‘ਵਿਰਸਾ ਵਿਹਾਰ’ ਨੂੰ ਵਿਰਾਸਤੀ ਅਜਾਇਬ ਘਰ ਵਜੋਂ ਵਿਕਸਤ ਕਰਨ ਦੇ ਯਤਨ ਕੀਤੇ ਜਾਣ: ਡੀ.ਸੀ. ਵਰਿੰਦਰ ਸ਼ਰਮਾ

ਜਲੰਧਰ, 11 ਸਤੰਬਰ, 2019 –

ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਰਸਾ ਵਿਹਾਰ ਨੂੰ ਵਿਰਾਸਤੀ ਅਜਾਇਜ਼ ਘਰ ਵਜੋਂ ਵਿਕਸਤ ਕਰਨ ਲਈ ਸੰਜੀਦਾ ਯਤਨ ਕੀਤੇ ਜਾਣ ਤਾਂ ਜੋ ਇਸ ਨਾਲ ਜਿਥੇ ਇਂਕ ਪਾਸੇ ਵੱਖ-ਵੱਖ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ ਜਾ ਸਕਣਗੀਆਂ ਉਥੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਅਮੀਰ ਵਿਰਸੇ ਨਾਲ ਜੋੜਿਆ ਜਾ ਸਕੇਗਾ।

ਵਿਰਸਾ ਵਿਹਾਰ ਵਿਖੇ ਜ਼ਿਲ੍ਹਾ ਸਭਿਆਚਾਰਕ ਅਤੇ ਸਾਹਿਤ ਸੁਸਾਇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਰਸਾ ਵਿਹਾਰ ਨੂੰ ਇਸ ਖੇਤਰ ਲਈ ਸਭਿਆਚਾਰਕ ਗਤੀਵਿਧੀਆਂ ਦੇ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਲਦ ਹੀ ਵਿਆਪਕ ਪ੍ਰੋਗਰਾਮ ਉਲੀਕਿਆ ਜਾਵੇਗਾ ਜਿਸ ਤਹਿਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਵਿਰਸਾ ਵਿਹਾਰ ਸੂਬੇ ਦੇ ਅਮੀਰ ਸਭਿਆਚਾਰ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂੰ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕੇਗਾ। ਉਨ੍ਹਾਂ ਕਿਹਾ ਕਿ ਵਿਰਸਾ ਵਿਹਾਰ ਨੂੰ ਸਮਾਜਿਕ ਤੇ ਸਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਸ ਨੇਕ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅੱਗੇ ਆ ਕੇ ਇਸ ਨੇਕ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ ਅਤੇ ਇਸ ਸਮੇਂ ਦੌਰਾਨ ਪੁਰਾਤਨ ਚੀਜਾਂ, ਹੱਥ ਦਸਤਾਂ ਅਤੇ ਹੋਰ ਚੀਜਾਂ ਨੂੰ ਮਿਊਜ਼ੀਅਮ ਵਿੱਚ ਪਰਦਰਸ਼ਿਤ ਕਰਨਾ ਚਾਹੀਦਾ ਹੈ।ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਰਸਾ ਵਿਹਾਰ ਨੂੰ ਸਭਿਆਚਾਰਕ ਕੇਂਦਰ ਵਜੋਂ ਵਿਕਸਿਤ ਕਰਨ ਲਈ ਲੋਕਾਂ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਮਾਨਤਾ ਵੀ ਦਿੱਤੀ ਜਾਵੇਗੀ।

ਸ੍ਰੀ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਗਤੀਵਿਧੀਆਂ ਵਿਰਸਾ ਵਿਹਾਰ ਵਿੱਚ ਕਰਵਾਈਆਂ ਜਾਣਗੀਆਂ ਤਾਂ ਜੋ ਸੂਬੇ ਦੇ ਨੌਜਵਾਨਾਂ ਨੂੰ ਅਮੀਰ ਸਭਿਆਚਾਰ ਨਾਲ ਜੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਇਸ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਨੌਜਵਾਨਾਂ ਅਪਣੇ ਅਮੀਰ ਸਭਿਆਚਾਰਕ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ। ਇਸ ਮੌਕੇ ਜਾਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਆਸ਼ਿਕਾ ਜੈਨ, ਆਫਿਸ ਸਕੱਤਰ ਕੈਪਟਨ ਇੰਦਰਜੀਤ ਸਿੰਘ ਧਾਮੀ, ਡਾ.ਇੰਦਰਜੀਤ ਸਿੰਘ, ਡਾ.ਸੁਚਿੱਤਰਾ ਸ਼ਰਮਾ, ਵੈਟਰਨ ਪੱਤਰਕਾਰ ਦੀਪਕ ਜਲੰਧਰੀ, ਐਸ.ਪੀ.ਲੁਥਰ ਅਤੇ ਹੋਰ ਵੀ ਹਾਜ਼ਰ ਸਨ।

Share News / Article

Yes Punjab - TOP STORIES