ਵਿਧਾਇਕ ਨਵਤੇਜ ਚੀਮਾ ਅਤੇ ਡੀ.ਸੀ. ਨੇ ਕੀਤੀ ਸੁਲਤਾਨਪੁਰ ਲੋਧੀ ਵਿਖ਼ੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਸੁਲਤਾਨਪੁਰ ਲੋਧੀ (ਕਪੂਰਥਲਾ), 18 ਸਤੰਬਰ, 2019 –
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਅੱਜ ਵਿਧਾਇਕ ਸ. ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਫ਼ਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ।

ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਆਰੰਭ ਕੀਤੀ ਗਈ ਇਸ ਮੁਹਿੰਮ ਵਿਚ 800 ਦੇ ਕਰੀਬ ਕਰਮਚਾਰੀਆਂ ਅਤੇ ਵਲੰਟੀਅਰਾਂ ਨੇ 50-50 ਮੈਂਬਰਾਂ ਦੀਆਂ 16 ਟੀਮਾਂ ਬਣਾ ਕੇ ਸਮੁੱਚੇ ਸ਼ਹਿਰ ਦੀ ਸਫ਼ਾਈ ਕੀਤੀ। ਝਾੜੂਆਂ, ਕਹੀਆਂ, ਤਸ਼ਲਿਆਂ, ਬੇਲਚਿਆਂ ਅਤੇ ਹੋਰ ਸਾਜ਼ੋ-ਸਾਮਾਨ ਨਾਲ ਲੈਸ ਇਨਾਂ ਟੀਮਾਂ ਨੇ ਆਪਣੇ ਸੁਪਰਵਾਈਜ਼ਰਾਂ ਦੀ ਨਿਗਰਾਨੀ ਹੇਠ ਸਾਰੇ ਸਹਿਰ ਦੀਆਂ ਸੜਕਾਂ, ਗਲੀਆਂ-ਮੁਹੱਲਿਆਂ ਅਤੇ ਬਾਜ਼ਾਰਾਂ ਨੂੰ ਸਾਫ਼-ਸੁਥਰਾ ਬਣਾਉਣ ਵਿਚ ਆਪਣਾ ਯੋਗਦਾਨ ਪਾਇਆ।

ਇਸ ਦੌਰਾਨ ਕਪੂਰਥਲਾ, ਫਗਵਾੜਾ, ਜਲੰਧਰ ਅਤੇ ਸੁਲਤਾਨਪੁਰ ਲੋਧੀ ਦੀਆਂ 13 ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਪੂਰੇ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੂੰ ਧੋਤਾ ਗਿਆ। ਇਸ ਤੋਂ ਇਲਾਵਾ ਪੰਜ ਟਾਟਾ ਏਸ ਅਤੇ 2 ਟਰੈਕਟਰ-ਟਰਾਲੀਆਂ ਵੀ ਇਸ ਕੰਮ ਵਿਚ ਲਗਾਈਆਂ ਗਈਆਂ।

ਜ਼ਿਲਾ ਅਧਿਕਾਰੀਆਂ ਸਮੇਤ ਖ਼ੁਦ ਇਸ ਸਫ਼ਾਈ ਅਭਿਆਨ ਦਾ ਹਿੱਸਾ ਬਣੇ ਵਿਧਾਇਕ ਸ. ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ: ਖਰਬੰਦਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਨਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਹੋ ਰਹੀਆਂ ਹਨ। ਉਨਾਂ ਕਿਹਾ ਕਿ ਦੇਸ਼-ਵਿਦੇਸ਼ ਵਿਚੋਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਲੱਖਾਂ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਸ਼ਹਿਰ ਦਾ ਕਾਇਆ ਕਲਪ ਕੀਤਾ ਜਾ ਰਿਹਾ ਹੈ, ਜਿਸ ਤਹਿਤ ਸ਼ਹਿਰ ਦੇ ਸੁੰਦਰੀਕਰਨ ਅਤੇ ਸਫ਼ਾਈ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਉਨਾਂ ਕਿਹਾ ਕਿ ਅੱਜ ਸ਼ੁਰੂ ਕੀਤਾ ਗਿਆ ਸਫ਼ਾਈ ਅਭਿਆਨ 1 ਨਵੰਬਰ ਤੱਕ ਲਗਾਤਾਰ ਜਾਰੀ ਰਹੇਗਾ ਅਤੇ ਰੋਜ਼ਾਨਾ ਸ਼ਹਿਰ ਦੀ ਸਫ਼ਾਈ ਕੀਤੀ ਜਾਵੇਗੀ। ਉਨਾਂ ਸੁਲਤਾਨਪੁਰ ਲੋਧੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿਚ ਵੱਧ-ਚੜ ਕੇ ਹਿੱਸਾ ਪਾਉਣ ਅਤੇ ਪਵਿੱਤਰ ਨਗਰੀ ਨੂੰ ਸਾਫ਼-ਸੁਥਰਾ ਤੇ ਸਵੱਛ ਬਣਾਉਣ ਵਿਚ ਮਦਦ ਕਰਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਸੁਲਤਾਨਪੁਰ ਲੋਧੀ ਸ੍ਰੀਮਤੀ ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਤਹਿਸੀਲਦਾਰ ਸੁਲਤਾਨਪੁਰ ਲੋਧੀ ਸ੍ਰੀਮਤੀ ਸੀਮਾ ਸਿੰਘ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸ੍ਰੀ ਅਸ਼ੋਕ ਮੋਗਲਾ, ਮੈਨੇਜਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸ. ਸਤਨਾਮ ਸਿੰਘ ਰਿਆੜ, ਈ. ਓ ਨਗਰ ਕੌਂਸਲ ਸੁਲਤਾਨਪੁਰ ਲੋਧੀ ਸ. ਬਲਜੀਤ ਸਿੰਘ ਬਿਲਗਾ, ਈ. ਓ ਨਗਰ ਕੌਂਸਲ ਕਪੂਰਥਲਾ ਸ੍ਰੀ ਆਦਰਸ਼ ਕੁਮਾਰ, ਬੀ. ਡੀ. ਪੀ. ਓ ਸੁਲਤਾਨਪੁਰ ਲੋਧੀ ਸ. ਗੁਰਪ੍ਰਤਾਪ ਸਿੰਘ ਗਿੱਲ, ਐਸ. ਐਚ. ਓ ਸ. ਸਰਬਜੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ. ਬਿਰਹਾ, ਜ਼ਿਲਾ ਮੰਡੀ ਅਫ਼ਸਰ ਸ੍ਰੀ ਰਾਜ ਕੁਮਾਰ ਬਸਰਾ, ਉੱਪ ਜ਼ਿਲਾ ਮੰਡੀ ਅਫ਼ਸਰ ਸ੍ਰੀ ਰੁਪਿੰਦਰ ਮਿਨਹਾਸ, ਸਹਾਇਕ ਲੋਕ ਸੰਪਰਕ ਅਫ਼ਸਰ ਸ. ਹਰਦੇਵ ਸਿੰਘ ਆਸੀ, ਸਮਾਜ ਸੇਵਕ ਸ੍ਰੀ ਗੁਰਮੁਖ ਸਿੰਘ ਢੋਡ, ਸ੍ਰੀ ਰਵਿੰਦਰ ਰਵੀ, ਸ੍ਰੀ ਬਲਜਿੰਦਰ ਸਿੰਘ, ਸ੍ਰੀ ਸਤਬੀਰ ਸਿੰਘ ਚੰਦੀ, ਸ. ਦਵਿੰਦਰ ਪਾਲ ਸਿੰਘ ਆਹੂਜਾ, ਸਕੱਤਰ ਪੰਜਾਬ ਕਾਂਗਰਸ ਸ੍ਰੀ ਦੀਪਕ ਧੀਰ ਰਾਜੂ, ਸ੍ਰੀ ਸੰਜੀਵ ਮਰਵਾਹਾ, ਸੀਨੀਅਰ ਕੌਂਸਲਰ ਸ. ਤੇਜਵੰਤ ਸਿੰਘ, ਸ. ਸੁਰਿੰਦਰਜੀਤ ਸਿੰਘ, ਸ. ਜਗਪਾਲ ਸਿੰਘ ਚੀਮਾ, ਸ. ਨਰਿੰਦਰ ਸਿੰਘ ਪੰਨੂੰ, ਸ. ਨਵਨੀਤ ਸਿੰਘ ਚੀਮਾ, ਕੌਂਸਲਰ ਜਤਿੰਦਰ ਰਾਜੂ, ਸ੍ਰੀ ਪਵਨ ਕਨੌਜੀਆ, ਸ. ਕਸ਼ਮੀਰ ਸਿੰਘ ਨੰਬਰਦਾਰ, ਡਾ. ਚੰਦਰ ਮੋਹਨ, ਸ. ਗੁਰਨਿਹਾਲ ਸਿੰਘ ਚੀਮਾ, ਸ੍ਰੀਮਤੀ ਸੁਨੀਤਾ ਧੀਰ, ਸਰਪੰਚ ਸ. ਜੋਗਾ ਸਿੰਘ, ਸ. ਕਸ਼ਮੀਰ ਸਿੰਘ, ਸ. ਜਸਬੀਰ ਸਿੰਘ ਤਰਫ਼ਹਾਜ਼ੀ ਤੋਂ ਇਲਾਵਾ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ, ਕਪੂਰਥਲਾ ਸਾਈਕਲਿੰਗ ਕਲੱਬ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Share News / Article

Yes Punjab - TOP STORIES