ਲੁਧਿਆਣਾ ਫ਼ੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਲਗਾਈ ਦੋ ਰੋਜ਼ਾ ਪ੍ਰਦਰਸ਼ਨੀ ਦਾ ਉਦਘਾਟਨ – ਰਵਨੀਤ ਬਿੱਟੂ ਅਤੇ ਆਸ਼ੂ ਪੁੱਜੇ

ਲੁਧਿਆਣਾ, 8 ਸਤੰਬਰ, 2019:

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਕਲਮ ਅਤੇ ਕੈਮਰੇ ਨਾਲ ਪੰਜਾਬ ਦੀ ਅਜਿਹੀ ਤਸਵੀਰ ਬਣਾਉਣ, ਜਿਸ ਵਿੱਚ ਸੂਬੇ ਦੀ ਤਰੱਕੀ, ਅਤੀਤ ਅਤੇ ਸੁਨਹਿਰੇ ਭਵਿੱਖ ਦਾ ਹਰੇਕ ਰੰਗ ਉੱਘੜ ਕੇ ਸਾਹਮਣੇ ਆਵੇ।

ਉਹ ਅੱਜ ਸਥਾਨਕ ਪੰਜਾਬੀ ਭਵਨ ਸਥਿਤ ਡਾ. ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ ਵਿਖੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਵੱਲੋਂ ਲਗਾਈ ਗਈ ਦੋ ਰੋਜ਼ਾ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ ਸਨ।

ਇਸ ਮੌਕੇ ਰੱਖੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਦੁਨੀਆਂ ਦਾ ਕੋਈ ਵੀ ਅਜਿਹਾ ਖਿੱਤਾ ਨਹੀਂ, ਜੋ ਪੰਜਾਬ ਦੀ ਤਰ੍ਹਾਂ ਇੱਕੋ ਸਮੇਂ ਸੱਭਿਆਚਾਰਕ ਤੇ ਸਾਹਿਤਕ ਖੇਤਰਾਂ ਦੇ ਨਾਲ-ਨਾਲ ਆਪਸੀ ਭਾਈਚਾਰਾ, ਅਮਨ ਸ਼ਾਂਤੀ ਅਤੇ ਤਰੱਕੀ ਦੀ ਪ੍ਰਤੱਖ ਤਸਵੀਰ ਹੋਵੇ।

ਉਨ੍ਹਾਂ ਅਕਾਲੀ ਭਾਜਪਾ ਗਠਜੋੜ ਦੇ 10 ਸਾਲਾਂ ਰਾਜ ਦੌਰਾਨ ਪੰਜਾਬ ਦੇ ਵਿਗੜੇ ਚਿਹਰੇ ਮੋਹਰੇ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਮੇਂ ਦੌਰਾਨ ਪੰਜਾਬ ਨੂੰ ਚਾਰੇ ਪਾਸਿਆਂ ਤੋਂ ਮਾਰ ਪਈ ਹੈ ਅਤੇ ਦੁਨੀਆਂ ਸਾਹਮਣੇ ਪੰਜਾਬ ਦੀ ਤਸਵੀਰ ਬੇਰੰਗ ਹੋ ਕੇ ਸਾਹਮਣੇ ਆਈ ਹੈ।

ਇਸ ਸਥਿਤੀ ਵਿੱਚ ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਕਲਮ ਅਤੇ ਕੈਮਰੇ ਦੀ ਕਲਿੱਕ ਵਿੱਚ ਲੋਕਾਂ ਤੱਕ ਹਾਂ ਪੱਖੀ ਸੁਨੇਹਾ ਪਹੁੰਚਾਉਣ ਦੀ ਵੱਡੀ ਕਲਾ ਹੁੰਦੀ ਹੈ, ਜਿਸ ਕਰਕੇ ਉਹ ਆਪਣੀ ਇਸ ਕਲਾ ਨਾਲ ਪੰਜਾਬ ਦੀ ਸੋਹਣੀ ਤਸਵੀਰ ਬਣਾਉਣ ਅਤੇ ਦੁਨੀਆਂ ਸਾਹਮਣੇ ਪੇਸ਼ ਕਰਨ, ਜਿਸ ਵਿੱਚ ਸੂਬੇ ਦੀ ਤਰੱਕੀ, ਅਤੀਤ ਅਤੇ ਸੁਨਹਿਰੇ ਭਵਿੱਖ ਦਾ ਹਰੇਕ ਰੰਗ ਉੱਘੜ ਕੇ ਸਾਹਮਣੇ ਆਵੇ।

ਉਨ੍ਹਾਂ ਪੰਜਾਬ ਸਰਕਾਰ ਵੱਲੋਂ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਦੱਸਿਆ। ਇਸ ਮੌਕੇ ਉਨ੍ਹਾਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਪ੍ਰਸਿੱਧ ਸਮਾਜ ਸੇਵੀ ਅਤੇ ਕਾਰੋਬਾਰੀ ਸ੍ਰ. ਐੱਸ. ਪੀ. ਸਿੰਘ ਓਬਰਾਏ ਨੇ ਵੀ ਐਸੋਸੀਏਸ਼ਨ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।

ਸਮਾਗਮ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਵੱਲੋਂ ਆਪਣੇ ਨਿੱਤ ਦਿਨ ਦੇ ਰੁਝੇਵੇਂ ਵਿੱਚੋਂ ਸਮਾਂ ਕੱਢ ਕੇ ਇਨ੍ਹਾਂ ਤਸਵੀਰਾਂ ਵਿੱਚ ਹਾਂ-ਪੱਖੀ ਮਤਲਬ ਲੱਭਣਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਉਨ੍ਹਾਂ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਸਵੀਰਾਂ ਨੂੰ ਲਾਇਬਰੇਰੀ ਦਾ ਸ਼ਿੰਗਾਰ ਬਣਾਉਣ ਤਾਂ ਜੋ ਇਨ੍ਹਾਂ ਤਸਵੀਰਾਂ ਤੋਂ ਭਵਿੱਖ ਦੇ ਫੋਟੋ ਪੱਤਰਕਾਰ ਕੁਝ ਸਿੱਖ ਸਕਣ। ਉ

ਨ੍ਹਾਂ ਕਿਹਾ ਕਿ ਇੱਕ ਚੰਗੀ ਤਸਵੀਰ ਨੂੰ ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਤਸਵੀਰ ਹਜ਼ਾਰਾਂ ਸ਼ਬਦਾਂ ਦੀ ਆਪਣੇ ਆਪ ਵਿੱਚ ਇੱਕ ਕਹਾਣੀ ਬਿਆਨ ਕਰਦੀ ਹੁੰਦੀ ਹੈ। ਕਈ ਵਾਰ ਜੋ ਸੁਨੇਹਾ ਖ਼ਬਰ ਦੇਣ ਤੋਂ ਅਸਮਰੱਥ ਰਹਿ ਜਾਂਦੀ ਹੈ, ਉਹ ਤਸਵੀਰ ਸਪੱਸ਼ਟ ਕਰ ਦਿੰਦੀ ਹੈ। ਉਨ੍ਹਾਂ ਫੋਟੋ ਪੱਤਰਕਾਰਾਂ ਵੱਲੋਂ ਪ੍ਰਦਰਸ਼ਨੀ ਲਗਾਉਣ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਇਸ ਸ਼ੌਕ ਨੂੰ ਹੋਰ ਅੱਗੇ ਤੱਕ ਲਿਜਾਉਣ ਦਾ ਸੱਦਾ ਦਿੱਤਾ।

ਐਸੋਸੀਏਸ਼ਨ ਦੇ ਨੁਮਾਇੰਦੇ ਸ੍ਰ. ਗੁਰਮੀਤ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਸ੍ਰ. ਵਰਿੰਦਰ ਪ੍ਰਮੋਦ ਬਾਤਿਸ਼ ਨੇ ਧੰਨਵਾਦੀ ਸ਼ਬਦ ਪੜ੍ਹੇ। ਉਨ੍ਹਾਂ ਐਲਾਨ ਕੀਤਾ ਕਿ ਐਸੋਸੀਏਸ਼ਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਆਰ. ਓ. ਸਿਸਟਮ ਲਗਾਇਆ ਜਾਇਆ ਕਰਨਗੇ। ਇਸ ਤੋਂ ਪਹਿਲਾਂ ਸ੍ਰੀ ਆਸ਼ੂ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਤਸਵੀਰਾਂ ਨੂੰ ਬਹੁਤ ਸਰਾਹਿਆ।

ਸਮਾਗਮ ਦੌਰਾਨ ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ, ਜ਼ਿਲ੍ਹਾ ਪ੍ਰਧਾਨ ਕਾਂਗਰਸ ਸ੍ਰੀ ਅਸ਼ਵਨੀ ਸ਼ਰਮਾ, ਕਰਨਲ ਸ੍ਰ. ਐੱਚ. ਐੱਸ. ਕਾਹਲੋਂ, ਚੇਅਰਮੈਨ ਸ੍ਰ. ਅਮਰਜੀਤ ਸਿੰਘ ਟਿੱਕਾ, ਸ੍ਰ. ਰਣਜੋਧ ਸਿੰਘ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ, ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸ੍ਰੀ ਰਾਜੀਵ ਰਾਜਾ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Share News / Article

Yes Punjab - TOP STORIES