ਵੋਟਾਂ ਵਾਲੇ ਦਿਨ ਦਾਖ਼ਾ ’ਚ ਗੰਨਮੈਨਾਂ ਸਣੇ ਕਾਂਗਰਸ ਵਿਧਾਇਕ ਬਰਾੜ ਦੀ ਵੀਡੀਉ – ਅਕਾਲੀ ਦਲ ਨੇ ਕੀਤੀ ਜਨਤਕ

ਯੈੱਸ ਪੰਜਾਬ
ਚੰਡੀਗੜ੍ਹ, 21 ਅਕਤੂਬਰ, 2019 –
ਕਾਂਗਰਸ ਪਾਰਟੀ ਦੇ ਬਾਘਾ ਪੁਰਾਣਾ ਤੋਂ ਵਿਧਾਇਕ ਸ: ਦਰਸ਼ਨ ਸਿੰਘ ਬਰਾੜ ਦੀ ਆਪਣੇ ਗੰਨਮੈਨਾਂ ਸਣੇ ਦਾਖ਼ਾ ਵਿਧਾਨ ਸਭਾ ਹਲਕੇ ਵਿਚ ਕਥਿਤ ਤੌਰ ’ਤੇ ਅੱਜ ਬਣਾਈ ਗਈ ਇਕ ਵੀਡੀਉ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਜਨਤਕ ਕਰਦਿਆਂ ਇਸ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਅਤੇ ਪਾਰਟੀ ਦੇ ਸਕੱਤਰ ਡਾ: ਦਲਜੀਤ ਸਿੰਘ ਚੀਮਾ ਨੇ ਅੱਜ ਇਹ ਵੀਡੀਉ ਕਲਿੱਪ ਟਵੀਟ ਕਰਦਿਆਂ ਦਾਅਵਾ ਕੀਤਾ ਕਿ ਸ: ਬਰਾੜ ਅੱਜ ਚੋਣਾਂ ਵਾਲੇ ਦਿਨ ਆਪਣੀ ਭਾਰੀ ਸੁਰੱਖ਼ਿਆ ਨਾਲ ਦਾਖ਼ਾ ਅਸੰਬਲੀ ਹਲਕੇ ਦੇ ਪਿੰਡ ਭੈਣੀ ਗੁੱਜਰ ਵਿਚ ਮੌਜੂਦ ਹਨ ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ।

ਡਾ: ਚੀਮਾ ਦਾ ਕਹਿਣਾ ਹੈ ਕਿ ਭਾਰੀ ਸੁਰੱਖ਼ਿਆ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਹਲਕੇ ਵਿਚ ਪੁੱਜੇ ਸ: ਬਰਾੜ ਵੋਟਰਾਂ ’ਤੇ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਵਿਚ ਹਨ ਅਤੇ ਇਸ ਦਾ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਵਿਧਾਇਕ ਸ: ਕੁਲਬੀਰ ਸਿੰਘ ਜ਼ੀਰਾ ਅਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਸ: ਰਵਨੀਤ ਸਿੰਘ ਬਿੱਟੂ ਦੀਆਂ ਵੀਡੀਉ ਵੀ ਟਵਿੱਟਰ ’ਤੇ ਪਾ ਕੇ ਦੋਸ਼ ਲਗਾਇਆ ਸੀ ਕਿ ਇਹ ਹਲਕੇ ਦੇ ਅਕਾਲੀ ਉਮੀਦਵਾਰ, ਅਕਾਲੀ ਵਰਕਰਾਂ ਅਤੇ ਆਮ ਵੋਟਰਾਂ ਨੂੰ ਧਮਕਾ ਕੇ ਚੋਣ ਨੂੰ ਪ੍ਰਭਾਵਿਤ ਕਰ ਰਹੇ ਹਨ।

Share News / Article

YP Headlines

Loading...