ਸਟੇਸ਼ਨਰੀ ਦੀ ਦੁਕਾਨ ਤੋਂ ਵਾਂਝੇ ਸਰਕਾਰੀ ਸਕੂਲ ਵਿਚ ਸਫ਼ਲਤਾ ਨਾਲ ਚੱਲ ਰਹੀ ਹੈ ‘ਇਮਾਨਦਾਰੀ ਦੀ ਦੁਕਾਨ’

ਮਾਨਸਾ, 10 ਸਤੰਬਰ, 2019 –

ਬਲਾਕ ਬੁਢਲਾਡਾ ਵਿਚ ਪੈਂਦੇ 35 ਘਰਾਂ ਦੇ ਪਿੰਡ ਬੱਛੋਆਣਾ ਵਿਖੇ ਸਥਿਤ ਢਾਣੀ ਜੀਤਸਰ ਜਿੱਥੇ ਕਿ ਇਕ ਵੀ ਸਟੇਸ਼ਨਰੀ ਦੀ ਦੁਕਾਨ ਨਹੀਂ ਸੀ। ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਵਿਚ ਇਮਾਨਦਾਰੀ ਦੀ ਦੁਕਾਨ ਖੋਲ੍ਹੀ ਗਈ ਹੈ। ਇਸ ਦੁਕਾਨ ਤੇ ਵਿਦਿਆਰਥੀਆਂ ਨੂੰ ਇਕ ਛੋਟੇ ਮੇਜ ਵਾਲੀ ਦੁਕਾਨ ਤੋਂ ਸਟੇਸ਼ਨਰੀ ਦਾ ਸਾਮਾਨ ਲੈਣ ਦੀ ਇਜ਼ਾਜ਼ਤ ਦਿੱਤੀ ਗਈ ਹੈ।

ਵਿਦਿਆਰਥੀ ਆਪਣਾ ਲੋੜੀਂਦਾ ਸਾਮਾਨ ਲੈ ਕੇ ਪੈਸੇ ਇਸ ਦੇ ਨਾਲ ਰੱਖੇ ਛੋਟੇ ਬਾਕਸ ਵਿਚ ਪਾ ਸਕਦੇ ਹਨ। ਕਿਸੇ ਰਵਾਇਤੀ ਦੁਕਾਨਦਾਰ ਤੋਂ ਬਿਨਾਂ ਸਕੂਲ ਵਿਚ ਲੱਗੀ ਇਹ ਸਟਸ਼ਨਰੀ ਦੀ ਦੁਕਾਨ ਪਿਛਲੇ ਇਕ ਸਾਲ ਤੋਂ ਵਿਦਿਆਰਥੀਆਂ ਦੀਆਂ ਮੰਗਾਂ ਦੀ ਪੂਰਤੀ ਲਈ ਸਫ਼ਲਤਾਪੂਰਵਕ ਯੋਗਦਾਨ ਪਾ ਰਹੀ ਹੈ।

ਸਕੂਲ ਦੇ ਮੁੱਖ ਅਧਿਆਪਕ ਸ੍ਰੀ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਨ ਵਿਚ ਸਟੇਸ਼ਨਰੀ ਦੀ ਇਹ ਦੁਕਾਨ ਸਕੂਲ ਵਿਚ ਬਣਾਉਣ ਦਾ ਵਿਚਾਰ ਉਸ ਸਮੇਂ ਆਇਆ ਜਦੋਂ ਉਨ੍ਹਾਂ ਨੂੰ ਵਿਦਿਆਰਥੀਆਂ ਨੇ ਦੱਸਿਆ ਕਿ ਪਿੰਡ ਦੀ ਨਜ਼ਦੀਕੀ ਮਾਰਕਿਟ 2.5 ਕਿਲੋਮੀਟਰ ਦੀ ਦੂਰੀ ਤੇ ਹੈ। ਫਿਰ ਅਸੀਂ ਇਮਾਨਦਾਰੀ ਦੀ ਦੁਕਾਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਜਿੱਥੋਂ ਵਿਦਿਆਰਥੀ ਨੋਟਬੁੱਕ, ਰੰਗ, ਪੈਨਸਿਲ, ਰਬੜ ਆਦਿ ਖ਼ਰੀਦ ਸਕਦੇ ਹਨ ਅਤੇ ਨਜ਼ਦੀਕ ਹੀ ਲੱਗੇ ਬਾਕਸ ਵਿਚ ਪੈਸੇ ਪਾ ਸਕਦੇ ਹਨ।

ਵਿਦਿਆਰਥੀ ਇਹ ਸਭ ਆਪ ਆਪਣੇ ਪੱਧਰ ਤੇ ਕਰਦੇ ਹਨ ਅਤੇ ਅੱਜ ਤੱਕ ਚੋਰੀ ਵਰਗੀ ਕੋਈ ਵੀ ਘਟਨਾ ਨਹੀਂ ਹੋਈ। ਇਹ ਸਭ ਕੁਝ ਵਿਦਿਆਰਥੀਆਂ ਵਿਚ ਇਮਾਨਦਾਰੀ ਦੀ ਭਾਵਨਾ ਪੈਦਾ ਕਰਨ ਲਈ ਕੀਤਾ ਗਿਆ ਹੈ। ਮੁੱਖ ਅਧਿਆਪਕ ਨੂੰ ਹਾਲ ਹੀ ਵਿਚ ਮੋਹਾਲੀ ਵਿਖੇ ਹੋਏ ਅਧਿਆਪਕ ਦਿਵਸ ਸਮਾਰੋਹ ਵਿਚ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਸਮੇਂ ਵਿਚ ਜਿੱਥੇ ਬੱਚਿਆਂ ਨੂੰ ਵਿੱਦਿਆ ਦੇਣਾ ਆਸਾਨ ਹੋ ਗਿਆ ਹੈ, ਉਨ੍ਹਾਂ ਨੂੰ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਸਿਖਾਉਣਾ ਚੁਨੌਤੀ ਭਰਪੂਰ ਹੈ। ਇਮਾਨਦਾਰੀ ਦੀ ਇਹ ਦੁਕਾਨ ਬੱਚਿਆਂ ਨੂੰ ਇਮਾਨਦਾਰ ਰਹਿਣਾ ਸਿਖਾਉਣ ਲਈ ਹੈ, ਬੇਸ਼ੱਕ ਸੀ.ਸੀ.ਟੀ.ਵੀ. ਕੈਮਰਾ ਯੁੱਗ ਦੇ ਸਮੇਂ ਕੋਈ ਇਸ ਵੱਲ ਵਿਸ਼ੇਸ਼ ਧਿਆਨ ਨਹੀਂ ਦਿੰਦਾ।

ਇਸ ਸੰਕਲਪ ਨੂੰ ਸਫ਼ਲਤਾਪੂਰਵਕ ਚਲਾਉਣ ਤੋਂ ਇਲਾਵਾ 138 ਵਿਦਿਆਰਥੀਆਂ ਦਾ ਇਹ ਸਕੂਲ ਬਲਾਕ ਬੁਢਲਾਡਾ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਰਿਹਾ ਹੈ ਅਤੇ ਪੜ੍ਹੋ ਪੰਜਾਬ ਪ੍ਰੋਜੈਕਟ ਤਹਿਤ ਜ਼ਿਲ੍ਹੇ ਵਿਚ ਚੌਥਾ ਸਥਾਨ ਪ੍ਰਾਪਤ ਕਰ ਰਿਹਾ ਹੈ। ਇਹ ਇਸ ਬਲਾਕ ਦਾ ਪਹਿਲਾ ਅੰਗਰੇਜੀ ਮਾਧਿਅਮ ਸਕੂਲ ਵੀ ਹੈ।

ਵਿਦਿਆਰਥੀਆਂ ਨੂੰ ਵਾਤਾਵਰਣ ਦੇ ਅਨੁਕੂਲ ਗਤੀਵਿਧੀਆਂ ਵਿਚ ਜੋੜਨ ਜਿਵੇਂ ਕਿ ਸੋਕ ਪਿਟਾਂ ਰਾਹੀਂ ਪਾਣੀ ਬਚਾਉਣਾ (ਜਿੱਥੇ ਪੀਣ ਵਾਲਾ ਵਿਅਰਥ ਪਾਣੀ ਟੈਂਕ ਵਿਚ ਇਕੱਠਾ ਕੀਤਾ ਜਾਂਦਾ ਹੈ ਅਤੇ ਫੇਰ ਧਰਤੀ ਅੰਦਰ ਛੱਡਿਆ ਜਾਂਦਾ ਹੈ) ਅਤੇ ਸਕੂਲ ਵਿਚ ਪੈਦਾ ਹੋਏ ਕੂੜੇ ਨੂੰ ਮੁੜ ਵਰਤੋਂ ਵਿਚ ਲਿਆਉਣ ਦਾ ਸਿਹਰਾ ਵੀ ਇਸ ਸਕੂਲ ਨੂੰ ਪ੍ਰਾਪਤ ਹੈ। ਬੱਚਿਆਂ ਦੇ ਬੈਠਣ ਵਾਲੀਆਂ ਸੀਟਾਂ ਨੂੰ ਛੋਟੇ ਡੈਸਕਾਂ ਵਿਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲ ਸਮਾਰਟ ਸਕੂਲ ਵੈਗਨ ਦਾ ਇਕ ਹਿੱਸਾ ਹੈ ਜਿਸ ਵਿਚ ਸਕੂਲ ਦੀ ਚੰਗੀ ਦਿੱਖ ਦੇ ਨਾਲ ਨਾਲ ਵਿਦਿਆਰਥੀਆਂ ਲਈ ਆਡੀਓ ਤੇ ਵੀਡੀਓ ਸਹਾਇਤਾ ਵੀ ਸ਼ਾਮਲ ਹੈ।

ਸਕੂਲ ਨੇ ਨਾ ਸਿਰਫ਼ ਆਪਣਾ ਬੁਨਿਆਦੀ ਢਾਂਚਾ ਉੱਚਾ ਚੁੱਕਣ ਵਿਚ ਅਹਿਮ ਰੋਲ ਨਿਭਾਇਆ ਹੈ ਬਲਕਿ ਇੱਥੋਂ ਦੇ ਵਿਦਿਆਰਥੀਆਂ ਨੂੰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਵਿਖੇ ਅਗਲੇਰੀ ਪੜ੍ਹਾਈ ਲਈ ਦਾਖ਼ਲ ਕਰਵਾਉਣ ਦਾ ਸਿਹਰਾ ਵੀ ਇਸ ਸਕੂਲ ਨੂੰ ਜਾਂਦਾ ਹੈ।

ਮੁੱਖ ਅਧਿਆਪਕ ਸ੍ਰੀ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਜੀਤਸਰ ਵਾਸੀਆਂ ਦੀ ਮਦਦ ਦੇ ਬਿਨਾ ਕੋਈ ਵੀ ਉਪਲਬਧੀ ਨਹੀਂ ਹੋ ਸਕਦੀ ਜਿੰਨ੍ਹਾਂ ਨੇ ਸਿੱਖਿਆ ਦੇ ਕੰਮ ਲਈ ਨਿਰਸਵਾਰਥ ਦਾਨ ਦਿੱਤਾ ਅਤੇ ਵੱਖ-ਵੱਖ ਪ੍ਰੋਜੈਕਟਾਂ ਨੂੰ ਚਲਾਉਣ ਵਿਚ ਮਦਦ ਕੀਤੀ।

Share News / Article

Yes Punjab - TOP STORIES