ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਕਾਂਗਰਸ ਪਾਰਟੀ ਅਤੇ ਹਲਕਾ ਵਾਸੀਆਂ ਨਾਲ ਧ੍ਰੋਹ ਕਮਾਇਆ: ਹਰਵਿੰਦਰਪਾਲ ਸ਼ਾਹਬਾਦ

ਯੈੱਸ ਪੰਜਾਬ
ਬਟਾਲਾ, 28 ਦਸੰਬਰ, 2021 –
ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਕਾਂਗਰਸ ਪਾਰਟੀ ਅਤੇ ਹਲਕਾ ਵਾਸੀਆਂ ਨਾਲ ਧ੍ਰੋਹ ਕਮਾਇਆ ਹੈ, ਜਿਸਨੂੰ ਹਲਕਾ ਵਾਸੀ ਕਦੀ ਮੁਆਫ਼ ਨਹੀਂ ਕਰਨਗੇ। ਇਹ ਪ੍ਰਗਟਾਵਾ ਕਰਦਿਆਂ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਕਾਂਗਰਸੀ ਆਗੂ ਇੰਜੀਨੀਅਰ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਬਲਵਿੰਦਰ ਸਿੰਘ ਲਾਡੀ ਨੂੰ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਅਤੇ ਫਿਰ ਵਿਧਾਇਕ ਬਣਾ ਕੇ ਏਨਾ ਮਾਣ ਦਿੱਤਾ ਸੀ, ਉਸ ਪਾਰਟੀ ਨਾਲ ਦਗਾ ਕਮਾਉਣਾ ਕਿਸੇ ਵੀ ਤਰਾਂ ਜਾਇਜ ਨਹੀਂ ਹੈ।

ਇੰਜੀ: ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਬਲਵਿੰਦਰ ਸਿੰਘ ਲਾਡੀ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਆਪਣੇ ਰਾਜਨੀਤਕ ਜੀਵਨ ਦਾ ਅੰਤ ਕਰ ਲਿਆ ਹੈ ਅਤੇ ਜੇਕਰ ਉਹ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਰਨਗੇ ਤਾਂ ਹਲਕੇ ਦੇ ਵੋਟਰ ਉਸ ਨੂੰ ਉਸਦੀ ਅਸਲ ਹਕੀਕਤ ਦਿਖਾ ਦੇਣਗੇ। ਉਨ੍ਹਾਂ ਕਿਹਾ ਕਿ ਲਾਡੀ ਦੇ ਭਾਜਪਾ ਵਿੱਚ ਜਾਣ ਨਾਲ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪਵੇਗਾ ਸਗੋਂ ਵਿਧਾਇਕ ਲਾਡੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਨਿਰਾਸ਼ ਹੋਏ ਵੋਟਰ ਹੁਣ ਦੁਬਾਰਾ ਕਾਂਗਰਸ ਪਾਰਟੀ ਨਾਲ ਜੁੜਨਗੇ।

ਇੰਜੀ: ਸ਼ਾਹਬਾਦ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਕਾਂਗਰਸ ਪਾਰਟੀ ਪੂਰੀ ਤਰਾਂ ਇਕਜੁੱਟ ਹੈ ਅਤੇ ਕਾਂਗਰਸ ਹਾਈਕਾਮਨ, ਵੱਡੇ ਕਾਂਗਰਸੀ ਆਗੂਆਂ ਅਤੇ ਹਲਕੇ ਦੇ ਵੋਟਰਾਂ ਦੇ ਥਾਪੜੇ ਸਦਕਾ ਉਹ ਹਲਕੇ ਦੀ ਸੇਵਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਨੂੰ ਪਹਿਲਾਂ ਨਾਲੋਂ ਵੀ ਵੱਧ ਲੀਡ ਨਾਲ ਜਿਤਾਇਆ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ