ਸਟਾਫ਼ ਦੀਆਂ ਤਨਖ਼ਾਹਾਂ ਅਦਾ ਕਰਨ ਯੋਗ ਬਣਾਉਣ ਲਈ 1850 ਕਰੋੜ ਬਕਾਇਆ ਦਾ ਭੁਗਤਾਨ ਕਰੇ ਸਰਕਾਰ: ਜੁਆਇੰਟ ਐਕਸ਼ਨ ਕਮੇਟੀ

ਮੋਹਾਲੀ, 9 ਅਪ੍ਰੈਲ, 2020 –
ਪਿਛਲੇ ਕੁਝ ਮਹੀਨਿਆਂ ਤੋਂ ਤਨਖਾਹਾਂ ਦੀ ਅਦਾਇਗੀ ਨਾ ਹੋਣ ਕਾਰਨ, ਪੰਜਾਬ ਦੇ ਤਕਰੀਬਨ 1650 ਅਨਏਡਿਡ ਕਾਲਜਾਂ ਦੇ 1 ਲੱਖ ਤੋਂ ਵੱਧ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਮੈਂਬਰਾਂ ਦਾ ਭਵਿੱਖ ਅੱਧ ਵਿੱਚ ਲਟਕਿਆ ਹੋਇਆ ਹੈ। ਵੱਖ-ਵੱਖ ਕਾਲਜਾਂ ਵਿਚ ਪਿਛਲੇ 5-10 ਮਹੀਨਿਆਂ ਤੋਂ ਤਨਖਾਹਾਂ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਕੋਰੋਨਾਵਾਇਰਸ ਕਾਰਨ ਤਾਲਾਬੰਦੀ ਹੋਣ ਨਾਲ, ਕਰਮਚਾਰੀ ਅਜੇ ਵੀ ਆਉਣ ਵਾਲੇ ਸਮੇਂ ਵਿਚ ਤਨਖਾਹਾਂ ਪ੍ਰਾਪਤ ਕਰਨ ਦੀ ਉਮੀਦ ਨਹੀਂ ਕਰ ਰਹੇ।

ਕਾਲਜ ਮੈਨੇਜਮੈਂਟ ਉਨ੍ਹਾਂ ਨੂੰ ਤਨਖਾਹਾਂ ਦੇਣ ਵਿਚ ਸਮਰੱਥ ਨਹੀਂ ਹੈ ਕਿਉਂਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡ ਦੀ ਕਰੀਬ 36-48 ਮਹੀਨਿਆਂ ਤੋ 1850 ਕਰੋੜ ਰੁਪਏ ਦੀ ਰਕਮ ਕੇਂਦਰ ਸਰਕਾਰ ਵੱਲ ਬਕਾਇਆ ਹੈ।

ਅਦਾਇਗੀ ਨਾ ਹੋਣ ਕਾਰਨ ਤਕਨੀਕੀ ਕਾਲਜ ਬੰਦ ਹੋਣ ਦੇ ਕੰਡੇ ‘ਤੇ ਹਨ:
ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਉਸ਼ਨਜ਼ ਐਸੋਸੀਏਸ਼ਨ (ਪੁਟੀਆ) ਦੇ ਪ੍ਰਧਾਨ ਡਾ: ਗੁਰਮੀਤ ਸਿੰਘ ਧਾਲੀਵਾਲ ਅਤੇ ਪੰਜਾਬ ਅਨਏਡਿਡ ਕਾਲਜਾਂ ਐਸੋਸੀਏਸ਼ਨ (ਪੁੱਕਾ) ਦੇ ਪ੍ਰਧਾਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਤਕਨੀਕੀ ਕਾਲਜਾਂ ਵਿੱਚ ਦਾਖਲਾ ਪਹਿਲਾਂ ਹੀ ਘਟ ਕੇ 50% ਰਹਿ ਗਿਆ ਹੈ। ਕਟਾਰੀਆ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ 31 ਮਾਰਚ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਲਗਭਗ 500 ਕਰੋੜ ਰੁਪਏ ਜਾਰੀ ਹੋਣ ਦੀ ਉਮੀਦ ਸੀ ਪਰ ਤਾਲਾਬੰਦੀ ਕਾਰਨ ਕੋਈ ਫੰਡ ਜਾਰੀ ਨਹੀਂ ਕੀਤਾ ਗਿਆ ਜਿਸ ਕਾਰਨ ਤਨਖਾਹਾਂ ਅਦਾ ਨਹੀਂ ਹੋਈਆਂ।

ਪੌਲੀਟੈਕਨਿਕ ਐਸੋਸੀਏਸ਼ਨ ਦੇ ਸਰਦਾਰ ਰਾਜਿੰਦਰ ਧਨੋਆ ਅਤੇ ਸ੍ਰੀ ਸਿਮਾਂਸ਼ੂ ਗੁਪਤਾ, ਆਈਟੀਆਈ ਐਸੋਸੀਏਸ਼ਨ ਨੇ ਕਿਹਾ ਕਿ ਤਕਨੀਕੀ ਕੋਰਸਾਂ ਦੀ ਮਿਆਦ ਦੇ ਉਲਟ, ਆਈਟੀਆਈ ਕੋਰਸ ਦੀ ਮਿਆਦ ਸਿਰਫ 1/1.5 ਸਾਲ ਹੈ ਜਦੋਂਕਿ ਪੌਲੀਟੈਕਨਿਕ ਡਿਪਲੋਮਾ 3 ਸਾਲ ਦਾ ਹੈ। ਵਿਦਿਆਰਥੀ ਪਹਿਲਾਂ ਹੀ ਆਪਣੇ ਕਾਲਜਾਂ ਵਿਚੋਂ ਪਾਸ ਹੋ ਚੁੱਕੇ ਹਨ ਪਰ ਸਕਾਲਰਸ਼ਿਪ ਹਾਲੇ ਜਾਰੀ ਨਹੀਂ ਕੀਤੀ ਗਈ ਹੈ। ਹੁਣ ਸਰਕਾਰ ਦੇ ਆਦੇਸ਼ ਅਨੁਸਾਰ ਸਕਾਲਰਸ਼ਿਪ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਜਾਰੀ ਕੀਤੀ ਜਾਏਗੀ ਜਿਸ ਕਾਰਨ ਕਾਲਜ ਮੁਸੀਬਤ ਵਿੱਚ ਹਨ। ਸਿਮਾਂਸ਼ੂ ਨੇ ਅੱਗੇ ਕਿਹਾ ਕਿ ਇਹ ਹੀ ਨਹੀਂ, ਸਰਕਾਰ ਸਿਰਫ 3350/- ਸਾਲਾਨਾ ਅਦਾ ਕਰ ਰਹੀ ਹੈ ਜਦਕਿ ਸਰਕਾਰ ਵਲੋ ਨਿਰਧਾਰਤ ਫੀਸ 19,315/- ਸਾਲਾਨਾ ਹੈ।

ਬੀ.ਐਡ ਕਾਲਜਾਂ ਨੂੰ ਵਾਅਦਾ ਕੀਤੇ ਭੁਗਤਾਨ ਨਹੀਂ ਮਿਲ ਰਹੇ:
ਸਰਦਾਰ ਜਗਜੀਤ ਸਿੰਘ, ਪ੍ਰਧਾਨ, ਬੀ.ਐਡ ਫੈਡਰੇਸ਼ਨ ਅਤੇ ਸਕੂਲ ਐਸੋਸੀਏਸ਼ਨ; ਸਰਦਾਰ ਨਿਰਮਲ ਸਿੰਘ, ਈਟੀਟੀ ਫੈਡਰੇਸ਼ਨ; ਸ੍ਰੀ ਜਸਨੀਕ ਸਿੰਘ, ਬੀ.ਐਡ ਐਸੋਸੀਏਸ਼ਨ; ਡਾ ਸਤਵਿੰਦਰ ਸੰਧੂ, ਬੀ.ਐਡ ਐਸੋਸੀਏਸ਼ਨ, ਜੀਐਨਡੀਯੂ ਕਾਲਜਾਂ ਨੇ ਦੱਸਿਆ ਕਿ ਪੰਜਾਬ ਵਿੱਚ ਲਗਭਗ 190 ਬੀ.ਐਡ ਕਾਲਜ ਹਨ।

ਪਿਛਲੇ ਇੱਕ ਸਾਲ ਤੋਂ ਉਹ ਫੀਸ ਢਾਂਚੇ ਨੂੰ ਲਾਗੂ ਕਰਨ ਲਈ ਵੱਖ-ਵੱਖ ਪੱਧਰਾਂ ‘ਤੇ ਸਰਕਾਰ ਨੂੰ ਕਹਿ ਰਹੇ ਹਨ ਜੋਕਿ ਖੁਦ ਸਰਕਾਰ ਵਲੋ ਅਨਏਡਿਡ ਕਾਲਜਾਂ ਲਈ 68,370/- ਪ੍ਰਤੀ ਸਾਲ ਨਿਰਧਾਰਤ ਕੀਤੀ ਗਈ ਸੀ। ਪਰ ਆਖਰਕਾਰ ਬੀ.ਐਡ ਕਾਲਜਾਂ ਨੂੰ ਪ੍ਰਤੀ ਸਾਲ ਸਿਰਫ 15,600 ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ, ਈਟੀਟੀ ਕਾਲਜਾਂ ਲਈ ਸਰਕਾਰੀ ਫੀਸ 40,000/- ਰੁਪਏ ਹੈ, ਜਦੋਂ ਕਿ ਅਨਐਡਿਡ ਕਾਲੇਜਾਂ ਨੂੰ ਸਿਰਫ 8350/- ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਨਾ ਹੀ ਸਰਕਾਰ ਅਤੇ ਨਾ ਹੀ ਵਿਦਿਆਰਥੀ ਇਸ ਅੰਤਰ ਦਾ ਭੁਗਤਾਨ ਕਰ ਰਹੇ ਹਨ ਜਿਸ ਕਾਰਨ ਬੀ.ਐਡ ਕਾਲਜ ਦੁਚਿੱਤੀ ਵਿੱਚ ਹਨ ਕਿ ਅਗਲੇ ਸਾਲ ਤੋਂ ਫੀਸਾਂ ਕੌਣ ਅਦਾ ਕਰੇਗਾ, ਸਰਕਾਰ ਜਾਂ ਵਿਦਿਆਰਥੀ?

ਨਰਸਿੰਗ ਕਰ ਰਹੀਆਂ ਜ਼ਿਆਦਾਤਰ ਲੜਕੀਆਂ ਐਸਸੀ ਸ਼੍ਰੇਣੀ ਦੀਆਂ ਹਨ:
ਚਰਨਜੀਤ ਸਿੰਘ ਵਾਲੀਆ, ਪ੍ਰਧਾਨ, ਨਰਸਿੰਗ ਕਾਲਜਾਂ ਐਸੋਸੀਏਸ਼ਨ ਨੇ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਨਰਸਿੰਗ ਕਾਲਜਾਂ ਦੇ ਸਾਰੇ ਵਿਦਿਆਰਥੀ ਅਤੇ ਸਟਾਫ ਸਰਕਾਰ ਨਾਲ ਹਨ। ਵਾਲੀਆ ਨੇ ਅੱਗੇ ਕਿਹਾ ਕਿ ਪੰਜਾਬ ਵਿਚ 33% ਆਬਾਦੀ ਅਨੁਸੂਚਿਤ ਜਾਤੀ ਹੈ ਅਤੇ ਪੇਂਡੂ ਕੁੜੀਆਂ ਨਰਸਿੰਗ ਕਰਨ ਨੂੰ ਤਰਜੀਹ ਦਿੰਦੀਆਂ ਹਨ ਕਿਉਂਕਿ ਨਰਸਿੰਗ ਪੂਰੀ ਹੋਣ ਤੋਂ ਬਾਅਦ ਆਸਾਨੀ ਨਾਲ ਨੌਕਰੀ ਮਿਲ ਜਾਂਦੀ ਹੈ। ਨਰਸਿੰਗ ਕਾਲਜਾਂ ਨੂੰ ਫੰਡਾਂ ਦੀ ਅਦਾਇਗੀ ਨਾ ਹੋਣ ਕਾਰਣ ਕਾਲਜਾਂ ਨੂੰ ਚਲਾਉਣਾ ਮੁਸ਼ਕਲ ਹੋ ਰਿਹਾ ਹੈ ।

ਦੁਆਬਾ ਬੈਲਟ ਦੇ ਕਾਲਜ ਬੁਰੀ ਤਰਾਂ ਪ੍ਰਭਾਵਿਤ:
ਸ਼੍ਰੀ ਅਨਿਲ ਚੋਪੜਾ, ਕਨਫੈਡਰੇਸ਼ਨ ਆਫ ਪੰਜਾਬ ਅਨਏਡਿਡ ਸੰਸਥਾਵਾਂ; ਸ਼੍ਰੀ ਵਿਪਨ ਸ਼ਰਮਾ, ਕਨਫੈਡਰੇਸ਼ਨ ਆਫ ਅਨਏਡਿਡ ਕਾਲੇਜਜ ਐਸੋਸੀਏਸ਼ਨ ਅਤੇ ਸਰਦਾਰ ਮਨਜੀਤ ਸਿੰਘ, ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਪੂਟੀਆ ਨੇ ਕਿਹਾ ਕਿ ਦੋਆਬਾ ਬੈਲਟ ਦੇ ਕਾਲਜ ਬੁਰੀ ਤਰਾਂ ਪ੍ਰਭਾਵਿਤ ਹਨ ਕਿਉਂਕਿ ਬਹੁਗਿਣਤੀ ਐਸਸੀ ਆਬਾਦੀ ਦੁਆਬਾ ਖੇਤਰ ਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਲਜਾਂ ਦੇ ਭਵਿੱਖ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ ਅਦਾਇਗੀ ਜਾਰੀ ਕਰਨ। ਪਹਿਲਾਂ ਵੀ, ਵਿਦਿਆਰਥੀਆਂ ਨੇ ਕਈ ਵਾਰ ਕਾਲਜਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਸਨ ਪਰ ਪ੍ਰਸ਼ਾਸਨ ਦੇ ਕਹਿਣ ‘ਤੇ, ਕਾਲਜਾਂ ਨੂੰ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿਚ ਬਠਾਉਣਾ ਪਿਆ ਪਰ ਨਾ ਤਾਂ ਵਿਦਿਆਰਥੀਆਂ ਨੇ ਆਪਣੀ ਫੀਸ ਦਾ ਭੁਗਤਾਨ ਕੀਤਾ ਤੇ ਨਾ ਹੀ ਸਰਕਾਰ ਨੇ ਪੀਐਮਐਸ ਫੰਡਾਂ ਦੀ ਮੁੜ ਅਦਾਇਗੀ ਕੀਤੀ ਹੈ ਜਿਸ ਕਾਰਣ ਕਾਲਜਾਂ ਦਾ ਬਚਾਅ ਬਹੁਤ ਮੁਸ਼ਕਿਲ ਹੋ ਰਿਹਾ ਹੈ।

ਡਿਗਰੀ ਕੋਰਸਾਂ ਲਈ ਘੱਟ ਫੀਸ ਢਾਂਚਾ, ਪਰ ਪਿਛਲੇ 3 ਸਾਲਾਂ ਤੋਂ ਅਜੇ ਵੀ ਅਦਾ ਨਹੀ ਕੀਤਾ ਗਿਆ ਹੈ:
ਸਰਦਾਰ ਸੁਖਮੰਦਰ ਸਿੰਘ ਚੱਠਾ, ਪੰਜਾਬ ਅਨਏਡਿਡ ਡਿਗਰੀ ਕਾਲਜਿਜ਼ ਐਸੋਸੀਏਸ਼ਨ (ਪੁਡਕਾ) ਨੇ ਕਿਹਾ ਕਿ ਪੇਂਡੂ ਅਤੇ ਗਰੀਬ ਪਰਿਵਾਰਾਂ ਦੇ ਵਿਦਿਆਰਥੀ ਸਿਰਫ 12,000 ਰੁਪਏ ਤੋਂ 20,000 ਰੁਪਏ ਸਾਲਾਨਾ ਫੀਸਾਂ ਨਾਲ ਡਿਗਰੀ ਕਾਲਜਾਂ ਵਿੱਚ ਬੀਏ, ਬੀ.ਕਾੱਮ ਆਦਿ ਕੋਰਸ ਕਰਨ ਨੂੰ ਤਰਜੀਹ ਦਿੰਦੇ ਹਨ। ਚੱਠਾ ਨੇ ਸਵਾਲ ਕੀਤਾ ਕਿ “ਡਿਗਰੀ ਕਾਲਜ ਇੰਨੀ ਘੱਟ ਫੀਸ ਵਾਲੇ ਢਾਂਚੇ ਅਤੇ 3 ਸਾਲਾਂ ਲਈ ਵਜ਼ੀਫ਼ਾ ਲਏ ਬਿਨਾਂ ਆਪਣਾ ਕਾਲੇਜ ਕਿਵੇਂ ਚਲਾਉਣਗੇ?

ਜੈਕ ਦੇ ਬੁਲਾਰੇ, ਡਾ: ਅੰਸ਼ੂ ਕਟਾਰੀਆ ਨੇ ਬੋਲਦਿਆਂ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ (ਪੀਐੱਮਐੱਸ) ਯੋਜਨਾ ਦੇ ਸਾਲ 2016-17 ਲਈ 415.60 ਕਰੋੜ ਰੁਪਏ, ਸਾਲ 2017-18 ਲਈ 538 ਕਰੋੜ ਰੁਪਏ; ਸਾਲ 2018-19 ਲਈ 437.19 ਕਰੋੜ ਰੁਪਏ ਅਤੇ 2019-20 ਦੇ ਤਕਰੀਬਨ 450 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ। ਕਟਾਰੀਆ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਨਐਡਿਡ ਕਾਲੇਜਾਂ ਨੂੰ ਵਿੱਤੀ ਸੰਕਟ ਤੋਂ ਮੁਕਤ ਕਰਵਾਉਣ ਲਈ ਬਣਦੀ ਰਕਮ ਜਲਦੀ ਤੋਂ ਜਲਦੀ ਅਦਾ ਕਰਨ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


Share News / Article

Yes Punjab - TOP STORIES