‘ਵਰਲਡ ਸਿੱਖ ਪਾਰਲੀਮੈਂਟ’ ਵੱਲੋਂ ਕਾਬੁਲ ਗੁਰਦੁਆਰੇ ’ਤੇ ਹਮਲੇ ਦੀ ਨਿਖੇਧੀ, ਅਫ਼ਗਾਨਿਸਤਾਨ ਵਿਚ ਸਿੱਖਾਂ ਦੀ ਸੁਰੱਖ਼ਿਆ ਪੁਖ਼ਤ ਕਰਨ ਦੀ ਮੰਗ

ਨ੍ਯੂ ਯੋਕ, ਮਾਰਚ 26, 2020:
ਵਰਲਡ ਸਿੱਖ ਪਾਰਲੀਮੈਂਟ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 7.45 ਵਜੇ ਗੁਰਦੁਆਰਾ ਸਾਹਿਬ ਉੱਤੇ ਹਮਲਾਵਰਾਂ ਦੁਆਰਾ ਕੀਤੇ ਗਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ ।

ਇਸ ਘਿਨਾਉਣੇ ਹਮਲੇ ਵਿੱਚ ਜਾਨਾਂ ਗਵਾ ਗਏ ਸਿੱਖਾਂ ਦੇ ਲਈ ਅਸੀਂ ਅਰਦਾਸ ਕਰਦੇ ਹਾਂ ਤੇ ਪਿੱਛੇ ਰਹਿ ਗਏ ਉਹਨਾਂ ਦੇ ਪਰਿਵਾਰਾਂ ਨੂੰ ਸਤਿਗੁਰ ਜੀ ਵੱਲੋਂ ਚੜ੍ਹਦੀ ਕਲਾ ਵਿੱਚ ਅਤੇ ਆਪਣੀ ਅਮਾਨ ਵਿੱਚ ਰੱਖਣ ਦੀ ਬੇਨਤੀ ਕਰਦੇ ਹਾਂ ।

ਸਾਡੀ ਜਾਣਕਾਰੀ ਮੁਤਾਬਕ ਅਜੇ ਕੋਈ ਵਿਸਥਾਰਪੂਰਕ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ ਕਿ ਅਪਰਾਧੀਆਂ ਵੱਲੋਂ ਗੁਰਦੁਅਰਾ ਸਾਹਿਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ ਪਰ ਫਿਰ ਵੀ ਵਰਲਡ ਸਿੱਖ ਪਾਰਲੀਮੈਂਟ ਅਫਗਾਨਿਸਤਾਨ ਦੀ ਸਰਕਾਰ ਅਤੇ ਸਥਾਨਕ ਕਾਬਲ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਪੂਰੇ ਦੇਸ਼ ਭਰ ਵਿੱਚ ਸਿੱਖਾਂ ਦੇ ਧਾਰਮਿਕ ਅਸਥਾਨਾਂ ਅਤੇ ਬਹੁਗਿਣਤੀ ਸਿੱਖ ਵਸੋਂ ਵਾਲੇ ਇਲਾਕਿਆਂ ਵਿੱਵ ਸੁਰੱਖਿਆ ਨੂੰ ਹੋਰ ਵਧਾਉਣ ।

ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਭਾਈ ਜੋਗਾ ਸਿੰਘ ਨੇ ਕਿਹਾ ਕਿ ‘ਇਹ ਘਿਨਾਉਣਾ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਤਫਤੀਸ਼ ਕਰਨ ਤੋਂ ਲੈ ਕੇ ਮੁਕੱਦਮਾ ਚਲਾਉਣ ਅਤੇ ਸਜ਼ਾ ਦੇਣ ਦੀ ਸਥਾਨਕ ਸਰਕਾਰ ਅਤੇ ਕੇਂਦਰੀ ਸਰਕਾਰ ਦੀ ਤਰਜੀਹ ਹੋਣੀ ਚਾਹੀਦੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਇਸ ਉੱਤੇ ਜਲਦ ਕਾਰਵਾਈ ਕਰਨਾ ਸ਼ੁਰੂ ਕਰ ਦਵੇਗੀ।’

ਸਾਨੂੰ ਅਫਗਾਨਿਸਤਾਨ ਸਰਕਾਰ ਅਤੇ ਉੱਥੋਂ ਦੇ ਅਧਿਕਾਰੀਆਂ ਤੇ ਪੂਰਾ ਭਰੋਸਾ ਹੈ ਕਿ ਉਹ ਸਿੱਖਾਂ ਦੀ ਸੁਰੱਖਿਆ ਲਈ ਸਹੀ ਦਿਸ਼ਾ ਵਲ ਕਦਮ ਰੱਖਣਗੇ ।

ਅਸੀਂ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਅਫਗਾਨ ਭਰਾਵਾਂ ਦੀ ਜਿਸ ਤਰ੍ਹਾਂ ਦੀ ਵੀ ਮਦਦ ਹੋ ਸਕਦੀ ਹੈ ਕਰਨ ਅਤੇ ਪੂਰੀ ਦੁਨੀਆ ਵਿੱਚ ਜਿੱਥੇ ਕਿਤੇ ਵੀ ਸਿੱਖਾਂ ਨਾਲ ਜ਼ੁਲਮ ਜਾਂ ਵਿਤਕਰਾ ਹੁੰਦਾ ਹੈ ਉੱਥੇ ਡਟ ਕੇ ਉਹਨਾਂ ਦਾ ਸਾਥ ਦੇਣ ਤਾਂ ਕਿ ਹਰ ਇੱਕ ਨੂੰ ਮਹਿਸੂਸ ਹੋਵੇ ਕਿ ਦੁੱਖ ਤੇ ਔਖ ਦੀ ਘੜੀ ਵਿੱਚ ਕੋਈ ਵੀ ਇਕੱਲਾ ਨਹੀਂ ਹੈ ।