ਵਣ ਨਿਗਮ ਦੀਆਂ ਤਰੱਕੀਆਂ ’ਚ ਮੇਰੀ ਕੋਈ ਭੂਮਿਕਾ ਨਹੀਂ: ‘ਪ੍ਰੋਮੋਸ਼ਨ ਘੋਟਾਲੇ’ ’ਤੇ ਬੋਲੇ ਸਾਧੂ ਸਿੰਘ ਧਰਮਸੋਤ

ਚੰਡੀਗੜ, 1 ਸਤੰਬਰ, 2020 –

ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ‘ਵਣ ਨਿਗਮ ’ਚ ਪ੍ਰਮੋਸ਼ਨ ਘੁਟਾਲੇ’ ਸਬੰਧੀ ਮੀਡੀਆ ’ਚ ਆਈ ਖ਼ਬਰ ਨੂੰ ਝੂਠੀ, ਤੱਥਾਂ ਤੋਂ ਰਹਿਤ ਅਤੇ ਆਧਾਰਹੀਣ ਦੱਸਦਿਆਂ ਖ਼ਬਰ ਦਾ ਖੰਡਨ ਕੀਤਾ ਹੈ।

ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਸ. ਧਰਮਸੋਤ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਵਣ ਨਿਗਮ ਦੀਆਂ ਤਰੱਕੀਆਂ ਨਹੀਂ ਕਰਦੇ। ਉਨਾਂ ਕਿਹਾ ਕਿ ਪੰਜਾਬ ਰਾਜ ਜੰਗਲਾਤ ਵਿਕਾਸ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਦੀ ਨਿਯੁਕਤੀ ਮਾਨਯੋਗ ਮੁੱਖ ਮੰਤਰੀ, ਪੰਜਾਬ ਦੇ ਪੱਧਰ ’ਤੇ ਕੀਤੀ ਜਾਂਦੀ ਹੈ ਅਤੇ ਵਣ ਨਿਗਮ ਵਿੱਚ ਪ੍ਰਾਜੈਕਟ ਅਫ਼ਸਰ ਅਤੇ ਹੇਠਲੇ ਸਟਾਫ ਦੀਆਂ ਪ੍ਰਮੋਸ਼ਨਾਂ ਅਤੇ ਬਦਲੀਆਂ ਲਈ ਮੈਨੇਜਿੰਗ ਡਾਇਰੈਕਟਰ ਵਣ ਨਿਗਮ ਸਮਰੱਥ ਅਧਿਕਾਰੀ ਹਨ।

ਸ. ਧਰਮਸੋਤ ਨੇ ਕਿਹਾ ਕਿ ਮੈਨੇਜਿੰਗ ਡਾਇਰੈਕਟਰ ਵੱਲੋਂ ਵਣ ਨਿਗਮ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਪੱਧਰ ’ਤੇ ਕੇਵਲ ਯੋਗ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਅਤੇ ਬਦਲੀਆਂ ਕੀਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਵਣ ਨਿਗਮ ਦੀਆਂ ਤਰੱਕੀਆਂ ’ਚ ਜੰਗਲਾਤ ਮੰਤਰੀ ਦੀ ਕੋਈ ਭੂਮਿਕਾ ਨਹੀਂ ਹੈ। ਉਨਾਂ ਸਪੱਸ਼ਟ ਕਰਦਿਆਂ ਦੱਸਿਆ ਕਿ ਵਣ ਨਿਗਮ ਦੇ ਚੇਅਰਮੈਨ ਸ੍ਰੀ ਸਾਧੂ ਸਿੰਘ ਸੰਧੂ ਜੀ ਹਨ, ਜਦੋਂ ਕਿ ਖ਼ਬਰ ’ਚ ਸਾਧੂ ਸਿੰਘ ਧਰਮਸੋਤ ਜੰਗਲਾਤ ਮੰਤਰੀ ਲਿਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਵਣ ਨਿਗਮ ਵਿੱਚ ਪਿਛਲੇ 4 ਸਾਲਾਂ ਤੋਂ ਪ੍ਰਾਜੈਕਟ ਅਫ਼ਸਰ ਅਤੇ ਡਿਪਟੀ ਪ੍ਰਾਜੈਕਟ ਅਫ਼ਸਰ ਦੀ ਕੋਈ ਪ੍ਰਮੋਸ਼ਨ ਨਹੀਂ ਹੋਈ ਸੀ। ਕਾਫ਼ੀ ਸਮੇਂ ਤੋਂ ਵਣ ਨਿਗਮ ਵਿੱਚ ਪ੍ਰਾਜੈਕਟ ਅਫ਼ਸਰਾਂ ਅਤੇ ਡਿਪਟੀ ਪ੍ਰਾਜੈਕਟ ਅਫ਼ਸਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਤੋਂ ਇਨਾਂ ਕਰਮਚਾਰੀਆਂ ਤੋਂ ਆਰਜ਼ੀ ਤੌਰ ’ਤੇ ਕੰਮ ਲਿਆ ਜਾ ਰਿਹਾ ਸੀ। ਪ੍ਰਾਜੈਕਟ ਅਫ਼ਸਰ ਅਤੇ ਡਿਪਟੀ ਪ੍ਰੋਜੈਕਟ ਅਫਸਰ ਨੂੰ ਪ੍ਰਮੋਟ ਕਰਨ ਸਬੰਧੀ ਕਾਰਵਾਈ ਵਿਭਾਗੀ ਤਰੱਕੀ ਕਮੇਟੀ ਪਾਸ ਲਗਭਗ ਜੂਨ 2020 ਤੋਂ ਵਿਚਾਰ ਅਧੀਨ ਸੀ। ਵਿਭਾਗੀ ਤਰੱਕੀ ਕਮੇਟੀ ਵੱਲੋਂ ਦੀ ਪ੍ਰਾਜੈਕਟ ਅਵਸਰਾਂ ਦਾ ਰਿਕਾਰਡ ਵਿਚਾਰਿਆ ਗਿਆ ਹੈ ਅਤੇ ਤਰੱਕੀਆਂ ਦਾ ਫੈਸਲਾ ਵੀ ਵਿਭਾਗੀ ਤਰੱਕੀ ਕਮੇਟੀ ਵਲੋਂ ਹੀ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਵਿਭਾਗੀ ਤਰੱਕੀ ਕਮੇਟੀ ਵੱਲੋਂ 30 ਸਤੰਬਰ, 2020 ਅਤੇ 30 ਨਵੰਬਰ, 2020 ਤੋਂ ਖਾਲੀ ਹੋਣ ਵਾਲੀ ਅਸਾਮੀ ’ਤੇ ਸੀਨੀਆਰਤਾ ਅਨੁਸਾਰ ਬਣਦੇ ਕਰਮਚਾਰੀਆਂ ਦਾ ਰਿਕਾਰਡ ਵਿਚਾਰਿਆ ਗਿਆ ਸੀ। ਵਣ ਨਿਗਮ ਦੇ ਕੰਮਾਂ-ਕਾਰਾਂ ਨੂੰ ਮੁੱਖ ਰੱਖਦੇ ਹੋਏ ਅਤੇ ਨਿਗਮ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਪਰੋਕਤ ਮਿਤੀਆਂ ਤੋਂ ਖ਼ਾਲੀ ਹੋ ਰਹੀਆਂ ਅਸਾਮੀਆਂ ’ਤੇ ਵਿਭਾਗੀ ਤਰੱਕੀ ਕਮੇਟੀ ਵੱਲੋਂ ਹੀ ਯੋਗ ਪਾਏ ਗਏ ਕਰਮਚਾਰੀਆਂ ਨੂੰ ਪ੍ਰਮੋਟ ਕੀਤਾ ਗਿਆ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories