ਸ਼ਰਾਬ ਕਾਂਡ ਦੇ ਦੋਸ਼ੀਆਂ ਖਿਲਾਫ਼ 2 ਦਿਨਾਂ ’ਚ ਕਤਲ ਦੇ ਕੇਸ ਦਰਜ ਨਾ ਹੋਏ ਤਾਂ ਆਈ.ਜੀ. ਦਫ਼ਤਰ ਅੱਗੇ ਦੇਵਾਂਗੇ ਧਰਨਾ: ‘ਆਪ’

ਤਰਨਤਾਰਨ, 24 ਅਗਸਤ 2020:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਨੇ ਕਿਹਾ ਕਿ ਐਸਐਸਪੀ ਤਰਨ ਤਾਰਨ ਆਪਣੇ ਰਾਜਨੀਤਿਕ ਆਕਾਵਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰੰਤੂ ਜਦੋਂ ਤੱਕ ਪੁਲਿਸ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਕਰਦੀ ਅਸੀਂ ਆਪਣੇ ਰਸਤੇ ਤੋਂ ਨਹੀਂ ਹਟਾਂਗੇ।

ਉੱਥੇ ਹੀ ਐਸਐਸਪੀ ਤਰਨ ਤਾਰਨ ਦੇ ਖ਼ਿਲਾਫ਼ ਲਗਾਇਆ ਜਾ ਰਿਹਾ ਧਰਨਾ ਅੱਜ ਪੰਜਵੇਂ ਦਿਨ ਵਿਚ ਦਾਖਲ ਹੋ ਗਿਆ ਹੈ, ਅੱਜ ਦੇ ਧਰਨੇ ਵਿਚ ‘ਆਪ’ ਦੇ ਵਿਧਾਇਕਾਂ ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ (ਸਾਰੇ ਵਿਧਾਇਕ) ਨੇ ਵੀ ਧਰਨੇ ਨੂੰ ਸੰਬੋਧਨ ਕਰਦਿਆਂ ਰਾਜਾ ਅਮਰਿੰਦਰ ਸਿੰਘ ਨੂੰ ਪੰਜਾਬ ਵਿਚ ਚੱਲਦੇ ਸਮੂਹ ਮਾਫ਼ੀਏ ਦਾ ਸਰਗਨਾ ਕਰਾਰ ਦਿੰਦਿਆਂ ਆੜੇ ਹੱਥੀ ਲਿਆ।

ਕੁਲਤਾਰ ਸਿੰਘ ਸੰਧਵਾਂ ਨੇ ਐਸਐਸਪੀ ਤਰਨ ਤਾਰਨ ਦੇ ਦਫ਼ਤਰ ਦੇ ਬਾਹਰ ਧਰਨੇ ਦੀ ਅਗਵਾਈ ਕਰਦਿਆਂ ਐਸਐਸਪੀ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਜੇਕਰ ਪੁਲਿਸ ਪੰਡੋਰੀ ਗੋਲਾ ਅਤੇ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਵਿੱਚ ਨਜਾਇਜ਼ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਦੋਸ਼ੀਆਂ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ‘ਆਪ’ ਵਲੰਟੀਅਰ ਇੰਸਪੈਕਟਰ ਜਨਰਲ ਪੁਲਿਸ ਫ਼ਿਰੋਜ਼ਪੁਰ ਦੇ ਦਫ਼ਤਰ ਦੇ ਬਾਹਰ ਇੱਕ ਹੋਰ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਕਰੇਗੀ।

ਜੈ ਕ੍ਰਿਸ਼ਨ ਸਿੰਘ ਰੋੜੀ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਸਐਸਪੀ ਆਪਣੇ ਰਾਜਨੀਤਿਕ ਹੁਕਮਰਾਨਾਂ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਹੈ, ਜੋ ਸ਼ਰਾਬ ਮਾਫ਼ੀਆ ਦੀ ਸਰਪ੍ਰਸਤੀ ਕਰ ਰਹੇ ਹਨ ਅਤੇ ਆਪਣੇ ਸੌੜੇ ਨਿੱਜੀ ਹਿੱਤਾਂ ਲਈ ਆਮ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ।

ਮਨਜੀਤ ਸਿੰਘ ਬਿਲਾਸਪੁਰ ਅਤੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਲੋਕਾਂ ਦਾ ਰਾਜਾ ਅਮਰਿੰਦਰ ਸਿੰਘ ਤੋਂ ਭਰੋਸਾ ਉੱਠ ਚੁੱਕਾ ਹੈ। ਮੁੱਖ ਮੰਤਰੀ ਜਿਨ੍ਹਾਂ ਨੇ ਸਰਕਾਰ ਬਣਨ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਪੰਜਾਬ ਵਿਚ ਨਸ਼ਿਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ, ਨੇ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਸਾਰੇ ਮਾਫ਼ੀਆ ਦਾ ਚਾਰਜ ਸੰਭਾਲ ਲਿਆ।

ਜਿਸ ਦੇ ਨਤੀਜੇ ਵਜੋਂ ਸ਼ਰਾਬ ਮਾਫ਼ੀਆ ਸਮੇਤ ਹਰ ਤਰਾਂ ਦੇ ਮਾਫ਼ੀਆ ਨੇ ਆਪਣੀਆਂ ਜੜਾਂ ਮਜ਼ਬੂਤ ਕਰ ਲਈਆਂ ਹਨ। ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਰਾਜਨੀਤਿਕ ਸਰਪ੍ਰਸਤੀ ਦਾ ਸਿੱਟਾ ਹੈ ਅਤੇ ‘ਆਪ’ ਇਹ ਸੁਨਿਸ਼ਚਿਤ ਕਰੇਗੀ ਕਿ ਇਨ੍ਹਾਂ ਸਾਰੀਆਂ ਕਾਲੀ ਭੇਡਾਂ ਦਾ ਪਰਦਾਫਾਸ਼ ਕੀਤਾ ਜਾਵੇ ਅਤੇ ਪੀੜਤ ਪਰਿਵਾਰਾਂ ਨਾਲ ਇਨਸਾਫ਼ ਕੀਤਾ ਜਾਵੇ।

ਇਸ ਮੌਕੇ ਮਨਜਿੰਦਰ ਸਿੰਘ ਲਾਲਪੁਰਾ, ਕੁਲਦੀਪ ਸਿੰਘ ਧਾਲੀਵਾਲ, ਰਣਜੀਤ ਸਿੰਘ ਚੀਮਾ, ਜਸਬੀਰ ਸਿੰਘ ਸੁਰ ਸਿੰਘ, ਗੁਰਦੇਵ ਸਿੰਘ ਲਖਣਾ, ਦਲਬੀਰ ਸਿੰਘ ਟੋਂਗ, ਲਾਲਜੀਤ ਸਿੰਘ ਭੁੱਲਰ, ਹਰਭਜਨ ਸਿੰਘ ਈ.ਟੀ.ਓ., ਬਲਜੀਤ ਸਿੰਘ ਖਹਿਰਾ, ਕਸ਼ਮੀਰ ਸਿੰਘ ਸੋਹਲ, ਹਰਜੀਤ ਸਿੰਘ ਸੰਧੂ, ਅਸ਼ੋਕ ਤਲਵਾੜ, ਗੁਰਧਿਆਨ ਸਿੰਘ ਮੁਲਤਾਨੀ, ਪੀਟਰ ਚਿਦਾ, ਸ਼ੈਰੀ ਕਲਸੀ, ਚੈਨ ਖ਼ਾਲਸਾ, ਹਰਜੀਤ ਸਿੰਘ ਬਾਬਾ ਬਕਾਲਾ, ਹਰੀ ਸਿੰਘ ਬੁੱਟਰ ਸਮੇਤ ‘ਆਪ’ ਦੇ ਕਈ ਵਲੰਟੀਅਰ ਹਾਜ਼ਰ ਸਨ।

Yes Punjab - Top Stories