ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਕੌਮੀ ਪੱਧਰ ’ਤੇ ਸ਼ਹੀਦ ਦਾ ਦਰਜਾ ਦੇਵੇ ਕੇਂਦਰ ਸਰਕਾਰ: ਸੁਖਜਿੰਦਰ ਸਿੰਘ ਰੰਧਾਵਾ

ਖਟਕੜ ਕਲਾਂ, 28 ਸਤੰਬਰ, 2019:
ਪੰਜਾਬੀਆਂ ਵੱਲੋਂ ਦੇਸ਼ ਦੀ ਆਜ਼ਾਦੀ ’ਚ ਪਾਏ ਯੋਗਦਾਨ ਨੂੰ ਦੇਸ਼ ਪੱਧਰ ’ਤੇ ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ ਅਤੇ ਉਸ ਸਮੇਂ ਜਦੋਂ ਗੁਆਂਢੀ ਦੇਸ਼ ’ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ’ਤੇ ਚੌਂਕ ਦਾ ਨਾਮਕਰਣ ਕੀਤਾ ਜਾ ਚੁੱਕਾ ਹੈ ਤੇ ਸਾਡੇ ਆਪਣੇ ਦੇਸ਼ ’ਚ ਸ਼ਹੀਦ-ਏ-ਆਜ਼ਮ ਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ ਕੌਮੀ ਪੱਧਰ ’ਤੇ ਸ਼ਹੀਦ ਦਾ ਦਰਜਾ ਨਾ ਮਿਲਣਾ ਹੀ ਬੜੇ ਦੁੱਖ ਦੀ ਗੱਲ ਹੈ।

ਅੱਜ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ 112 ਵੇਂ ਜਨਮ ਦਿਹਾੜੇ ਮੌਕੇ ਹੋਏ ਰਾਜ ਪੱਧਰੀ ਸਮਾਗਮ ਮੌਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਬਾਅਦ ਉਕਤ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਦੇਸ਼ ਦੀ ਆਨ ਅਤੇ ਸ਼ਾਨ ਲਈ ਮਰ-ਮਿਟਣ ਵਾਲੇ ਬਾਗ਼ੀ ਨਹੀਂ ਬਲਕਿ ਇਨਕਲਾਬੀ ਹੁੰਦੇ ਹਨ।

ਜਦੋਂ ਉਹ ਇਨਕਲਾਬ ਲਿਆਉਣ ’ਚ ਸਫ਼ਲ ਹੋ ਗਏ ਸਨ ਤਾਂ ਹੁਣ ਉਨ੍ਹਾਂ ਨੂੰ ਇਤਿਹਾਸ ’ਚ ਬਾਗ਼ੀ ਨਹੀਂ ਸਗੋਂ ਸ਼ਹੀਦ ਦਾ ਦਰਜਾ ਮਿਲਣਾ ਜ਼ਰੂਰੀ ਹੈ। ਉਨ੍ਹਾਂ ਅੰਡੇਮਾਨ ਨਿਕੋਬਾਰ ਦੀ ਜੇਲ੍ਹ ’ਚ ਲਿਖੇ ਨਾਵਾਂ ’ਚ ਪੰਜਾਬ ਦੇ ਦੇਸ਼ ਭਗਤਾਂ ਦੇ ਨਾਮ ਨਾ ਹੋਣ ਦਾ ਰੰਜ ਜ਼ਾਹਰ ਕਰਦਿਆਂ ਕਿਹਾ ਕਿ ਉਸ ਜੇਲ੍ਹ ਨੂੰ ਕਾਲੇ ਪਾਣੀ ਦਾ ਨਾਮ ਪੰਜਾਬੀ ਦੇਸ਼ ਭਗਤਾਂ ਨੂੰ ਉੱਥੇ ਕੈਦ ਰੱਖਣ ਕਾਰਨ ਹੀ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ ਵੀ ਰੋਸ ਜ਼ਾਹਿਰ ਕੀਤਾ ਹੈ।

ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅਤੇ ਸ਼ਹੀਦ ਭਗਤ ਸਿੰਘ ਦੇ 112 ਵੇਂ ਜਨਮ ਦਿਹਾੜੇ ’ਤੇ ਉਨ੍ਹਾਂ ਵੱਲੋਂ ਆਪੋ-ਆਪਣੇ ਸਮੇਂ ਅਨਿਆ ਅਤੇ ਸਮਾਜਿਕ ਨਾ-ਬਰਾਬਰੀ ਵਿਰੁੱਧ ਲੜੀ ਗਈ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਹੀ ਆਪਣੇ ਸਮੇਂ ਦੇ ਮਹਾਨ ਇਨਕਲਾਬੀ ਹੋਏ ਹਨ।

ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ-ਭਰਮਾਂ ਨੂੰ ਖ਼ਤਮ ਕੀਤਾ ਅਤੇ ਬਾਬਰ ਵਰਗੇ ਸਮੇਂ ਦੇ ਹਾਕਮ ਨੂੰ ਜਾਬਰ ਤੱਕ ਆਖਿਆ ਤਾਂ ਭਗਤ ਸਿੰਘ ਨੇ ਦੇਸ਼ ਦੇ ਲੋਕਾਂ ਨਾਲ ਹਰ ਪੱਖ ’ਤੇ ਹੋ ਰਹੇ ਭੇਦ ਭਾਵ ਨੂੰ ਨਾ ਜਰਦਿਆਂ ਸਮੇਂ ਦੀ ਹਕੂਮਤ ਦੇ ਜ਼ੁਲਮਾਂ ਖ਼ਿਲਾਫ਼ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣਿਆ।

ਉਨ੍ਹਾਂ ਕਿਹਾ ਕਿ ਅੱਜ ਦੁੱਖ ਇਸ ਗੱਲ ਦਾ ਹੈ ਕਿ ਅਸੀਂ ਇਨਕਲਾਬ ਦੇ ਰਸਤੇ ਤੋਂ ਭਟਕ ਕੇ ਗਲਤ ਨੂੰ ਗਲਤ ਕਹਿਣ ਤੋਂ ਵੀ ਰਹਿ ਗਏ ਹਾਂ। ਅਸੀਂ ਆਪਣੇ ਨੁਮਾਇੰਦਿਆਂ ਦੀ ਚੋਣ ਕਰਨ ਲੱਗਿਆਂ ਸਹੀ-ਠੀਕ ਦੀ ਚੋਣ ਤਾਂ ਕਰ ਨਹੀਂ ਸਕਦੇ ਤਾਂ ਸਮਾਜ ’ਚੋਂ ਬੇ-ਈਮਾਨੀ ਅਤੇ ਭਿ੍ਰਸ਼ਟਾਚਾਰ ਨੂੰ ਕਿਵੇਂ ਦੂਰ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਅਨਿਆ ਵਿਰੁੱਧ ਇਨ੍ਹਾਂ ਸਖਸ਼ੀਅਤਾਂ ਵੱਲੋਂ ਆਰੰਭੀ ਲੜਾਈ ਨੂੰ ਅੱਗੇ ਲਿਜਾਣ ਦੀ ਲੋੜ ਹੈ।

ਸਾਬਕਾ ਮੁੱਖ ਮੰਤਰੀ ਸਵ. ਗਿਆਨੀ ਜ਼ੈਲ ਸਿੰਘ ਦੀ ਸਰਕਾਰ ਮੌਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਮਾਤਾ ਵਿਦਿਆਵਤੀ ਨੂੰ ਵਿਧਾਨ ਸਭਾ ਦੇ ਪਿਛਲੇ ਲਾਅਨ ’ਚ ‘ਪੰਜਾਬ ਮਾਤਾ’ ਦਾ ਖ਼ਿਤਾਬ ਦੇਣ ਦੇ ਇਤਿਹਾਸਕ ਮੌਕੇ ਦੇ ਗਵਾਹ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਆਨ ਅਤੇ ਸ਼ਾਨ ਲਈ ਸ਼ਹੀਦ ਹੋਣ ਵਾਲੇ ਪਰਿਵਾਰਾਂ ਦਾ ਮਾਣ-ਸਨਮਾਨ ਬਹਾਲ ਰੱਖਣਾ ਸਾਡੀ ਵੱਡੀ ਜ਼ਿੰਮੇਂਵਾਰੀ ਹੈ।

ਉਨ੍ਹਾਂ ਆਪਣੇ ਪਿਤਾ ਅਤੇ ਉਸ ਮੌਕੇ ਦੀ ਸਰਕਾਰ ’ਚ ਮੰਤਰੀ ਸਵ. ਸੰਤੋਖ ਸਿੰਘ ਰੰਧਾਵਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਹ ਖਟਕੜ ਕਲਾਂ ਤੋਂ ਲੰਘਦੇ ਹੋਏ ਹਮੇਸ਼ਾਂ ਇਸ ਧਰਤੀ ਨੂੰ ਨਤਮਸਤਕ ਹੋ ਕੇ ਲੰਘਦੇ ਸਨ।

ਇਤਿਹਾਸਕ ਅਤੇ ਮਹਾਨ ਸਖਸ਼ੀਅਤਾਂ ਦੇ ਦਿਹਾੜਿਆਂ ’ਤੇ ਛੁੱਟੀ ਦੇ ਸਭਿਆਚਾਰ ਨੂੰ ਮੂਲੋਂ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਦਿਨ ਸਾਨੂੰ ਆਪਣੀ ਨੌਜੁਆਨ ਪੀੜ੍ਹੀ ਲਈ ਸਕੂਲਾਂ ਅਤੇ ਕਾਲਜਾਂ ’ਚ ਸੈਮੀਨਾਰ ਲਾਉਣੇ ਚਾਹੀਦੇ ਹਨ ਤਾਂ ਜੋ ਸਾਡੀ ਨੌਜੁਆਨ ਪੀੜ੍ਹੀ ਆਪਣੇ ਇਸ ਮਹਾਨ ਫ਼ਲਸਫ਼ੇ ਤੋਂ ਜਾਣੂ ਹੋ ਸਕੇ।

ਸਹਿਕਾਰਤਾ ਮੰਤਰੀ ਰੰਧਾਵਾ ਨੇ ਇਸ ਮੌਕੇ ਜਿੱਥੇ ਜ਼ਿਲ੍ਹੇ ਦੇ ਪਹਿਲੇ ਦੋ ਕੇਵਲ ਲੜਕੀਆਂ ਦੀ ਮੈਂਬਰਸ਼ਿੱਪ ’ਤੇ ਆਧਾਰਿਤ ਮੰਢਾਲੀ ਅਤੇ ਕਾਹਮਾ ਪਿੰਡਾਂ ਦੇ ਯੁਵਕ ਸੇਵਾਵਾਂ ਕਲੱਬ ਦੀ ਸ਼ੁਰੂਆਤ ਕੀਤੀ ਉੱਥੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ।

ਇਨ੍ਹਾਂ ਮੈਂਬਰਾਂ ’ਚ ਸ਼ਹੀਦ ਭਗਤ ਸਿੰਘ ਦੇ ਪਰਿਵਾਰ ’ਚੋਂ ਉਨ੍ਹਾਂ ਦੇ ਭਰਾ ਕੁਲਤਾਰ ਸਿੰਘ ਦੇ ਬੇਟੇ ਕਿਰਨਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ, ਚਾਚਾ ਸਵਰਨ ਸਿੰਘ ਦੀ ਪੋਤੀ ਜਸਮੀਤ ਕੌਰ, ਸ਼ਹੀਦ ਸੁਖਦੇਵ ਦੇ ਭਤੀਜੇ ਅਸ਼ੋਕ ਥਾਪਰ, ਸੰਦੀਪ ਥਾਪਰ ਤੇ ਰਿਸ਼ਤੇ ’ਚੋਂ ਪੋਤੇ ਤਿ੍ਰਭੁਵਨ ਥਾਪਰ ਸ਼ਾਮਿਲ ਸਨ।

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਉਂਦੇ ਹੋਏ ਇਸ ਮੌਕੇ ਮਿਊਜ਼ੀਅਮ ’ਚ ਬਣੇ ਆਡੀਟੋਰੀਅਮ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ ਵਿਦਿਆਰਥੀਆਂ ਵੱਲੋਂ ਕਵੀਸ਼ਰੀ, ਪੰਜਾਬ ਸੰਗਤੀ-ਨਾਟਕ ਅਕਾਦਮੀ ਚੰਡੀਗੜ੍ਹ ਵੱਲੋਂ ਭੇਜੀ ਨਾਟ ਮੰਡਲੀ ਵੱਲੋਂ ਨਾਟਕ ‘ਬਸੰਤੀ ਚੋਲਾ’ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਵੱਲੋਂ ਭੰਗੜੇ ਦੀ ਪੇਸ਼ਕਾਰੀ ਵੀ ਪ੍ਰਭਾਵਸ਼ਾਲੀ ਰਹੀ।

ਸ੍ਰੀ ਰੰਧਾਵਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਪੁਸ਼ਪ ਮਾਲਾ ਰੱਖਣ ਤੋਂ ਪਹਿਲਾਂ ਉਨ੍ਹਾ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ ’ਤੇ ਵੀ ਸ਼ਰਧਾ ਸੁਮਨ ਅਰਪਿਤ ਕੀਤੇ ਗਏ ਅਤੇ ਮਿਊਜ਼ੀਅਮ ਕੰਪਲੈਕਸ ’ਚ ਪੌਦੇ ਲਾਉਣ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਲਾਏ ਮੈਡੀਕਲ ਕੈਂਪ ਦੀ ਸ਼ੁਰੂਆਤ ਵੀ ਕੀਤੀ ਗਈ।

ਇਸ ਮੌਕੇ ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ, ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਡੀ ਐਮ ਜਸਬੀਰ ਸਿੰਘ, ਸਾਬਕਾ ਵਿਧਾਇਕ ਨਵਾਂਸ਼ਹਿਰ ਗੁਰਇਕਬਾਲ ਕੌਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਚੰਦ ਭੀਮਾ, ਸਾਬਕਾ ਜ਼ਿਲ੍ਹਾ ਪ੍ਰਧਾਨ ਸਤਿਬੀਰ ਸਿੰਘ ਪੱਲੀ ਝਿੱਕੀ, ਡਾ. ਹਰਪ੍ਰੀਤ ਸਿੰਘ ਕੈਂਥ, ਰਾਣਾ ਕੁਲਦੀਪ ਸਿੰਘ ਜਾਡਲਾ ਅਤੇ ਹੋਰ ਸੀਨੀਅਰ ਆਗੂ ਅਤੇ ਜ਼ਿਲ੍ਹੇ ਦੇ ਅਧਿਕਾਰੀ ਵੀ ਮੌਜੂਦ ਸਨ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES