ਵਿਜੇ ਇੰਦਰ ਸਿੰਗਲਾ ਨੇ ਸੁਲਤਾਨਪੁਰ ਲੋਧੀ ਵਿਖੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ, ਸਾਰੇ ਪੁਲ 30 ਸਤੰਬਰ ਤੱਕ ਮੁਕੰਮਲ ਕਰਨ ਦੇ ਆਦੇਸ਼

ਸੁਲਤਾਨਪੁਰ ਲੋਧੀ (ਕਪੂਰਥਲਾ), 3 ਸਤੰਬਰ, 2019 –
ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਅੱਜ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਨਿਰਮਾਣ ਅਧੀਨ ਸਾਰੇ ਪੁਲ 30 ਸਤੰਬਰ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਉਨਾਂ ਸਾਰੇ ਪ੍ਰਾਜੈਕਟਾਂ ਦਾ ਦੌਰਾ ਕਰਕੇ ਮੌਕਾ ਵੇਖਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।

ਉਨਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਰਮਾਣ ਅਧੀਨ ਤਲਵੰਡੀ ਚੌਧਰੀਆਂ ਤੇ ਗੁਰਦੁਆਰਾ ਬੇਰ ਸਾਹਿਬ ਦਾ ਹਾਈ ਲੈਵਲ ਪੁਲ, ਦੋ ਫੁੱਟ ਬ੍ਰਿਜ, ਦੋ ਪਲਟੂਨ ਪੁਲ ਅਤੇ ਬੂਸੋਵਾਲ ਰੋਡ ਵਾਲਾ ਹਾਈ ਲੈਵਲ ਬ੍ਰਿਜ 30 ਸਤੰਬਰ ਤੱਕ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਇਸੇ ਤਰਾਂ ਲੱਖ ਵਰਿਆਂ ਵਿਖੇ ਮੰਡ ਖੇਤਰ ਦੇ 16 ਪਿੰਡਾਂ ਨੂੰ ਜੋੜਨ ਵਾਲੇ ਪਲਟੂਨ ਪੁਲ ਦੀ ਥਾਂ ਬਣਾਏ ਜਾ ਰਹੇ ਪੱਕੇ ਪੁਲ ਨੂੰ 15 ਨਵੰਬਰ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ।

ਉਨਾਂ ਕਿਹਾ ਕਿ ਭਾਰੀ ਬਾਰਿਸ਼ ਕਾਰਨ ਨਿਰਮਾਣ ਕਾਰਜਾਂ ਦੀ ਜਿਹੜੀ ਗਤੀ ਹੌਲੀ ਹੋ ਗਈ ਸੀ, ਉਸ ਨੂੰ ਮੁੜ ਤੇਜ਼ ਕਰਨ ‘ਤੇ ਵਿਸ਼ੇਸ਼ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਹਰੇਕ ਨਿਰਮਾਣ ਕਾਰਜ ਨੂੰ ਸਮਾਂਬੱਧ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਉਨਾਂ ਸੜਕਾਂ ਦੇ ਬਰਮਾਂ ਦੀ ਸਫ਼ਾਈ ਕਰਕੇ ਉਨਾਂ ‘ਤੇ ਸਫੈਦ ਲਾਈਨਾਂ ਲਗਾਉਣ ਅਤੇ ਸੜਕਾਂ ਵਿਚ ਪੈਂਦੇ ਬਿਜਲੀ ਦੇ ਖੰਭਿਆਂ ਆਦਿ ਦੀ ਸ਼ਿਫਟਿੰਗ ਦਾ ਕੰਮ ਵੀ ਜਲਦ ਨੇਪਰੇ ਚਾੜਨ ਦੀ ਹਦਾਇਤ ਕੀਤੀ, ਤਾਂ ਜੋ ਸ਼ਤਾਬਦੀ ਸਮਾਗਮਾਂ ਮੌਕੇ ਸੰਗਤਾਂ ਨੂੰ ਆਉਣ-ਜਾਣ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ।

ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਸੀ ਤਾਲਮੇਲ ਨਾਲ ਸਾਰੇ ਵਿਕਾਸ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਅਤੇ ਇਨਾਂ ਦੀ ਨਿੱਜੀ ਤੌਰ ‘ਤੇ ਲਗਾਤਾਰ ਨਿਗਰਾਨੀ ਰੱਖਣ। ਉਨਾਂ ਕਿਹਾ ਕਿ ਕਾਰਜਾਂ ਲਈ ਵਰਤੇ ਜਾ ਰਹੇ ਮਟੀਰੀਅਲ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਇਸ ਸਬੰਧੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਪੀ. ਡਬਲਿਊ. ਡੀ ਵਿਭਾਗ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਦੋ ਦਰਜਨ ਦੇ ਕਰੀਬ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਨਾਂ ਵਿਚ ਸੁਲਤਾਨਪੁਰ ਲੋਧੀ ਨੂੰ ਜੋੜਦੀਆਂ ਮੁੱਖ ਸੜਕਾਂ ਤੋਂ ਇਲਾਵਾ ਪਿੰਡਾਂ ਦੀਆਂ ਸੜਕਾਂ ਦੇ ਕਾਇਆ ਕਲਪ, ਪੁਲਾਂ ਅਤੇ ਨਵੇਂ ਰੈਸਟ ਹਾਊਸ ਦਾ ਨਿਰਮਾਣ ਕਾਰਜ ਦਾ ਕੰਮ ਸ਼ਾਮਿਲ ਹੈ।

ਇਸ ਮੌਕੇ ਐਸ. ਡੀ. ਐਮ ਸੁਲਤਾਨਪੁਰ ਲੋਧੀ ਸ੍ਰੀਮਤੀ ਨਵਨੀਤ ਕੌਰ ਬੱਲ, ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਸ. ਜੇ ਐਸ. ਮਾਨ, ਨਿਗਰਾਨ ਇੰਜੀਨੀਅਰ ਸ. ਏ. ਐਸ ਬਰਾੜ, ਡੀ. ਐਸ. ਪੀ. ਸ. ਸਰਵਨ ਸਿੰਘ ਬੱਲ, ਐਕਸੀਅਨ ਸ੍ਰੀ ਵਰਿੰਦਰ ਕੁਮਾਰ, ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਅਸ਼ੋਕ ਮੋਗਲਾ ਤੇ ਸ੍ਰੀ ਰਵਿੰਦਰ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

Share News / Article

Yes Punjab - TOP STORIES