ਲੋਕ ਨਿਰਮਾਣ ਵਿਭਾਗ ਵਿਚ 500 ਤੋਂ ਵੱਧ ਕਲਰਕ ਭਰਤੀ, 90 ਫ਼ੀਸਦੀ ਪੋਸਟਾਂ ਭਰੀਆਂ ਗਈਆਂ: ਸਿੰਗਲਾ

ਚੰਡੀਗੜ੍ਹ, 31 ਜੁਲਾਈ, 2019:

ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ, ਚੰਡੀਗੜ੍ਹ ਵਿਖੇ ਆਯੋਜਿਤ ਸਮਾਰੋਹ ਵਿੱਚ ਲੋਕ ਨਿਰਮਾਣ (ਬਿਲਡਿੰਗ ਤੇ ਸੜਕਾਂ) ਵਿਭਾਗ ਵਿੱਚ ਨਵੇਂ ਭਰਤੀ ਹੋਏ ਉਮੀਦਵਾਰਾਂ ਦਾ ਸਵਾਗਤ ਕਰਦਿਆਂ ਪੀ. ਡਬਲਿਊ.ਡੀ. ਮੰਤਰੀ, ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਲਗਭਗ 600 ਵਿੱਚੋਂ 548 ਨਵੇਂ ਕਰਮਚਾਰੀਆਂ ਦੀ ਭਰਤੀ ਨਾਲ ਵਿਭਾਗ ਵਿੱਚ 90 ਫੀਸਦੀ ਕਲਰਕਾਂ ਦੀਆਂ ਪੋਸਟਾਂ ਭਰੀਆਂ ਜਾ ਚੁੱਕੀਆਂ ਹਨ।

ਉਨ੍ਹਾਂ ਦੱਸਿਆ ਕਿ ਜੂਨੀਅਰ ਇੰਜੀਨੀਅਰਾਂ ਅਤੇ ਹੋਰ ਕਾਡਰਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਵੀ ਪ੍ਰਗਤੀ ਹੇਠ ਹੈ ਜਦੋਂ ਕਿ ਤਰਸ ਦੇ ਅਧਾਰ ‘ਤੇ ਭਰਤੀ ਪ੍ਰਕਿਰਿਆ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ।

ਨਵੇਂ ਭਰਤੀ ਹੋਏ ਕਰਮਚਾਰੀਆਂ ਨੂੰ ਲਗਨ ਨਾਲ ਕੰਮ ਕਰਨ ਲਈ ਪ੍ਰੇਰਦਿਆਂ, ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੀ ਪਸੰਦ ਦਾ ਸਟੇਸ਼ਨ ਲੈਣ ਦੀ ਥਾਂ ‘ਤੇ ਆਪਣੇ ਅਲਾਟ ਕੀਤੇ ਦਫਤਰਾਂ ਵਿੱਚ ਹੀ ਕੰਮ ਕਰਨ ਕਿਉਂਕਿ ਹਰ ਸਟੇਸ਼ਨ ਦੀਆਂ ਆਪਣੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਹਨ ਜੋ ਇੱਕ ਵਿਅਕਤੀ ਨੂੰ ਸਿੱਖਣ, ਅੱਗੇ ਵੱਧਣ ਅਤੇ ਵਿਕਾਸ ਕਰਨ ਵਿੱਚ ਸਹਾਇਤਾ ਕਰਦੀਆਂ ਹਨ।

ਇਸ ਪਿੱਛੋਂ ਸ੍ਰੀ ਹੁਸਨ ਲਾਲ, ਸੱਕਤਰ ਲੋਕ ਨਿਰਮਾਣ (ਬੀ ਐਂਡ ਆਰ) ਵਿਭਾਗ ਨੇ ਨਵੇਂ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਬੁਨਿਆਦੀ ਢਾਂਚੇ ਦੇ ਨਿਰਮਾਣ, ਰੱਖ ਰਖਾਵ ਅਤੇ ਸੂਬੇ ਦੇ ਸਮੂਹ ਵਿਭਾਗਾਂ ਨੂੰ ਆਰਕੀਟੈਕਚਰਲ ਕੰਸਲਟੈਂਸੀ ਸੇਵਾਵਾਂ ਆਦਿ ਵਿਭਾਗੀ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ।

ਸ੍ਰੀ ਸਤੀਸ਼ ਗੁਪਤਾ ਮੁੱਖ ਇੰਜੀਨੀਅਰ (ਹੈਡਕੁਆਟਰ) ਨੇ ਉਨ੍ਹਾਂ ਨੂੰ ਕਲਰਕ ਦੀ ਆਸਾਮੀ ‘ਤੇ ਕੀਤੇ ਜਾਣ ਵਾਲੇ ਕੰਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਸੂਬੇ ਦੇ ਹਿੱਤ ਵਿੱਚ ਆਪਣੇ ਨਿੱਜੀ ਅਤੇ ਵਿਭਾਗੀ ਟੀਚਿਆਂ ਨੂੰ ਪੂਰਾ ਕਰਨ ਲਈ ਮਿਲ ਕੇ ਕੰਮ ਕਰਨ ਲਈ ਪ੍ਰੇਰਿਆ।

ਕੈਪਸ਼ਨ: ਲੋਕ ਨਿਰਮਾਣ ਮੰਤਰੀ, ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ, ਲੋਕ ਨਿਰਮਾਣ ਵਿਭਾਗ, ਸ੍ਰੀ ਹੁਸਨ ਲਾਲ ਮਹਾਤਮਾ ਗਾਂਧੀ ਇੰਸਟੀਚਿਊਟ ਆਫ ਪਬਲਿਕ ਐਡਮਨਿਸਟ੍ਰੇਸ਼ਨ, ਚੰਡੀਗੜ੍ਹ ਵਿਖੇ ਆਯੋਜਿਤ ਸਮਾਰੋਹ ਦੌਰਾਨ ਵਿਭਾਗ ਵਿੱਚ ਨਵੇਂ ਭਰਤੀ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਦੇ ਹੋਏ।

ਫੋਟੋ 3 ਤੇ 4: ਅਪੰਗ ਉਮੀਦਵਾਰਾਂ ਪ੍ਰਤੀ ਸਦਭਾਵਨਾ ਦਰਸਾਉਂਦੀਆਂ ਮੰਤਰੀ ਖੁਦ ਸਟੇਜ ਤੋਂ ਹੇਠਾਂ ਉਤਰ ਕੇ ਦਰਸ਼ਕਾਂ ਵਿੱਚ ਜਾ ਕੇ ਨਿਯੁਕਤੀ ਪੱਤਰ ਵੰਡਦੇ ਹੋਏ।

Share News / Article

Yes Punjab - TOP STORIES