ਵਿਆਹ ਸਮਾਗਮ ’ਚ ਬੱਬੂ ਮਾਨ ਦੇ ਪ੍ਰੋਗਰਾਮ ਦੌਰਾਨ ਚੱਲੀ ਗੋਲੀ, ਦੋ ਵਿਅਕਤੀਆਂ ਦੀ ਜਾਨ ਗਈ

ਯੈੱਸ ਪੰਜਾਬ
ਖੰਨਾ, 4 ਦਸੰਬਰ, 2019:

ਪੁਲਿਸ ਜ਼ਿਲ੍ਹਾ ਖੰਨਾ ਦੇ ਦੋਰਹਾ ਸਥਿਤ ਇਕ ਮੈਰਿਜ ਪੈਲੇਸ ਵਿਚ ਅੱਜ ਇਕ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਇਕ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਇਸ ਘਟਨਾ ਮਗਰੋਂ ਖੁਸ਼ੀਆਂ ਦਾ ਇਹ ਸਮਾਗਮ ਮਾਤਮ ਵਿਚ ਬਦਲ ਗਿਆ।

ਕਸ਼ਮੀਰ ਗਾਰਡਨ ਰਿਸਾਰਟ ਵਿਚ ਹੋਈ ਇਸ ਘਟਨਾ ਵਿਚ ਮਾਰੇ ਗਏ ਇਕ ਵਿਅਕਤੀ ਦੀ ਪਛਾਣ ਬੰਤ ਸਿੰਘ ਵਜੋਂ ਕੀਤੀ ਗਈ ਹੈ। ਪਹਿਲਾਂ ਇਕ ਵਿਅਕਤੀ ਦੀ ਮੌਤ ਦੀ ਖ਼ਬਰ ਸੀ, ਜਦਕਿ ਬਾਅਦ ਵਿਚ ਇਕ ਹੋਰ ਮੌਤ ਦੀ ਖ਼ਬਰ ਆ ਰਹੀ ਹੈ।

ਘਟਨਾ ਉਸ ਵੇਲੇ ਵਾਪਰੀ ਜਦ ਵਿਆਹ ਸਮਾਗਮ ਦੌਰਾਨ ਪ੍ਰਸਿੱਧ ਗਾਇਕ ਬੱਬੂ ਮਾਨ ਦਾ ਪ੍ਰੋਗਰਾਮ ਚੱਲ ਰਿਹਾ ਸੀ। ਗੋਲੀਆਂ ਚੱਲਣ ਮਗਰੋਂ ਬੱਬੂ ਮਾਨ ਦੇ ਨਾਲ ਆਏ ਅੰਗ ਰੱਖ਼ਿਅਕ ਉਸਨੂੰ ਸੁਰੱਖ਼ਿਅਤ ਮੈਰਿਜ ਪੈਲੇਸ ਤੋਂ ਬਾਹਰ ਲੈ ਜਾਣ ਵਿਚ ਸਫ਼ਲ ਰਹੇ।

ਵਿਆਹ ਤੋਂ ਬਾਅਦ ਬਾਅਦ ਦੁਪਹਿਰ ਚੱਲ ਰਹੇ ਬੱਬੂ ਮਾਨ ਦੇ ਪ੍ਰੋਗਰਾਮ ਮੌਕੇ ਹੋਈ ਤਕਰਾਰ ਤੋਂ ਬਾਅਦ ਨੌਬਤ ਹੱਥੋਪਾਈ ਤਕ ਪਹੁੰਚ ਗਈ ਪਰ ਬਾਅਦ ਵਿਚ ਗੋਲੀਆਂ ਚਲਾਈਆਂ ਗਈਆਂ ਜਿਸ ਨਾਲ ਅਫ਼ਤਰਾ ਤਫ਼ਰੀ ਦਾ ਮਾਹੌਲ ਬਣ ਗਿਆ।

ਮੈਰਿਜ ਪੈਲੇਸ ਦੇ ਮੈਨੇਜਰ ਅਨੁਸਾਰ ਲੜਕੀ ਪੱਖ ਵੱਲੋਂ ਹਰਜੀਤ ਸਿੰਘ ਵਾਸੀ ਖਮਾਣੋ ਜੋ ਇਕ ਐਨ.ਆਰ.ਆਈ. ਹੈ ਵੱਲੋਂ ਇਹ ਮੈਰਿਜ ਪੈਲੇਸ ਬੁੱਕ ਕਰਵਾਇਆ ਗਿਆ ਸੀ।

ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਤਾਂ ਪੁਲਿਸ ਘਟਨਾ ਸਥਾਨ ’ਤੇ ਪੁੱਜੀ। ਪਤਾ ਲੱਗਾ ਹੈ ਕਿ ਮੁੱਢਲੇ ਤੌਰ ’ਤੇ ਪੁਲਿਸ ਨੂੰ ਹਮਲਾਵਰਾਂ ਬਾਰੇ ਜਾਣਕਾਰੀ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਸੀ।

ਪੈਲੇਸ ਦੇ ਮੈਨੇਜਰ ਅਨੁਸਾਰ ਉਹਨਾਂ ਨੇ ਪੈਲੇਸ ਵਿਚ ਹਥਿਆਰ ਨਾ ਲੈ ਕੇ ਆਉਣ ਬਾਰੇ ਬਾਕਾਇਦਾ ਬੋਰਡ ਲਗਾਏ ਹੋਏ ਹਨ ਪਰ ਕੋਈ ਲੁਕਾ ਕੇ ਹਥਿਆਰ ਅੰਦਰ ਲੈ ਜਾਵੇ ਤਾਂ ਕੀ ਕੀਤਾ ਜਾ ਸਕਦਾ ਹੈ।