ਸਕੱਤਰੇਤ ਤੋਂ ਲੈਕੇ ਫੀਲਡ ਦੇ ਸਮੂਹ ਦਫਤਰਾਂ ਦਾ ਕੰਮ 30 ਦਸੰਬਰ ਤੱਕ ਰਹੇਗਾ ਠੱਪ, ਸਰਕਾਰ ਦੀ ਬੇਰੁਖ਼ੀ ਖਿਲਾਫ਼ ਮੁਲਾਜਮਾਂ ਨੇ ਪ੍ਰਦਰਸ਼ਨ ਕਰਕੇ ਕੱਢੀ ਭੜਾਸ

ਸੰਗਰੂਰ, 29 ਦਸੰਬਰ, 2021 (ਦਲਜੀਤ ਕੌਰ ਭਵਾਨੀਗੜ੍ਹ)
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਅੱਜ ਪੰਜਾਬ ਯੂਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਮੰਚ ਦੇ ਸੱਦੇ ਤੇ ਜਿਲਾ ਪ੍ਬੰਧਕੀ ਕੰਪਲੈਕਸ ਵਿਖੇ ਦੂਜੇ ਦਿਨ ਭਰਵੀਂ ਗਿਣਤੀ ਮੁਲਾਜਮਾਂ ਤੇ ਪੈਨਸ਼ਨਰਾਂ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਜਿਲਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਜਗਦੀਸ਼ ਸ਼ਰਮਾ ਸਰਪ੍ਰਸਤ ਪੈਨਸ਼ਨਰ ਯੂਨੀਅਨ, ਜਸਪਾਲ ਦੇਵੀ ਆਗੂ ਆਂਗਨਵਾੜੀ ਵਰਕਰ ਯੂਨੀਅਨ, ਬਿੱਕਰ ਸਿੰਘ ਸਿਬੀਆ ਪੈਨਸ਼ਨਰ, ਅਰਜਨ ਸਿੰਘ ਪ੍ਰਧਾਨ, ਜਰਨੈਲ ਸਿੰਘ ਸਕੱਤਰ ਬਿਜਲੀ ਬੋਰਡ, ਕਸਤੂਰੀ ਲਾਲ ਮੀਤ ਪ੍ਰਧਾਨ, ਸ਼ਸ਼ੀ ਸ਼ਰਮਾ ਸਹਾਇਕ ਸਕੱਤਰ, ਆਸ਼ੀਸ਼ ਫੁੱਲ ਜਨਰਲ ਸਕੱਤਰ ਸਿਹਤ ਵਿਭਾਗ, ਹਰਜੀਤ ਸਿੰਘ, ਬਲਵਿੰਦਰ ਸੋਹੀ ਸਰਪ੍ਰਸਤ ਵੱਲੋਂ ਸੂਬਾ ਸਰਕਾਰ ਉੱਪਰ ਮੁਲਾਜਮ ਤੇ ਪੈਨਸ਼ਨਰ ਦੋਖੀ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਗਿਆ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ 2022 ਵਿੱਚ ਸਬਕ ਸਿਖਾਇਆ ਜਾਵੇਗਾ।

ਆਗੂਆਂ ਨੇ ਕਿਹਾ ਕਿ ਸਰਕਾਰ ਮਹਿਜ ਸਟੇਜਾਂ ਤੇ ਸਿਰਫ ਐਲਾਨ ਕਰਕੇ ਚੋਣ ਜਾਬਤਾ ਲਾਗੂ ਹੋਣ ਦੀ ਉਡੀਕ ਵਿੱਚ ਹੈ ਤੇ ਸਮੂਹ ਵਰਗ ਸਰਕਾਰ ਦੀ ਇਸ ਕੋਝੀ ਚਾਲ ਨੂੰ ਭਲੀ ਭਾਂਤ ਸਮਝਦੇ ਹਨ, ਉਨਾਂ ਆਖਿਆ ਕਿ ਸਰਕਾਰ ਕੋਲ ਅਜੇ ਵੀ ਸਮਾਂ ਹੈ ਕਿ ਤੁਰੰਤ ਮੁਲਾਜਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਕੇ ਮੁਲਾਜਮ ਪੱਖੀ ਹੋਣ ਦਾ ਸਬੂਤ ਦੇਵੇ ਨਹੀਂ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ 8 ਲੱਖ ਦੇ ਕਰੀਬ ਮੁਲਾਜਮ ਤੇ ਪੈਨਸ਼ਨਰ ਮਿਲਕੇ ਸਬਕ ਸਿਖਾਉਣਗੇ।

ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਯੂਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਮੰਚ ਵੱਲੋਂ ਕਲਮ ਛੋੜ/ਮੁਕੰਮਲ ਕੰਮ ਠੱਪ ਦੀ ਹੜਤਾਲ ਵਿੱਚ ਇੱਕ ਦਿਨ ਦਾ ਹੋਰ ਵਾਧਾ ਕਰਕੇ ਹੁਣ ਹੜਤਾਲ 30 ਦਸੰਬਰ ਤੱਕ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਫਰੰਟ ਦੇ ਸਮੂਹ ਕਨਵੀਨਰਾਂ ਦੀ ਕੱਲ 30 ਦਸੰਬਰ ਨੂੰ ਸੂਬਾ ਪੱਧਰੀ ਮੀਟਿੰਗ ਕਰਕੇ ਸਮੂਹ ਕਨਵੀਨਰਾਂ ਦੀ ਸਲਾਹ ਅਨੁਸਾਰ ਅਗਲੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ ਤੇ ਐਕਸ਼ਨਾਂ ਦਾ ਐਲਾਨ ਕੀਤਾ ਜਾਵੇਗਾ।

ਉਨਾਂ ਕਿਹਾ ਕਿ ਅਗਰ ਸਰਕਾਰ ਵੱਲੋਂ ਮੁਲਾਜਮ ਮੰਗਾਂ ਪ੍ਤੀ ਸੁਹਿਰਦਤਾ ਨਾਲ ਤੁਰੰਤ ਫੈਸਲਾ ਨਾ ਲਿਆ ਤਾਂ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਹੋਣ ਵਾਲੀਆਂ ਚੋਣ ਰੈਲੀਆਂ ਵਿੱਚ ਡਟਵਾਂ ਵਿਰੋਧ ਕੀਤਾ ਜਾਵੇਗਾ ਤੇ ਮੰਤਰੀਆਂ ਦੀਆਂ ਕੋਠੀਆਂ/ਸਰਕਾਰੀ ਰਿਹਾਇਸ਼ਾਂ ਮੂਹਰੇ ਤਕੜੇ ਰੋਸ ਮੁਜ਼ਾਹਰੇ ਕਰਨ ਦਾ ਐਲਾਨ ਵੀ ਕੀਤਾ ਜਾਵੇਗਾ।

ਇਸ ਮੌਕੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਸ ਭਰਪੂਰ ਗੇਟ ਰੈਲੀ ਕਰਕੇ ਸੈਂਕੜੇ ਦੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਮੁਲਾਜਮ, ਪੈਨਸ਼ਨਰਾਂ ਵੱਲੋਂ ਬਜਾਰ ਵਿੱਚ ਹੁੰਦੇ ਹੋਏ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਪ੍ਰੈੱਸ ਸਕੱਤਰ ਅਨੁਜ ਸ਼ਰਮਾ ਨੇ ਦੱਸਿਆ ਕਿ ਕੱਲ 30 ਦਸੰਬਰ ਨੂੰ ਵੀ ਗੇਟ ਰੈਲੀ ਕਰਨ ਉਪਰੰਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ