ਵੇਖ਼ੋ-ਸੁਣੋ ਮੁੱਖ ਮੰਤਰੀ ਨੂੰ ਕੀ ਗੁਹਾਰ ਲਾ ਰਿਹੈ ਨਸ਼ਾ ਤਸਕਰ ਨੂੰ ਫ਼ੜਣ ਵਾਲਾ ਹੌਲਦਾਰ – ਵੀਡੀਉ ਸਣੇ

ਯੈੱਸ ਪੰਜਾਬ
ਫ਼ਤਹਿਗੜ੍ਹ ਸਾਹਿਬ, 31 ਅਗਸਤ, 2019:

ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਮੌਤ ਵਰਗੀ ਅਲਾਮਤ ਤੋਂ ਬਚਾਉਣ ਲਈ ਜਿੱਥੇ ਕੁਝ ਤਾਕਤਾਂ ਮੁੱਖ ਮੰਤਰੀ ਦੇ ਹੱਥ ਵਿਚ ‘ਗੁਟਕਾ ਸਾਹਿਬ’ ਫ਼ੜ ਕੇ ਲਏ ਗਏ ਅਹਿਦ ਨੂੰ ਪੂਰਾ ਕਰਨ ਲਈ ਕੰਮ ਕਰ ਰਹੀਆਂ ਹਨ ਉੱਥੇ ਹੀ ਕੁਝ ਹੋਰ ਤਾਕਤਾਂ ਨਸ਼ੇ ਦੇ ਕਾਰੋਬਾਰ ਵਿਚਲੀ ਮੋਟੀ ਕਮਾਈ ਦੇ ਮੂੰਹ ਨੂੰ ਲੱਗੇ ਲਹੂ ਤੋਂ ਮਜਬੂਰ ਇਹ ਕੰਮ ਛੱਡਣ ਨੂੰ ਤਿਆਰ ਨਹੀਂ। ਇੱਥੇ ਹੀ ਬੱਸ ਨਹੀਂ, ਇਹ ਵੀ ਸਪਸ਼ਟ ਹੀ ਹੈ ਕਿ ਇਹ ਸਾਰਾ ਕੁਝ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਾ ਤਾਂ ਹੋ ਸਕਦਾ ਹੈ ਅਤੇ ਨਾ ਹੀ ਹੋ ਰਿਹਾ ਹੈ।

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਮੂਲੇਪੁਰ ਵਿਚ ਤਾਇਨਾਤ ਹੌਲਦਾਰ ਸ: ਰਸ਼ਪਾਲ ਸਿੰਘ ਨੇ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਅਪਲੋਡ ਕਰਕੇ ਜ਼ਮੀਨੀ ’ਤੇ ਕੀ ਚੱਲ ਰਿਹਾ ਹੈ, ਇਹ ਬਿਆਨ ਕੀਤਾ ਹੈ।

ਹਾਕੀ ਦੇ ਖ਼ਿਡਾਰੀ ਐਸ.ਐਚ.ਉ. ਮਨਪ੍ਰੀਤ ਸਿੰਘ ਦੀ ਅਗਵਾਈ ਵਾਲੇ ਮੂਲੇਪੁਰ ਥਾਣੇ ਵਿਚ ਤਾਇਨਾਤ ਹੌਲਦਾਰ ਰਸ਼ਪਾਲ ਸਿੰਘ ਵੱਲੋਂ ਅਪਲੋਡ ਕੀਤੇ ਵੀਡੀਉ ਨੂੰ ਵੇਖ਼ਣ ਤੋਂ ਬਾਅਦ ‘ਯੈੱਸ ਪੰਜਾਬ’ ਨੇ ਰਸ਼ਪਾਲ ਸਿੰਘ ਤੋਂ ਹੋਰ ਵੇਰਵੇ ਲੈਣ ਲਈ ਉਸ ਨਾਲ ਗੱਲਬਾਤ ਵੀ ਕੀਤੀ।

ਹੌਲਦਾਰ ਵੱਲੋਂ ਸ਼ੁੱਕਰਵਾਰ ਰਾਤ ਨੂੰ ਹੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ ਵੀਡੀਉ ਵਿਚ ਕਿਹਾ ਗਿਆ ਹੈ ਕਿ ਉਸ ਵੱਲੋਂ 19 ਅਗਸਤ, 2019 ਨੂੰ ਉਸਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਕ ਨਸ਼ਾ ਤਸਕਰ ਨੂੰ 4200 ਗੋਲੀ ਨਸ਼ੀਲੀ, ਜਿਸ ਨੂੰ ਲੀਮੋਟਿਲ ਵੀ ਕਿਹਾ ਜਾਂਦਾ ਹੈ, ਸਣੇ ਕਾਬੂ ਕੀਤਾ। ਉਸਦਾ ਕਹਿਣਾ ਹੈ ਕਿ ਇਹ ਵਿਅਕਤੀ ਮੂਲੇਪੁਰ ਦੇ ਸਰਪੰਚ ਦਾ ਭਰਾ ਹੈ। ਵੀਡੀਉ ਵਿਚ ਉਸਨੇ ਕਿਹਾ ਹੈ ਕਿ ਹੁਣ ਅਧਿਕਾਰੀਆਂ ’ਤੇ ਰਾਜਸੀ ਦਬਾਅ ਪਾ ਕੇ ਪਰਚਾ ਕੈਂਸਲ ਕਰਵਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ ਅਤੇ ਉਸਤੇ ਝੂਠੇ ਇਲਜ਼ਾਮ ਲਗਾ ਕੇ ਉਸਨੂੰ ‘ਸਸਪੈਂਡ’ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।।

ਹੌਲਦਾਰ ਦਾ ਕਹਿਣਾ ਹੈ ਕਿ ਉਹ ਪਿਛਲੇ 7-8 ਮਹੀਨੇ ਤੋਂ ਮੁੂਲੇਪੁਰ ਥਾਣੇ ਵਿਚ ਤਾਇਨਾਤ ਹੈ ਅਤੇ ਉਸਨੇ ਇਸ ਦੌਰਾਨ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਨਸ਼ੀਲੇ ਪਦਾਰਥ ਫ਼ੜੇ ਹਨ ਜਿਸ ਸਦਕਾ ਉਸਨੂੰ ਐਸ.ਐਸ.ਪੀ. ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਉਸਨੇ ਕਿਹਾ ਹੈ ਕਿ ਉਸਦੀ ਪੋਸਟ ਵੱਧ ਤੋਂ ਵੱਧ ਸ਼ੇਅਰ ਕਰਕੇ ਮਾਨਯੋਗ ਮੁੱਖ ਮੰਤਰੀ ਤਕ ਪੁਚਾਈ ਜਾਵੇ ਤਾਂ ਜੋ ਇਹੋ ਜਿਹੇ ਮਾੜੇ ਜੋ ਨਸ਼ੇ ਦਾ ਕੰਮ ਕਰਦੇ ਹਨ ਕਿਸੇ ਦਾ ਕੋਈ ਨੁਕਸਾਨ ਨਾ ਕਰ ਸਕਣ ਅਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਨਿਡਰ ਰਹਿੰਦਿਆਂ ਜਾਰੀ ਰੱਖਿਆ ਜਾ ਸਕੇ।

‘ਯੈੱਸ ਪੰਜਾਬ’ ਨਾਲ ਗੱਲਬਾਤ ਕਰਦਿਆਂ ਹੌਲਦਾਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਬਾਰੇ ਪਤਾ ਲੱਗਣ ’ਤੇ ਉਸਨੇ ਬਕਾਇਦਾ ਹਰਵਿੰਦਰ ਸਿੰਘ ਦੇ ਅੰਬਾਲੇ ਤੋਂ ਗੋਲੀਆਂ ਦੇ ਪੱਤੇ ਲਿਆਉਣ ਤੋਂ ਇਕ ਦਿਨ ਬਾਅਦ ‘ਸੇਲ’ ਕਰਦੇ ਹੋਏ ਨੂੰ ਫ਼ੜਿਆ। ਉਸਨੇ ਦੱਸਿਆ ਕਿ ਅੰਬਾਲੇ ਜਾਣ ਸੰਬੰਧੀ ਉਸਨੇ ਹਰਵਿੰਦਰ ਸਿੰਘ ਦੀਆਂ ‘ਕਾਲ ਡਿਟੇਲਾਂ’ ਵੀ ਕਢਵਾਈਆਂ ਸਨ। ਉਸਨੇ ਦੱਸਿਆ ਕਿ ਉਹ ਅੰਬਾਲੇ ਤੋਂ 40 ਰੁਪਏ ਪੱਤੇ ਦੇ ਹਿਸਾਬ ਨਸ਼ੀਲੀਆਂ ਗੋਲੀਆਂ ਲਿਆਇਆ ਅਤੇ ਇੱਥੇ ਉਹ 300 ਰੁਪਏ ਪੱਤੇ ਦੇ ਹਿਸਾਬ ਵੇਚ ਰਿਹਾ ਸੀ।

ਹੌਲਦਾਰ ਅਨੁਸਾਰ ਹੁਣ ਹਰਵਿੰਦਰ ਸਿੰਘ ਅਤੇ ਉਸਦਾ ਸਰਪੰਚ ਰਵਿੰਦਰ ਸਿੰਘ ਉਸਨੂੰ ਆਖ਼ ਰਹੇ ਹਨ ਕਿ ‘ਤੂੰ ਜਿੱਥੇ ਭੱਜਣਾ ਹੈ, ਭੱਜ ਲੈ, ਤੈਨੂੰ ਨੌਕਰੀ ਨਹੀਂ ਕਰਨ ਦਿੰਦੇ, ਪਰਚਾ ਵੀ ਕੈਂਸਲ ਕਰਵਾਵਾਂਗੇ ਤੇ ਤੈਨੂੰ ਵੀ ਸਸਪੈਂਡ ਕਰਵਾਵਾਂਗੇ।’

ਇਹ ਪੁੱਛੇ ਜਾਣ ’ਤੇ ਕਿ ਕੀ ਉਸਤੇ ਪੁਲਿਸ ਅਧਿਕਾਰੀਆਂ ਵੱਲੋਂ ਜਾਂ ਫ਼ਿਰ ਕੋਈ ਰਾਜਸੀ ਦਬਾਅ ਪੈ ਰਿਹਾ ਹੈ ਤਾਂ ਉਸਨੇ ਕਿਹਾ ਕਿ ਵਿਭਾਗ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਐਸ.ਐਸ.ਪੀ. ਸ੍ਰੀਮਤੀ ਅਮਨੀਤ ਕੌਂਡਲ ਬੜੇ ਇਮਾਨਦਾਰ ਅਧਿਕਾਰੀ ਹਨ ਪਰ ਅਜੇ ਉਸਨੂੰ ਕਾਂਗਰਸ ਵਿਧਾਇਕ ਦੇ ਨਾਂਅ ’ਤੇ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਹਰਵਿੰਦਰ ਸਿੰਘ ਦਾ ਪਰਿਵਾਰ ਕਾਂਗਰਸੀ ਹੀ ਦੱਸਿਆ ਜਾਂਦਾ ਹੈ।

ਵੀਡੀਉ ਵੇਖ਼ਣ ਲਈ ਇੱਥੇ ਕਲਿੱਕ ਕਰੋ

Share News / Article

Yes Punjab - TOP STORIES