ਲੰਦਨ-ਅੰਮਿ੍ਤਸਰ ਵਿਚਾਲੇ ਸਿੱਧੀ ਉਡਾਣ ਹੋਵੇਗੀ ਨਵੰਬਰ ਤੋਂ ਸੁਰੂ: ਤਨਮਨਜੀਤ ਸਿੰਘ ਢੇਸੀ

ਜਲੰਧਰ, 26 ਸਤੰਬਰ, 2019:

ਬਰਤਾਨਵੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਵਾਸੀਆਂ ਲਈ ਵੱਡੀ ਖੁਸ਼ੀ ਦੀ ਖਬਰ ਨਸ਼ਰ ਕੀਤੀ ਹੈ।

ਉਨਾਂ ਕਿਹਾ ਹੈ ਕਿ ਹੁਣ ਲੰਦਨ-ਅੰਮਿ੍ਰਤਸਰ ਵਿਚਕਾਰ ਸਿੱਧੀ ਹਵਾਈ ਉਡਾਣ ਦੇ ਸ਼ੁਰੂ ਹੋਣ ਨਾਲ ਪ੍ਰਵਾਸੀ ਪੰਜਾਬੀਆਂ ਦਾ ਲੰਮੇ ਸਮੇਂ ਕੀਤਾ ਜਾ ਰਿਹਾ ਇੰਤਜਾਰ ਖਤਮ ਹੋ ਗਿਆ ਹੈ। ਪੰਜਾਬ ਸਮੇਤ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ ਦੇ ਵਸਨੀਕਾ ਲਈ ਫਾਇਦੇਮੰਦ ਇਹ ਫਲਾਈਟ ਨਵੰਬਰ ਤੋਂ ਸੁਰੂ ਹੋ ਜਾਵੇਗੀ।

ਇਹ ਜਾਣਕਾਰੀ ਇੱਕ ਬਿਆਨ ਵਿੱਚ ਬਰਤਾਨਵੀ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਨਵੰਬਰ ਤੋਂ ਅੰਮਿ੍ਰਤਸਰ-ਲੰਡਨ ਵਿਚਾਲੇ ਸਿੱਧੀਆਂ ਉਡਾਣਾਂ ਇਸੇ ਨਵੰਬਰ ਮਹੀਨੇ ਸ਼ੁਰੂ ਹੋ ਜਾਵੇਗੀ।

ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਇਹ ਖਬਰ ਸ਼ਲਾਘਾਯੋਗ ਹੈ ਕਿ ਲੰਡਨ ਤੋਂ ਅੰਮਿ੍ਤਸਰ ਲਈ ਹਫਤੇ ਵਿਚ ਤਿੰਨ ਦਿਨ ਉਡਾਣਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਉਸਨੇ ਇਸ ਕਾਰਜ ਲਈ ਕੇਂਦਰ ਸਰਕਾਰ ਅਤੇ ਏਅਰ ਇੰਡੀਆ ਦਾ ਧੰਨਵਾਦ ਕੀਤਾ ਹੈ।

ਉਨਾਂ ਨੇ ਇਸ ਕਾਰਜ ਦੀ ਸਫ਼ਲਤਾ ਲਈ ਹਮਾਇਤ ਦੇਣ ਵਾਲੇ ਸੰਸਦ ਮੈਂਬਰਾਂ, ਅੰਮਿ੍ਰਤਸਰ ਵਿਕਾਸ ਮੰਚ, ਸੇਵਾ ਟਰੱਸਟ ਯੂਕੇ ਅਤੇ ਹੋਰ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਢੇਸੀ ਬਹੁਤ ਲੰਮੇ ਸਮੇਂ ਤੋਂ ਇਸ ਉਡਾਣ ਨੂੰ ਸ਼ੁਰੂ ਕਰਵਾਉਣ ਲਈ ਉਚੇਚੇ ਯਤਨ ਕਰ ਰਹੇ ਸਨ ਅਤੇ ਪਿਛਲੇ ਮਹੀਨੇ ਹੀ ਉਹ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਵੀ ਨਵੀਂ ਦਿੱਲੀ ਵਿਖੇ ਮੁਲਾਕਾਤ ਕਰਕੇ ਇਸ ਸਿੱਧੀ ਉਡਾਣ ਲਈ ਜ਼ੋਰ ਪਾਇਆ ਸੀ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES