ਵਿਧਾਨ ਸਭਾ ‘ਚ ‘ਕਲੋਜਰ ਰਿਪੋਰਟ’ ‘ਤੇ ਬਾਦਲਾਂ ਦੀ ਖੇਖਣ ਬਾਜ਼ੀ ਦੇ ਪਾਜ ਉਧੇੜਾਂਗੇ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 27 ਜੁਲਾਈ, 2019 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਸੀਬੀਆਈ ਦੀ ਕਲੋਜਰ ਰਿਪੋਰਟ ‘ਤੇ ਬਾਦਲ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਖੇਖਣ ਬਾਜ਼ੀ ਦੇ ਵਿਧਾਨ ਸਭਾ ਸੈਸ਼ਨ ਦੌਰਾਨ ਬਾਦਲਾਂ ਦੇ ਪਾਜ ਉਧੇੜਾਂਗੇ। ਇਹ ਵੀ ਦੱਸਾਂਗੇ ਕਿ ਬਾਦਲਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਸ ਵਿਚ ਰਲੇ ਹੋਏ ਹਨ।

ਚੰਡੀਗੜ੍ਹ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਚੀਮਾ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਜਵਾਬਦੇਹੀ ਤੋਂ ਭੱਜ ਰਹੀ ਹੈ, ਇਸ ਲਈ ਸੈਸ਼ਨ ਨੂੰ ਮਹਿਜ਼ ਦੋ ਬੈਠਕਾਂ ਤੱਕ ਸੀਮਤ ਕਰ ਦਿੱਤਾ ਹੈ। ਫਿਰ ਵੀ ‘ਆਪ’ ਵਿਧਾਇਕ ਸੀਬੀਆਈ ਦੀ ਕਲੋਜਰ ਰਿਪੋਰਟ ਨੂੰ ਮੁੱਖ ਮੁੱਦੇ ਵਜੋਂ ਉਠਾਇਆ ਜਾਵੇਗਾ। ਇਸ ਤੋਂ ਬਿਨਾਂ ਬੇਰੁਜ਼ਗਾਰੀ, ਨਸ਼ੇ, ਏਡਜ਼/ਐਚਆਈਵੀ, ਕਿਸਾਨ ਕਰਜ਼ੇ ਅਤੇ ਖੇਤੀ ਸੰਕਟ, ਦਲਿਤ ਅਤੇ ਬੇਜ਼ਮੀਨੇ ਮਜਦੂਰ-ਗਰੀਬ ਦੇ ਮਸਲੇ ਮੁੱਖ ਰਹਿਣਗੇ।

ਕਲੋਜਰ ਰਿਪੋਰਟ ਬਾਰੇ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਨੂੰ 4 ਸਾਲ ਹੋ ਚੁੱਕੇ ਹਨ ਅਤੇ ਇਨ੍ਹਾਂ ਦੀ ਜਾਂਚ ਲਈ 4 ਜਾਂਚ ਟੀਮਾਂ/ਏਜੰਸੀਆਂ (ਆਈਪੀਐਸ ਸਹੋਤਾ, ਆਰਐਸ ਖੱਟੜਾ, ਸੀਬੀਆਈ ਸਿਟ-ਕੰਵਰ ਵਿਜੇ ਪ੍ਰਤਾਪ ਸਿੰਘ) ਜਾਂਚ ਕਰ ਚੁੱਕੀਆਂ ਹਨ ਅਤੇ ਕਰ ਰਹੀਆਂ ਹਨ, ਪ੍ਰੰਤੂ ਅਜੇ ਤੱਕ ਇਸ ਸਵਾਲ ਦਾ ਸਪਸ਼ਟ ਜਵਾਬ ਸਾਹਮਣੇ ਨਹੀਂ ਆਇਆ ਕਿ ਬੇਅਦਬੀਆਂ ਕਿਸ ਨੇ ਅਤੇ ਕਿਸ ਦੇ ਕਹਿਣ ‘ਤੇ ਕੀਤੀਆਂ।

ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਦੇ ਹੁਕਮ ਕਿਸ ਨੇ ਦਿੱਤੇ ਅਤੇ ਗੋਲੀ ਕਿਸ ਨੇ ਚਲਾਈ। ਚੀਮਾ ਨੇ ਕਿਹਾ ਕਿ ਇਹ ਸਾਰੀਆਂ ਜਾਂਚ ਟੀਮਾਂ ਦੀ ਜਾਂਚ ਸਿੱਟੇ ਵੱਲ ਵਧਣ ਦੀ ਥਾਂ ਇੱਕ-ਦੂਜੇ ਦੀ ਜਾਂਚ ਅਤੇ ਤੱਥਾਂ-ਸਬੂਤਾਂ ਨੂੰ ਕੱਟਦੀ ਜ਼ਿਆਦਾ ਨਜ਼ਰ ਆ ਰਹੀ ਹੈ। ਜਿਸਦਾ ਕਾਨੂੰਨੀ ਲਾਭ ਦੋਸ਼ੀਆਂ ਦੇ ਹੱਕ ‘ਚ ਭੁਗਤੇਗਾ, ਇਸ ਲਈ ਇਨਸਾਫ਼ ਦੀਆਂ ਉਮੀਦਾਂ ਹੋਰ ਮੱਧਮ ਹੋ ਗਈਆਂ ਹਨ।

ਚੀਮਾ ਨੇ ਕਿਹਾ ਕਿ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਕਲੋਜਰ ਰਿਪੋਰਟ ਦਖ਼ਲ ਹੋਣ ਤੋਂ ਪਹਿਲਾਂ ਮੋਦੀ ਸਰਕਾਰ ਅਤੇ ਹਰਸਿਮਰਤ ਕੌਰ ਬਾਦਲ ਨੂੰ ਇਸ ਬਾਰੇ ਪਤਾ ਨਾ ਹੋਵੇ। ਇਸ ਲਈ ਬਾਦਲ ਕਲੋਜਰ ਰਿਪੋਰਟ ‘ਤੇ ਸਿਰਫ਼ ਸਿਆਸੀ ਡਰਾਮੇਬਾਜ਼ੀ ਕਰ ਰਹੇ ਹਨ, ਪਰੰਤੂ ਹੁਣ ਲੋਕ ਅਣਜਾਣ ਨਹੀਂ ਰਹੇ।

ਚੀਮਾ ਨੇ ਕਿਹਾ ਕਿ ਕਲੋਜਰ ਰਿਪੋਰਟ ਮਾਮਲੇ ਨੇ ਬਾਦਲਾਂ ਅਤੇ ਭਾਜਪਾ ਦੇ ਸਾਰੇ ਗਿਰਗਟੀ ਰੰਗ ਦਿਖਾ ਦਿੱਤੇ ਹਨ ਕਿ ਦਿੱਲੀ ‘ਚ ਇਹ ਕੁੱਝ ਹੋਰ ਕਰਦੇ ਹਨ, ਪੰਜਾਬ ‘ਚ ਉਸੇ ਗੱਲ ‘ਤੇ ਕੁੱਝ ਹੋਰ ਬੋਲਦੇ ਹਨ ਅਤੇ ਸੱਤਾ ‘ਚ ਹੁੰਦੇ ਹੋਏ ਨਿੱਜੀ ਅਤੇ ਸੱਤਾ ਦੇ ਸਵਾਰਥ ਲਈ ਕਿਸ ਤਰ੍ਹਾਂ ਪੁਲਸ ਅਤੇ ਪਾਵਰ ਦਾ ਦੁਰਉਪਯੋਗ ਕਰਦੇ ਹਨ।

ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਬੇਕਸੂਰ ਨੂੰ ਫਸਾਉਣ ਜਾਂ ਸਜਾ ਦੀ ਸਖ਼ਤ ਵਿਰੋਧੀ ਹੈ ਜਦਕਿ ਕਿਸੇ ਵੀ ਛੋਟੇ ਜਾਂ ਵੱਡੇ ਦੋਸ਼ੀ ਨੂੰ ਬਖ਼ਸ਼ਿਆ ਨਾ ਜਾਵੇ। ਚੀਮਾ ਨੇ ਕਿਹਾ ਕਿ ਵੱਡੇ ਅਤੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਸਬੂਤ ਮਿਟਾਏ ਜਾ ਰਹੇ ਹਨ। ਨਾਭਾ ਜੇਲ੍ਹ ‘ਚ ਮਹਿੰਦਰ ਪਾਲ ਬਿੱਟੂ ਅਤੇ ਅੰਮ੍ਰਿਤਸਰ ‘ਚ ਹੀਰੋਇਨ ਤਸਕਰੀ ਦੇ ਦੋਸ਼ੀ ਗੁਰਪਿੰਦਰ ਦੀ ਹਿਰਾਸਤੀ ਮੌਤ ਇਸ ਦਾ ਤਾਜ਼ਾ ਸਬੂਤ ਹਨ।

Share News / Article

Yes Punjab - TOP STORIES