ਵਿਜੈ ਇੰਦਰ ਸਿੰਗਲਾ ਨੂੰ ਤੁਰੰਤ ਬਰਖ਼ਾਸਤ ਕਰਨ ਕੈਪਟਨ: ਭਗਵੰਤ ਮਾਨ

ਚੰਡੀਗੜ੍ਹ, 8 ਦਸੰਬਰ 2019
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਤੁਰੰਤ ਪ੍ਰਭਾਵ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਸਿੱਖਿਆ ਮੰਤਰੀ ਦਾ ਗੁਨਾਹ ਬਖਸ਼ਮਯੋਗ ਨਹੀਂ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਸਮਾਜ ਅਤੇ ਸਭਿਆਚਾਰ ‘ਚ ਅਧਿਆਪਕ ਦਾ ਰੁਤਬਾ ਬੇਹੱਦ ਸਨਮਾਨਯੋਗ ਹੈ। ਅਧਿਆਪਕ ਨੂੰ ਦੇਸ਼ ਦੇ ਨਿਰਮਾਤਾ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ, ਪਰੰਤੂ ਜੇ ਸੂਬੇ ਦਾ ਸਿੱਖਿਆ ਮੰਤਰੀ ਹੀ ਅਧਿਆਪਕਾਂ ਨੂੰ ਭੱਦੀਆਂ ਗਾਲ੍ਹਾਂ ਕੱਢਦਾ ਹੈ ਅਤੇ ਪੁਲਸ ਨੂੰ ਡਾਂਗਾਂ ਚਲਾਉਣ ਦਾ ਹੁਕਮ ਦਿੰਦਾ ਹੈ ਤਾਂ ਪੰਜਾਬ ਅਜਿਹੇ ਬਦਜ਼ਬਾਨ ਸਿੱਖਿਆ ਮੰਤਰੀ ਨੂੰ ਬਰਦਾਸ਼ਤ ਨਹੀਂ ਕਰੇਗਾ।

ਇਸ ਲਈ ਮੁੱਖ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਮੰਤਰੀ ਮੰਡਲ ‘ਚ ਤੁਰੰਤ ਬਰਖ਼ਾਸਤ ਕਰਕੇ ਕਿਸੇ ਯੋਗ ਅਤੇ ਸਿਆਣੇ ਆਗੂ ਨੂੰ ਸਿੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪਣ, ਜੋ ਅਧਿਆਪਕ ਦਾ ਸਨਮਾਨ ਬਹਾਲ ਕਰਨ ਅਤੇ ਯੋਗ ਅਧਿਆਪਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨਣ ਦਾ ਮਾਦਾ ਰੱਖਦਾ ਹੋਵੇ।

ਮਾਨ ਨੇ ਕਿਹਾ, ”ਮੈਂ ਇੱਕ ਅਧਿਆਪਕ ਦਾ ਬੇਟਾ ਹਾਂ। ਸਰਕਾਰਾਂ ਅਤੇ ਸਮਾਜ ਵੱਲੋਂ ਅਧਿਆਪਕ ਨੂੰ ਦਿੱਤੇ ਜਾਣ ਵਾਲੇ ਸਤਿਕਾਰ ਦੀ ਅਹਿਮੀਅਤ ਮਨੋਵਿਗਿਆਨਕ ਤੌਰ ‘ਤੇ ਚੰਗੀ ਤਰਾਂ ਸਮਝਦਾ ਹਾਂ। ਜੇਕਰ ਅਧਿਆਪਕ ਗਾਲ੍ਹਾਂ ਅਤੇ ਡਾਂਗਾਂ ਖਾ ਕੇ ਨੌਕਰੀਆਂ ਲੈਣਗੇ ਜਾਂ ਕਰਨਗੇ ਤਾਂ ਉਨ੍ਹਾਂ ਤੋਂ ਦੇਸ਼ ਦੇ ਅੱਛੇ ਨਿਰਮਾਤਾ ਬਣਨ ਦੀ ਆਸ ਕਰਨਾ ਬੇਮਾਨਾ ਹੋਵੇਗੀ।”

ਮਾਨ ਨੇ ਕਿਹਾ ਕਿ ਜਦ ਸੂਬੇ ਦੇ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੇ ਹਜ਼ਾਰਾਂ ਪਦ ਖ਼ਾਲੀ ਪਏ ਹੋਣ ਤਾਂ ਸੜਕਾਂ ‘ਤੇ ਰੁਲ ਰਹੇ ਯੋਗ ਅਧਿਆਪਕਾਂ ਨੂੰ ਗਾਲ੍ਹਾਂ ਕੱਢਣ ਦੀ ਥਾਂ ਤੁਰੰਤ ਸਕੂਲਾਂ ‘ਚ ਤੈਨਾਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਸਰਕਾਰੀ ਸਕੂਲਾਂ ‘ਚ ਪੜ੍ਹਦੇ ਗ਼ਰੀਬਾਂ, ਦਲਿਤਾਂ ਅਤੇ ਆਮ ਘਰਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਕੇ ਦੇਸ਼ ਦੇ ਨਿਰਮਾਤਾ ਵਾਲੀ ਜ਼ਿੰਮੇਵਾਰੀ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਨਿਭਾਅ ਸਕਣ।

ਭਗਵੰਤ ਮਾਨ ਨੇ ਕਿਹਾ ਕਿ ਉਹ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕ ਵਰਗ ਨਾਲ ਕੀਤੇ ਭੱਦੇ ਵਿਵਹਾਰ ਦਾ ਮੁੱਦਾ ਪਾਰਲੀਮੈਂਟ ‘ਚ ਚੁੱਕਣਗੇ। ਇਸ ਦੇ ਨਾਲ ਹੀ ‘ਆਪ’ ਯੂਥ ਵਿੰਗ ਦੀ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਨਰਿੰਦਰ ਕੌਰ ਭਰਾਜ ਨੇ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕਾਂ ਨੂੰ ਕੱਢੀਆਂ ਗਾਲ੍ਹਾਂ ਨੂੰ ਬੇਹੱਦ ਸ਼ਰਮਨਾਕ ਦੱਸਿਆ।

ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਿੰਗਲਾ ਨੂੰ ਬਰਖ਼ਾਸਤ ਨਾ ਕੀਤਾ ਗਿਆ ਤਾਂ ਸੰਗਰੂਰ ‘ਚ ਸਿੱਖਿਆ ਮੰਤਰੀ ਸਿੰਗਲਾ ਵਿਰੁੱਧ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਹੋਵੇਗਾ। ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇੱਕ ਪਾਸੇ ਕਾਂਗਰਸ ਮਹਿਲਾ ਸੁਰੱਖਿਆ ਅਤੇ ਸਨਮਾਨ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਨ ਦਾ ਡਰਾਮਾ ਕਰਦੀ ਹੈ, ਦੂਜੇ ਪਾਸੇ ਕਾਂਗਰਸ ਦੇ ਮੰਤਰੀ ਮਹਿਲਾ ਅਧਿਆਪਕਾਵਾਂ ਨੂੰ ਭੱਦੀਆਂ ਅਤੇ ਸ਼ਰਮਨਾਕ ਗਾਲ੍ਹਾਂ ਕੱਢ ਰਹੇ ਹਨ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾ ਦੇ ਨਸ਼ੇ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਦਿਮਾਗ਼ ਖ਼ਰਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਅਤੇ ਜਨਹਿਤ ਸਰੋਕਾਰ ਭੁੱਲ ਕੇ ਗਾਲ੍ਹਾਂ ਅਤੇ ਡੰਡੇ ਦੀ ਤਾਕਤ ਨਾਲ ਲੋਕਾਂ ਦੀ ਆਵਾਜ਼ ਨੂੰ ਕੁਚਲਨਾ ਚਾਹੁੰਦੀ ਹੈ।

ਬਰਨਾਲਾ ‘ਚ ਸਿੱਖਿਆ ਮੰਤਰੀ ਦਾ ਰਵੱਈਆ ਅਤੇ ਫ਼ਰੀਦਕੋਟ ਇਨਸਾਫ਼ ਦੀ ਲੜਾਈ ਲੜ ਰਹੀ ਸ਼ੋਸ਼ਣ ਦਾ ਸ਼ਿਕਾਰ ਮਹਿਲਾ ਡਾਕਟਰ ਦੇ ਸਮਰਥਕ ਦਲਾਂ ‘ਤੇ ਜਿਸ ਤਰਾਂ ਪੁਲਿਸ ਨੇ ਅੱਤਿਆਚਾਰ ਤਾਜ਼ਾ ਮਿਸਾਲਾਂ ਹਨ, ਬਰਦਾਸ਼ਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ‘ਆਪ’ ਵਿਧਾਇਕਾਂ ਅਤੇ ਆਗੂਆਂ ਦਾ ਵਫ਼ਦ ਸਿੰਗਲਾ ਦੀ ਬਰਖ਼ਾਸਤਗੀ ਨੂੰ ਲੈ ਕੇ ਰਾਜਪਾਲ ਪੰਜਾਬ ਨੂੰ ਮਿਲੇਗਾ।

Share News / Article

YP Headlines

Loading...