ਲੋਕਤੰਤਰ ਰਾਹੀ ਉੱਭਰ ਕੇ ਸਾਹਮਣੇ ਆਏ ਨੇਤਾਵਾਂ ਵੱਲੋਂ ਲੋਕਤੰਤਰ ਦੇ ਦੋਖੀਆਂ ਦੇ ਹੱਕ ਵਿੱਚ ਬੋਲਣਾ ‘ਹੈਰਾਨੀਜਨਕ’: ਰਵਨੀਤ ਬਿੱਟੂ

ਯੈੱਸ ਪੰਜਾਬ
ਲੁਧਿਆਣਾ, 3 ਅਕਤੂਬਰ, 2019:

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਦੇ ਹੱਕ ਵਿੱਚ ਬੋਲਣ ਵਾਲੇ ਨੇਤਾਵਾਂ ਦੀ ਭਰੋਸੇਯੋਗਤਾ ’ਤੇ ਪ੍ਰਸ਼ਨਚਿੰਨ ਲਗਾਉਂਦਿਆਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਜੋ ਲੋਕ ਲੋਕਤੰਤਰ ਰਾਹੀ ਉੱਭਰ ਕੇ ਅੱਜ ਉੱਚ ਅਹੁਦਿਆਂ ’ਤੇ ਬਿਰਾਜਮਾਨ ਹੋਏ ਹਨ, ਉਨ੍ਹਾਂ ਵੱਲੋਂ ਹੀ ਲੋਕਤੰਤਰ ਦੇ ਦੋਖੀਆਂ ਦੇ ਹੱਕ ਵਿੱਚ ਬੋਲਣਾ ਹੈਰਾਨੀਜਨਕ ਹੈ। ਸ੍ਰੀ ਬਿੱਟੂ ਨੇ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਰਾਜੋਆਣਾ ਮੁੱਦੇ ਨੂੰ ਸਿੱਖੀ ਨਾਲ ਜੋੜਨਾ ਗਲਤ ਹੈ।

ਅੱਜ ਪ੍ਰੈੱਸ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉੱਮਰ ਕੈਦ ਵਿੱਚ ਤਬਦੀਲ ਹੋਣ ’ਤੇ ਖੁਸ਼ੀ ਪ੍ਰਗਟ ਕਰਨ ਵਾਲਿਆਂ ਨੇ ਅੱਤਵਾਦ ਦਾ ਉਹ ਕਾਲਾ ਦੌਰ ਵੀ ਦੇਖਿਆ ਹੈ, ਜਦੋਂ ਰੋਜ਼ਾਨਾ ਹਜ਼ਾਰਾਂ ਸਿਵੇ ਬਲਦੇ ਸਨ, ਧੀਆਂ ਦੀ ਸ਼ਰ੍ਹੇਆਮ ਇੱਜ਼ਤ ਰੋਲ੍ਹੀ ਜਾਂਦੀ ਸੀ ਅਤੇ ਲੋਕਤੰਤਰ ਦੇ ਹਮਦਰਦੀਆਂ ਨੂੰ ਬੱਸਾਂ ਅਤੇ ਟਰੇਨਾਂ ਵਿੱਚੋਂ ਉੱਤਾਰ ਕੇ ਮਾਰ ਦਿੱਤਾ ਜਾਂਦਾ ਸੀ।

ਸ੍ਰ. ਬਿੱਟੂ ਨੇ ਕਿਹਾ ਕਿ ਅਜਿਹੇ ਨੇਤਾ ਅੱਜ ਰਾਜੋਆਣਾ ਦੀ ਫਾਂਸੀ ਮੁਆਫੀ ਨੂੰ ਸਿੱਖਾਂ ਦੇ ਜਖ਼ਮਾਂ ’ਤੇ ਮੱਲਮ ਲਾਉਣ ਦੇ ਬਰਾਬਰ ਦੱਸ ਰਹੇ ਹਨ, ਜੋ ਕਿ ਉਨ੍ਹਾਂ ਦੀ ਰਾਜਸੀ ਸਵਾਰਥਵਾਦੀ ਸੋਚ ਦਾ ਪ੍ਰਗਟਾਵਾ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਿੱਖਾਂ ਨੂੰ ਅੱਤਵਾਦੀ ਬਣਾ ਕੇ ਪੇਸ਼ ਕਰ ਰਹੇ ਹਨ। ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ‘‘ਕੀ ਸਿੱਖ ਜਾਂ ਪੰਜਾਬੀ ਅੱਤਵਾਦੀ ਹਨ?’’

ਸ੍ਰ. ਬਿੱਟੂ ਨੇ ਕਿਹਾ ਕਿ ਕਾਲੇ ਦੌਰ ਵਿੱਚ ਅੱਤਵਾਦੀ ਵੋਟਾਂ ਵਿੱਚ ਭਾਗ ਲੈਣ ਵਾਲੇ ਵੋਟਰਾਂ ਨੂੰ ਇਹ ਕਹਿ ਕੇ ਡਰਾਉਂਦੇ ਸਨ ਕਿ ਜੋ ਵੋਟ ਪਾਏਗਾ ਉਸਦੀਆਂ ਉਂਗਲਾਂ ਕੱਟ ਦਿੱਤੀਆਂ ਜਾਣਗੀਆਂ। ਅੱਜ ਅਜਿਹੇ ਲੋਕਾਂ ਦੇ ਹੱਕ ਵਿੱਚ ਬੋਲਣ ਵਾਲੇ ਰਾਜਸੀ ਲੋਕ ਇਹ ਭੁੱਲ ਬੈਠੇ ਹਨ ਕਿ ਉਨ੍ਹਾਂ ਦੇ ਉਭਾਰ ਵਿੱਚ ਉਸੇ ਲੋਕਤੰਤਰ ਦਾ ਹੱਥ ਹੈ, ਜਿਸ ਨੂੰ ਅੱਤਵਾਦੀ ਖ਼ਤਮ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਪਰਿਵਾਰ ਦੀ ਬਲਵੰਤ ਸਿੰਘ ਰਾਜੋਆਣਾ ਜਾਂ ਕਿਸੇ ਹੋਰ ਅੱਤਵਾਦੀ ਨਾਲ ਨਿੱਜੀ ਦੁਸ਼ਮਣੀ ਨਹÄ, ਸਗੋਂ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਨੇ ਦੇਸ਼ ਦੇ ਲੋਕਤੰਤਰੀ ਢਾਂਚੇ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਸੂਝਵਾਨ ਲੋਕ ਇਹ ਸਭ ਦੇਖ ਰਹੇ ਹਨ ਅਤੇ ਅਜਿਹੇ ਨੇਤਾਵਾਂ ਨੂੰ ਉਹ ਢੁੱਕਵੇਂ ਸਮੇਂ ’ਤੇ ਜਵਾਬ ਦੇਣਗੇ। ਪੰਜਾਬ ਦੇ ਨੌਜਵਾਨਾਂ ਨੂੰ ਇਸ ਕਾਲੇ ਦੌਰ ਵਿੱਚ ਨਾ ਧਕੇਲਣ ਲਈ ਇਹ ਜ਼ਰੂਰੀ ਹੈ ਕਿ ਅੱਤਵਾਦੀਆਂ ਨੂੰ ਉਤਸ਼ਾਹ ਦੇਣਾ ਬੰਦ ਕੀਤਾ ਜਾਵੇ।

Share News / Article

Yes Punjab - TOP STORIES