ਵਿਜੀਲੈਂਸ ਬਿਊਰੋ ਵਲੋਂ ਮੰਡੀ ਬੋਰਡ ਅਤੇ ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਦੀਆਂ 26 ਕਰੋੜ ਰੁਪਏ ਦੀਆਂ 59 ਜਾਇਦਾਦਾਂ ਜਬਤ

ਚੰਡੀਗੜ੍ਹ, 10 ਸਤੰਬਰ, 2019:

ਸਰਕਾਰੀ ਅਧਿਕਾਰਾਂ ਦੀ ਦੁਰਵਰਤੋਂ ਨੂੰ ਠੱਲ ਪਾਉਂਦਿਆਂ, ਪੰਜਾਬ ਵਿਜੀਲੈਂਸ ਬਿਊਰੋ ਵਲੋਂ ਮੋਹਾਲੀ ਦੀ ਅਦਾਲਤ ਦੇ ਹੁਕਮਾਂ ਉਰਪੰਤ ਫੌਜਦਾਰੀ ਕਾਨੂੰਨ (ਸੋਧ) ਆਰਡੀਨੈਂਸ 1944 ਦੀ ਧਾਰਾ 3 ਤਹਿਤ ਮੰਡੀ ਬੋਰਡ ਅਤੇ ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਦੀਆਂ 26 ਕਰੋੜ ਰੁਪਏ ਦੀ ਕੀਮਤ ਵਾਲੀਆਂ 59 ਜਾਇਦਾਦਾਂ ਜਬਤ ਕੀਤੀਆਂ ਗਈਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਡੀ.ਜੀ.ਪੀ. ਕਮ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਸ੍ਰੀ ਬੀ.ਕੇ. ਉੱਪਲ ਨੇ ਕਿਹਾ ਕਿ ਬਿਊਰੋ ਵਲੋਂ ਕੀਤੀ ਗਈ ਜਾਂਚ ਦੌਰਾਨ, ਇਹ ਸਾਹਮਣੇ ਆਇਆ ਹੈ ਕਿ ਸੁਰਿੰਦਰ ਸਿੰਘ ਨੇ ਆਪਣੀ ਪਤਨੀ ਮਨਜੀਤ ਕੌਰ ਅਤੇ ਮਾਤਾ ਸਵਰਨਜੀਤ ਕੌਰ ਦੇ ਨਾਂ ‘ਤੇ ਮੈਸਰਜ ਅਕਸੈਸ ਐਗਰੋ ਸੀਡਸ ਪ੍ਰਾਇਵੇਟ ਲਿਮ. , ਮੈਸਰਜ ਐਵਾਰਡ ਐਗਰੋ ਸੀਡਸ ਪ੍ਰਾਇਵੇਟ ਲਿਮ. ਅਤੇ ਮੈਸਰਜ ਅਸਟਰ ਐਗਰੋ ਟਰੇਡਰਜ ਪ੍ਰਾਇਵੇਟ ਲਿਮ. ਨਾਮੀ ਤਿੰਨ ਫਰਜੀ ਕੰਪਨੀਆਂ ਰਜਿਸਟਰ ਕੀਤੀਆਂ ਹੋਈਆਂ ਸਨ ਅਤੇ ਬੈਂਕ ਰਾਹੀਂ 4,19,44,37,161/- ਰੁਪਏ ਦਾ ਲੈਣ-ਦੇਣ ਕੀਤਾ।

ਉਹਨਾਂ ਅੱਗੇ ਜਾਣਕਾਰੀ ਦਿੱਤੀ ਕਿ ਇਹ ਫਰਜੀ ਕੰਪਨੀਆਂ ਰਿਸ਼ਵਤ ਦੇ ਪੈਸੇ ਨੂੰ ਜਜਬ ਕਰਨ ਲਈ ਬਣਾਈਆਂ ਗਈਆਂ ਸਨ। ਸੁਰਿੰਦਰ ਸਿੰਘ ਨੇ ਗਮਾਡਾ ਵਿਚ ਆਪਣੇ ਸੇਵਾਕਾਲ ਦੌਰਾਨ, ਏਕ ਓਂਕਾਰ ਬਿਲਡਰਸ ਅਤੇ ਕੰਸਟਰੱਕਸ਼ਨ ਪ੍ਰਾਇ. ਲਿਮ. ਨਾਮੀ ਫਰਜੀ ਕੰਪਨੀ ਬਣਾਈ ਜਿਸ ਵਿਚ ਉਸਨੇ ਆਪਣੀ ਪਸੰਦ ਦੇ ਡਾਇਰੈਕਟਰਸ ਚੁਣੇ ਅਤੇ ਗੈਰ-ਕਾਨੂੰਨੀ ਢੰਗ ਨਾਲ ਟੈਂਡਰ ਜਾਰੀ ਕਰਕੇ 4,19,44,37,161/- ਰੁਪਏ ਦਾ ਘਪਲਾ ਕੀਤਾ।

ਵਿਜੀਲੈਂਸ ਮੁੱਖੀ ਨੇ ਦੱਸਿਆ ਕਿ ਸੁਰਿੰਦਰ ਸਿੰਘ ਨੇ ਇਹਨਾਂ ਕੰਪਨੀਆਂ ਵਿਚ ਸੇਲ ਡੀਡਜ ਦਾ ਜਾਅਲੀ ਕਾਰੋਬਾਰ ਦਿਖਾਇਆ ਜਦਕਿ ਅਸਲ ਵਿਚ ਅਜਿਹਾ ਕੋਈ ਕਾਰੋਬਾਰ ਨਹੀਂ ਸੀ। ਗਮਾਡਾ ਤੇ ਪੰਜਾਬ ਮੰਡੀ ਬੋਰਡ ਵਿਚ ਆਪਣੇ ਸੇਵਾਕਾਲ ਦੌਰਾਨ ਦੋਸ਼ੀ ਨੇ ਉਕਤ ਦੱਸੀਆਂ ਤਿੰਨ ਫਰਜੀ ਕੰਪਨੀਆਂ ਬਣਾਈਆਂ ਅਤੇ ਗਲਤ ਢੰਗ ਨਾਲ ਕਮਾਏ 65,89,28,800/- ਰੁਪਏ ਇਨ੍ਹਾਂ ਕੰਪਨੀਆਂ ਦੇ ਖਾਤੇ ਵਿਚ ਜਮ੍ਹਾ ਕਰਵਾਏ।

ਉਹਨਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਬੇਇਮਾਨੀ ਨਾਲ ਕਮਾਏ ਇਸ ਪੈਸੇ ਨਾਲ ਲੁਧਿਆਣਾ, ਰੋਪੜ, ਮੋਹਾਲੀ ਅਤੇ ਚੰਡੀਗੜ੍ਹ ਵਿਖੇ 26,41,33,612/- ਰੁਪਏ ਦੀ ਕੀਮਤ ਦੀਆਂ ਵੱਖ-ਵੱਖ ਥਾਵਾਂ ‘ਤੇ 59 ਜਾਇਦਾਦਾਂ ਖਰੀਦੀਆਂ।

ਕਾਬਲੇਗੌਰ ਹੈ ਕਿ ਸੁਰਿੰਦਰ ਸਿੰਘ ਨੇ ਕੁਲੈਕਟਰ ਕੀਮਤਾਂ ‘ਤੇ ਸੇਲ ਡੀਡਜ ਨੂੰ ਰਜਿਸਟਰ ਕਰਵਾਇਆ ਜਦਕਿ ਇਹਨਾਂ ਜਾਇਦਾਦਾਂ ਦੀ ਮਾਰਕੀਟ ਕੀਮਤ ਇਸ ਤੋਂ ਕਿਤੇ ਜਿਆਦਾ ਹੈ। ਸੁਰਿੰਦਰ ਸਿੰਘ ਅਤੇ ਉਸ ਦੇ ਸਾਥੀ ਨੇ ਆਪਣੀ ਆਮਦਨ ਨਾਲੋਂ ਵਧੇਰੇ ਜਾਇਦਾਦ ਬਣਾਕੇ ਇਹ ਜੁਰਮ ਕੀਤਾ।

ਸ੍ਰੀ ਉੱਪਲ ਨੇ ਦੱਸਿਆ ਕਿ ਦੋਸ਼ੀ ਸੁਰਿੰਦਰ ਸਿੰਘ ਅਤੇ ਉਸ ਦੇ ਸਾਥੀ ਵਿਰੁੱਧ ਥਾਣਾ ਵਿਜੀਲੈਂਸ ਬਿਊਰੋ, ਐਸ.ਏ.ਐਸ. ਨਗਰ ਵਿਖੇ ਮਿਤੀ 7-11-2017 ਨੂੰ ਆਈ.ਪੀ.ਸੀ. ਦੀ ਧਾਰਾ 120-ਬੀ ਤਹਿਤ ਐਫ.ਆਈ.ਆਰ. ਨੰਬਰ 13 ਅਤੇ ਮਿਤੀ 8-6-2017 ਨੂੰ ਪੀ.ਸੀ. ਐਕਟ ਦੀ ਧਾਰਾ 13(1) (ਈ), 13 (2) ਤਹਿਤ ਐਫ.ਆਈ.ਆਰ. ਨੰਬਰ 6 ਅਨੁਸਾਰ ਪਹਿਲਾਂ ਹੀ ਮੁਕੱਦਮੇ ਦਰਜ ਹਨ ਅਤੇ ਇਹਨਾਂ ਸਾਰੀਆਂ ਐਫ.ਆਈ.ਆਰਜ ਸਬੰਧੀ ਮੁਕੱਦਮਾ ਅਦਾਲਤ ਵਿਚ ਚਲਾਨ ਪਹਿਲਾਂ ਹੀ ਪੇਸ਼ ਕੀਤੇ ਜਾ ਚੁੱਕੇ ਹਨੁ।

Share News / Article

Yes Punjab - TOP STORIES