ਸ਼ਰਾਬ ਮਾਫ਼ੀਆ ਵਿਰੁੱਧ ਈਡੀ ਦੀ ਜਾਂਚ ਦਾ ਸਵਾਗਤ, ਪਰ ਹਾਈਕੋਰਟ ਦੀ ਨਿਗਰਾਨੀ ਹੇਠ ਸਮਾਂਬੱਧ ਹੋਵੇ ਜਾਂਚ: ‘ਆਪ’

ਚੰਡੀਗੜ੍ਹ, 4 ਸਤੰਬਰ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਨਕਲੀ ਸ਼ਰਾਬ ਦੀਆਂ ਫ਼ੈਕਟਰੀਆਂ ਅਤੇ ਸ਼ਰਾਬ ਮਾਫ਼ੀਆ ਵਿਰੁੱਧ ਮਨੀ ਲਾਡਰਿੰਗ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੇਸ ਦਰਜ ਕਰਨ ਅਤੇ ਜਾਂਚ ਸ਼ੁਰੂ ਕਰਨ ਦਾ ਸਵਾਗਤ ਕਰਦੇ ਹੋਏ ਮੰਗ ਕੀਤੀ ਕਿ ਜਾਂਚ ਮਾਨਯੋਗ ਹਾਈਕੋਰਟ ਦੀ ਨਿਗਰਾਨੀ ਹੇਠ ਅਤੇ ਸਮਾਂਬੱਧ ਹੋਏ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਕਿ ਇਹ ਸੱਚ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਸੂਬੇ ਅੰਦਰ ਸ਼ਰਾਬ ਮਾਫ਼ੀਆ ਅਤੇ ਡਰੱਗ ਮਾਫ਼ੀਆ ਧੜੱਲੇ ਨਾਲ ਚੱਲ ਰਿਹਾ ਹੈ। ਜਿਸ ‘ਚ ਸੱਤਾਧਾਰੀ ਸਿਆਸਤਦਾਨ, ਪੁਲਸ ਅਤੇ ਪ੍ਰਸ਼ਾਸਨ ਦੇ ਕੁੱਝ ਅਫ਼ਸਰ, ਸ਼ਰਾਬ ਫ਼ੈਕਟਰੀਆਂ ਦੇ ਮਾਲਕ ਅਤੇ ਇੰਨਾ ਦੇ ਕਰਿੰਦੇ ਸ਼ਾਮਲ ਹਨ।

ਇਹੋ ਕਾਰਨ ਹੈ ਕਿ ਸਰਕਾਰ ਬੇਸ਼ੱਕ ਕਾਂਗਰਸ ਦੀ ਹੋਵੇ ਜਾਂ ਬਾਦਲਾਂ ਦੀ ਹੋਵੇ ਇਹ ਮਾਫ਼ੀਆ ਬੇਖ਼ੌਫ ਹੋ ਕੇ ਸਰਕਾਰੀ ਖ਼ਜ਼ਾਨੇ ਅਤੇ ਸਾਧਨ-ਸਰੋਤਾਂ ਨੂੰ ਲੁੱਟਦਾ ਹੈ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦਾ ਹੈ। ਮਾਝੇ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 130 ਮੌਤਾਂ ਇਸ ਦੀ ਤਾਜ਼ਾ ਮਿਸਾਲ ਹਨ।

‘ਆਪ’ ਆਗੂਆਂ ਨੇ ਕਿਹਾ ਕਿ ਇਹੋ ਕਾਰਨ ਹੈ ਕਿ ਸ਼ਰਾਬ ਮਾਫ਼ੀਆ ਵਿਰੁੱਧ ਈਡੀ ਵੱਲੋਂ ਵਿੱਢੀ ਗਈ ਜਾਂਚ ਦੌਰਾਨ ਪੰਜਾਬ ਪੁਲਸ ਅਤੇ ਆਬਕਾਰੀ ਵਿਭਾਗ ਵੱਲੋਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ।

ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕਿਹਾ ਕਿ ਅਜਿਹੀਆਂ ਹਾਈਪ੍ਰੋਫਾਇਲ ਅਤੇ ਗੰਭੀਰ ਜਾਂਚਾਂ ਉੱਤੇ ਹਾਈਕੋਰਟ ਦੀ ਸਿੱਧੀ ਨਿਗਰਾਨੀ ਇਸ ਲਈ ਜ਼ਰੂਰੀ ਹੈ ਕਿ ਜਾਂਚ ਜ਼ਿਆਦਾ ਤੇਜ਼ੀ ਅਤੇ ਵੱਧ ਪਾਰਦਰਸ਼ਤਾ ਨਾਲ ਹੋਵੇਗੀ।

‘ਆਪ’ ਆਗੂਆਂ ਨੇ ਈਡੀ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜੇ ਕਰਦਿਆਂ ਪੁੱਛਿਆ ਕਿ ਡਰੱਗ ਤਸਕਰੀ ਕੇਸਾਂ ‘ਚ ਪਿਛਲੇ ਕਈ ਸਾਲਾਂ ਤੋਂ ਲੰਬਿਤ ਪਈ ਈਡੀ ਦੀ ਜਾਂਚ ਠੰਢੇ ਬਸਤੇ ‘ਚ ਕਿਉਂ ਸੁੱਟ ਦਿੱਤੀ ਗਈ ਹੈ?


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories