ਵਿਦਿਆਰਥਣਾਂ ਵਾਸਤੇ ਮੁਫ਼ਤ ਸਾਈਕਲ ਸਕੀਮ ਬੰਦ ਕਰਨਾ ਕਾਂਗਰਸ ਸਰਕਾਰ ਦਾ ਮੰਦਭਾਗਾ ਫ਼ੈਸਲਾ: ਅਕਾਲੀ ਦਲ

ਚੰਡੀਗੜ੍ਹ, 7 ਸਤੰਬਰ, 2019 –

ਸ਼੍ਰੋਮਣੀ ਅਕਾਲੀ ਦਲ ਨੇ ਮਾਈ ਭਾਗੋ ਵਿਦਿਆ ਸਕੀਮ, ਜਿਸ ਸਕੀਮ ਤਹਿਤ ਸੂਬੇ ਦੇ ਸਾਰੇ ਸੈਕੰਡਰੀ ਅਤੇ ਹਾਈ ਸੈਕੰਡਰੀ ਸਕੂਲਾਂ ਪੜ੍ਹਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਇਕਲ ਦਿੱਤੇ ਜਾਂਦੇ ਸਨ, ਨੂੰ ਬੰਦ ਕਰਨ ਲਈ ਅੱਜ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਮਾਈ ਭਾਗੋ ਸਕੀਮ ਹੀ ਬੰਦ ਕਰ ਦਿੱਤੀ ਹੈ, ਜਿਸ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ 2011-12 ਵਿਚ ਸ਼ੁਰੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਪਹਿਲਾਂ 11ਵੀਂ ਅਤੇ 12ਵੀਂ ਕਲਾਸ ਦੀਆਂ ਲੜਕੀਆਂ ਨੂੰ ਪੜ੍ਹਾਈ ਜਾਰੀ ਰੱਖਣ ਵਾਸਤੇ ਉਤਸ਼ਾਹਿਤ ਕਰਨ ਅਤੇ ਅਧਵਾਟੇ ਪੜ੍ਹਾਈ ਛੱਡਣ ਦੀ ਦਰ ਘਟਾਉਣ ਲਈ ਸਾਇਕਲ ਦਿੱਤੇ ਗਏ ਸਨ ਅਤੇ ਬਾਅਦ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹਦੀਆਂ 9ਵੀਂ ਅਤੇ 10ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਇਸ ਸਕੀਮ ਦੇ ਘੇਰੇ ਵਿਚ ਲੈ ਲਿਆ ਗਿਆ ਸੀ।

ਸ੍ਰੀ ਟੀਨੂੰ ਨੇ ਕਿਹਾ ਕਿ ਕਾਂਗਰਸ ਸਰਕਾਰ ਸਮਾਜ ਦੇ ਬਾਕੀ ਵਰਗਾਂ ਵਾਂਗ ਹੁਣ ਵਿਦਿਆਰਥਣਾਂ ਨਾਲ ਵੀ ਵਿਤਕਰਾ ਕਰ ਰਹੀ ਹੈ। ਪਹਿਲਾਂ ਇਸ ਨੇ ਇਸ ਸਕੀਮ ਨੂੰ ਸਿਰਫ 9ਵੀਂ ਕਲਾਸ ਦੀਆਂ ਵਿਦਿਆਰਥਣਾਂ ਤਕ ਸੀਮਤ ਕਰ ਦਿੱਤਾ ਅਤੇ ਹੁਣ ਇਹਨਾਂ ਵਿਦਿਆਰਥਣਾਂ ਨੂੰ ਵੀ ਸਾਇਕਲ ਦੇਣ ਤੋਂ ਭੱਜ ਰਹੀ ਹੈ।ਉਹਨਾਂ ਕਿਹਾ ਕਿ ਅੱਧਾ ਅਕਾਦਮਿਕ ਵਰ੍ਹਾ ਲੰਘ ਜਾਣ ਤਕ ਵੀ ਕਾਂਗਰਸ ਨੇ ਇਸ ਸਕੀਮ ਲਈ ਲੋੜੀਂਦੇ 30 ਕਰੋੜ ਰੁਪਏ ਅਜੇ ਤੀਕ ਜਾਰੀ ਨਹੀਂ ਕੀਤੇ ਹਨ, ਜਿਹਨਾਂ ਨਾਲ ਇੱਕ ਲੱਖ ਲੜਕੀਆਂ ਨੂੰ ਸਾਇਕਲ ਦਿੱਤੇ ਜਾਣੇ ਸਨ।

ਇਹ ਟਿੱਪਣੀ ਕਰਦਿਆਂ ਕਿ ਸਰਕਾਰ ਦੀ ਇਸ ਲਾਪਰਵਾਹੀ ਦਾ ਪੰਜਾਬ ਵਿਚ ਲੜਕੀਆਂ ਦੀ ਪੜ੍ਹਾਈ ਉੱਤੇ ਗੰਭੀਰ ਪ੍ਰਭਾਵ ਪਵੇਗਾ, ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਨਹੀਂ ਦਿੱਤੇ ਸਨ, ਜਿਸ ਕਰਕੇ ਸੂਬੇ ਅੰਦਰ ਦਲਿਤ ਵਿਦਿਆਰਥੀਆਂ ਦੀ ਕਾਲਜਾਂ ਵਿਚ ਗਿਣਤੀ ਤਿੰਨ ਲੱਖ ਤੋਂ ਘਟ ਕੇ 2 ਲੱਖ ਰਹਿ ਗਈ ਸੀ। ਉਹਨਾਂ ਕਿਹਾ ਕਿ ਵਿਦਿਆਰਥਣਾਂ ਨੂੰ ਸਾਇਕਲ ਦੇਣਾ ਸੂਬਾ ਸਰਕਾਰ ਦੀ ਇੱਕ ਬਹੁਤ ਹੀ ਅਹਿਮ ਜਿ਼ੰਮੇਵਾਰੀ ਸੀ, ਜੋ ਦੂਰ-ਦੁਰਾਡੇ ਪਿੰਡਾਂ ਵਿਚ ਰਹਿੰਦੀਆਂ ਵਿਦਿਆਰਥਣਾਂ ਨੂੰ ਸਕੂਲ ਪਹੁੰਚਣ ਵਿਚ ਮੱਦਦ ਕਰਦੀ ਸੀ।

ਸ੍ਰੀ ਟੀਨੂੰ ਨੇ ਕਿਹਾ ਕਿ ਇਹ ਗੱਲ ਪਹਿਲੀ ਵਾਰ ਨਹੀਂ ਵਾਪਰੀ ਕਿ ਕਾਂਗਰਸ ਸਰਕਾਰ ਨੇ ਨੌਜਵਾਨਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਉਹਨਾਂ ਕਿਹਾ ਕਿ ਢਾਈ ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਅਤੇ ਸਰਕਾਰ ਨੇ ਅਜੇ ਤੀਕ ਆਪਣੀ ‘ਘਰ ਘਰ ਨੌਕਰੀ’ ਸਕੀਮ ਲਾਗੂ ਕਰਨੀ ਸ਼ੁਰੂ ਵੀ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਵਾਅਦੇ ਮੁਤਾਬਿਕ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਦਿੱਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਮੇਲਿਆਂ ਦੇ ਨਾਂ ਉੱਤੇ ਠੱਗਿਆ ਜਾ ਰਿਹਾ ਹੈ, ਜਿੱਥੇ ਕਿਸੇ ਨੂੰ ਵੀ ਢੰਗ ਦੀ ਨੌਕਰੀ ਨਹੀਂ ਦਿੱਤੀ ਜਾਂਦੀ।

ਇਹ ਕਹਿੰਦਿਆਂ ਕਿ ਸਰਕਾਰ ਵੱਲੋਂ ਕੀਤੇ ਇਸ ਵਿਸ਼ਵਾਸ਼ਘਾਤ ਦੀ ਸੂਬੇ ਨੂੰ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸੀ ਹਕੂਮਤ ਅਧੀਨ ਸਰਕਾਰੀ ਨੌਕਰੀ ਨਾ ਮਿਲਣ ਕਰਕੇ ਨਿਰਾਸ਼ਾ ਵਿਚ ਦੋ ਬੇਹੱਦ ਪੜ੍ਹੇ ਲਿਖੇ ਨੌਜਵਾਨ ਖੁਦਕੁਸ਼ੀ ਕਰ ਚੁੱਕੇ ਹਨ। ਹਾਲਾਤ ਇਹ ਹੈ ਕਿ ਸੇਵਾ ਮੁਕਤ ਪਟਵਾਰੀਆਂ ਨੂੰ ਦੁਬਾਰਾ ਤੋਂ ਨੌਕਰੀ ਉੱਤੇ ਰੱਖਿਆ ਜਾ ਰਿਹਾ ਹੈ, ਜਦਕਿ ਪੜ੍ਹੇ ਲਿਖੇ ਨੌਜਵਾਨਾਂ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਠੇਕੇ ਉੱਤੇ ਰੱਖੇ 27 ਹਜ਼ਾਰ ਕਾਮਿਆਂ ਨੂੰ ਵੀ ਪੱਕੇ ਕਰਨ ਵਿਚ ਨਾਕਾਮ ਸਾਬਿਤ ਹੋਈ ਹੈ।

ਸ੍ਰੀ ਟੀਨੂੰ ਨੇ ਕਿਹਾ ਕਿ ਨੌਜਵਾਨਾਂ ਨਾਲ ਵਿਤਕਰਾ ਕਰ ਰਹੀ ਕਾਂਗਰਸ ਸਰਕਾਰ ਨੂੰ ਗੂੜ੍ਹੀ ਨੀਂਦ ਵਿਚੋਂ ਜਗਾਉਣ ਲਈ ਅਕਾਲੀ ਦਲ ਇੱਕ ਵੱਡਾ ਅੰਦੋਲਨ ਸ਼ੁਰੂ ਕਰੇਗਾ ਅਤੇ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜ਼ਬੂਰ ਕਰ ਦੇਵੇਗਾ।

Share News / Article

Yes Punjab - TOP STORIES