸੀ।

ਇਸ ਸਬੰਧੀ ਥਾਣਾ ਸਦਰ ਨਵਾਂਸ਼ਹਿਰ ਪੁਲਿਸ ਵੱਲੋਂ ਦਰਬਾਰਾ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਵਾਰਡ ਨੰਬਰ ਇੱਕ, ਸਿਆਣਾ ਥਾਣਾ ਬਲਾਚੌਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ’ਤੇ ਮੁਕੱਦਮਾ ਨੰਬਰ 21 ਮਿਤੀ 22-03-2020 ਅ/ਧ 279,304-ਏ ਆਈ ਪੀ ਸੀ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਮੌਕੇ ਮਾਮਲਾ ਪੂਰਾ ਸਪੱਸ਼ਟ ਨਾ ਹੋਣ ਕਾਰਨ, ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਇਆ ਗਿਆ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਮੁੱਕਦਮਾ ਨੰਬਰ 47 ਮਿਤੀ 11-05-2020 ਅ/ਧ 302,397 ਭ.ਦ ਥਾਣਾ ਰਾਹੋਂ ਵਿੱਚ ਗਿ੍ਰਫ਼ਤਾਰ ਦੋਸ਼ੀਆਂ ’ਚੋਂ ਦੋ ਮੁਲਜ਼ਮਾਂ ਜਗਦੀਪ ਸਿੰਘ ਉਰਫ ਬੱਬੂ ਬਾਜਵਾ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਸਰਹੰਦੀਆਂ ਥਾਣਾ ਰਾਹੋਂ, ਹਰਸ਼ ਪੁੱਤਰ ਸੁਰਿੰਦਰ ਕੁਮਾਰ ਵਾਸੀ ਰੋਤਾ ਮੁਹੱਲਾ ਰਾਹੋਂ ਨੇ ਉਕਤ ਮਿ੍ਰਤਕ ਜਸਵੀਰ ਸਿੰਘ ਦਾ ਮਿਤੀ 21-03-2020 ਨੂੰ ਆਪਣੇ ਦੋ ਹੋਰ ਨਬਾਲਗ਼ ਸਾਥੀਆਂ ਨਾਲ ਮਿਲ ਕੇ ਲੁੱਟ-ਖੋਹ ਕਰਨ ਦੀ ਨੀਯਤ ਨਾਲ ਸਰੀਰਕ ਸੱਟਾਂ ਮਾਰ ਕੇ ਕਤਲ ਕਰਨ ਬਾਰੇ ਇੰਕਸ਼ਾਫ਼ ਕਰਨ ਅਤੇ ਮਿ੍ਰਤਕ ਜਸਵੀਰ ਸਿੰਘ ਦੀ ਮਿਤੀ 25-05-2020 ਦੀ ਪੋਸਟ ਮਾਰਟਮ ਦੀ ਰਿਪੋਰਟ ’ਚ ਡਾਕਟਰਾਂ ਵਲੋਂ ਮਿ੍ਰਤਕ ਦੇ 6 ਸੱਟਾਂ (3 ਛਾਤੀ, 2 ਸਿਰ ਅਤੇ ਇੱਕ ਹੱਥ) ਲੱਗਣੀਆਂ ਦੱਸੀਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਆਧਾਰ ’ਤੇ ਮੁਕੱਦਮਾ ਨੰਬਰ 21 ਮਿਤੀ 22-03-2020 ਅ/ਧ 279,304-ਏ ਆਈ ਪੀ ਸੀ ਥਾਣਾ ਸਦਰ ਨਵਾਂਸ਼ਹਿਰ ਵਿੱਚ ਵਾਧਾ ਜੁਰਮ 302, 397 ਭਾਰਤੀ ਦੰਡ ਵਿਧਾਨ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਨਾਬਾਲਗ਼ਾਂ ਨੂੰ ਅੱਜ ਜੁਵੇਨਾਈਲ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵੱਲੋਂ ਉਨ੍ਹਾਂ ਨੂੰ ‘ਅਬਜ਼ਰਵੇਸ਼ਨ ਹੋਮ’ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES