ਸ਼੍ਰੋਮਣੀ ਕਮੇਟੀ ਵੱਲੋਂ 60 ਲੋਕਾਂ ਨੂੰ ਜੰਮੂ ਭੇਜਣ ਲਈ ਬੱਸਾਂ ਰਵਾਨਾ

ਅੰਮ੍ਰਿਤਸਰ, 29 ਮਾਰਚ, 2020 –
ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਰੁਕੇ ਸ਼ਰਧਾਲੂਆਂ ਤੇ ਅੰਮ੍ਰਿਤਸਰ ਸ਼ਹਿਰ ਅੰਦਰ ਫਸੇ ਕੁਝ ਲੋਕਾਂ ਨੂੰ ਜੰਮੂ ਤੱਕ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ ਬੱਸਾਂ ਰਵਾਨਾਂ ਕੀਤੀਆਂ ਗਈਆਂ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ’ਤੇ ਪ੍ਰਸ਼ਾਸਨ ਦੀ ਪ੍ਰਵਾਨਗੀ ਨਾਲ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਦਿੱਲੀ, ਹਰਿਆਣਾ, ਉਤਰ ਪ੍ਰਦੇਸ਼, ਗੁਜਰਾਤ ਤੇ ਪੰਜਾਬ ਦੇ ਕੁਝ ਇਲਾਕਿਆਂ ਦੇ ਲੋਕਾਂ ਨੂੰ ਘਰ ਪਹੁੰਚਾਇਆ ਜਾ ਚੁੱਕਾ ਹੈ। ਇਸੇ ਤਹਿਤ ਹੀ ਅੱਜ ਦੋ ਬੱਸਾਂ ਜੰਮੂ ਲਈ ਭੇਜੀਆਂ ਗਈਆਂ, ਜਿਨ੍ਹਾਂ ਵਿਚ 60 ਦੇ ਕਰੀਬ ਲੋਕ ਸਵਾਰ ਸਨ। ਬੱਸਾਂ ਨੂੰ ਇਥੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਤੋਂ ਰਵਾਨਾ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਲੋਕ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਅਤੇ ਮੌਜੂਦਾ ਸੰਕਟ ਸਮੇਂ ਵੀ ਲੋਕਾਂ ਦੀ ਮੱਦਦ ਲਈ ਕਾਰਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜੰਮੂ ਲਈ ਦੋ ਬੱਸਾਂ ਤੋਰੀਆਂ ਹਨ। ਇਸ ਵਿਚ ਕੁਝ ਲੋਕ ਕਸ਼ਮੀਰ ਦੇ ਵੀ ਹਨ, ਜਿਨ੍ਹਾਂ ਵੀ ਜੰਮੂ ਸ਼ਹਿਰ ਤੱਕ ਲਿਜਾਇਆ ਜਾਵੇਗਾ।


ਇਸ ਨੂੰ ਵੀ ਪੜ੍ਹੋ:
ਸੁਣ ਲਓ ਕਾਂਗੜ ਸਾਹਬ ਦੀ, ਅਖ਼ੇ ਜਿਹੜੇ ਪੁਲਿਸ ਨੇ ਕੁੱਟੇ, ਉਹ ਨਸ਼ੇੜੀ ਸਨ


ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਇਸ ਸਮੇਂ ਕੁਝ ਸੰਗਤਾਂ ਸ੍ਰੀ ਦਰਬਾਰ ਸਾਹਿਬ ਦੀਆਂ ਸਰਾਂਵਾਂ ਵਿਚ ਠਹਿਰੀਆਂ ਹੋਈਆਂ ਹਨ। ਇਨ੍ਹਾਂ ਵਿਚ ਟਾਟਾ ਨਗਰ ਤੇ ਮਹਾਂਰਾਸ਼ਟਰ ਸਮੇਤ ਕੁਝ ਹੋਰ ਸ਼ਹਿਰਾਂ ਤੋਂ ਵੀ ਹਨ। ਫਿਲਹਾਲ ਜਿਥੋਂ ਦਾ ਪ੍ਰਬੰਧ ਆਸਾਨੀ ਨਾਲ ਹੋ ਰਿਹਾ ਹੈ, ਉਥੋਂ ਲਈ ਬੱਸਾਂ ਰਾਹੀਂ ਸੰਗਤ ਨੂੰ ਭੇਜਿਆ ਜਾ ਰਿਹਾ ਹੈ।

ਬਾਕੀ ਸੰਗਤ ਨੂੰ ਸਰਾਂਵਾਂ ਅੰਦਰ ਸਾਵਧਾਨੀ ਵਰਤਦਿਆਂ ਠਹਿਰਾਇਆ ਗਿਆ ਹੈ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਮੀਤ ਮੈਨੇਜਰ ਸ. ਜਸਪਾਲ ਸਿੰਘ ਤੇ ਹੋਰ ਹਾਜ਼ਰ ਸਨ।


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ