ਲੁਧਿਆਣਾ ਬੰਬ ਧਮਾਕੇ ਦੇ ਜ਼ਖਮੀਆਂ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ ਭਗਵੰਤ ਮਾਨ

ਯੈੱਸ ਪੰਜਾਬ
ਲੁਧਿਆਣਾ, 24 ਦਸੰਬਰ, 2021 –
ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਲੁਧਿਆਣਾ ਦੇ ਅਦਾਲਤੀ ਕੰਪਲੈਕਸ ਚ ਹੋਏ ਬੰਬ ਧਮਾਕੇ ਨੂੰ ਇੱਕ ਕਮਜ਼ੋਰ ਅਤੇ ਅਸਿਥਰ ਸਰਕਾਰ ਦਾ ਨਤੀਜਾ ਕਰਾਰ ਦਿੱਤਾ ਹੈ। ਭਗਵੰਤ ਮਾਨ ਸ਼ੁੱਕਰਵਰ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਦਾਖਲ ਬੰਬ ਧਮਾਕੇ ਦੇ ਪੀੜਤਾਂ ਦਾ ਹਾਲ ਜਾਨਣ ਉਪਰੰਤ ਮੀਡੀਆ ਨੂੰ ਪ੍ਰਤੀਕਿਰਿਆ ਦੇ ਰਹੇ ਸਨ।

ਭਗਵੰਤ ਮਾਨ ਜਿੱਥੇ ਜ਼ਖਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ, ਉੱਥੇ ਇਸ ਅਣਸੁਖਾਵੀਂ ਘਟਨਾ ਦੀ ਨਿਰਪੱਖ, ਪਾਰਦਰਸ਼ੀ ਅਤੇ ਸਮਾਂ-ਬੱਧ ਜਾਂਚ ਦੀ ਵੀ ਮੰਗ ਕੀਤੀ। ਭਗਵੰਤ ਮਾਨ ਨੇ ਸੂਬੇ ਚ ਅਮਨ ਕਾਨੂੰਨ ਦੀ ਬਦਤਰ ਸਥਿਤੀ ਲਈ ਕਾਂਗਰਸ ਦੀ ਮੌਜੂਦਾ ਸਰਕਾਰ ਦੇ ਨਾਲ ਨਾਲ ਪਿਛਲੀ ਅਕਾਲੀ-ਭਾਜਪਾ ਨੂੰ ਵੀ ਜ਼ਿੰਮੇਵਾਰ ਠਹਿਰਾਇਆ।

ਭਗਵੰਤ ਮਾਨ ਨੇ ਕਿਹਾ, “ਅਜਿਹੀਆਂ ਵਾਰਦਾਤਾਂ ਪੰਜਾਬ ਦੀ ਆਪਸੀ ਸਾਂਝ, ਭਾਈਚਾਰੇ ਅਤੇ ਸਦਭਾਵਨਾ ਨੂੰ ਤੋੜਨ ਦੀਆਂ ਸਾਜਿਸ਼ਾਂ ਦਾ ਹਿੱਸਾ ਹਨ। ਬੰਬ ਧਮਾਕਿਆਂ ਅਤੇ ਧਾਰਮਿਕ ਗ੍ਰੰਥਾਂ ਦੀ ਬੇਅਦਬੀਆਂ ਕਰਨ ਅਤੇ ਕਰਾਉਣ ਵਾਲੇ ਮਾਸਟਰਮਾਇੰਡ ਤੱਤਾਂ ਦਾ ਫੜੇ ਜਾਣਾ ਬਹੁਤ ਜ਼ਰੂਰੀ ਹੈ। ਪਰ ਇਹ ਕੰਮ ਕੌਣ ਕਰੇਗਾ? ਕਿਉੰਕਿ ਸੱਤਾਧਾਰੀ ਕਾਂਗਰਸ ਤਾਂ ਆਪਸੀ ਖਾਨਾਜੰਗੀ ਚ ਮਸ਼ਰੂਫ ਹੈ।

ਭਗਵੰਤ ਮਾਨ ਨੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਕਿ ਅਜਿਹੇ ਮੰਤਰੀ ਕੋਲੋਂ ਕੀ ਉਮੀਦ ਕੀਤੀ ਜਾ ਸਕਦੀ ਹੈ, ਜਿਸਦੇ ਕਾਰਜਕਾਲ ਦੌਰਾਨ ਹੀ 2 ਡੀ. ਜੀ. ਪੀ ਅਤੇ 2 ਐਡਵੋਕੇਟ ਜਨਰਲ (ਏ. ਜੀ) ਬਦਲ ਚੁੱਕੇ ਹਨ। ਉੱਚ ਪੁਲਿਸ ਅਫ਼ਸਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਲਈ ਪੈਸੇ (ਰਿਸ਼ਵਤ) ਲੈਣ ਦੇ ਗੰਭੀਰ ਦੋਸ਼ ਵੀ ਕਾਂਗਰਸ ਦੇ ਇੱਕ ਸੀਨੀਅਰ ਮੰਤਰੀ ਵੱਲੋਂ ਲਗਾਏ ਜਾ ਚੁੱਕੇ ਹਨ।

ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਬਰਗਾੜੀ ਚ ਹੋਈ ਬੇਅਦਬੀ ਦੇ ਦੋਸ਼ੀਆਂ ਅਤੇ ਸਾਜ਼ਿਸ਼ ਕਰਤਾਵਾਂ ਨੂੰ ਕਾਨੂੰਨ ਮੁਤਾਬਿਕ ਮਿਸਾਲੀ ਸਜ਼ਾ ਦਿੱਤੀ ਹੁੰਦੀ ਤਾਂ ਕੋਈ ਵੀ ਸ਼ਰਾਰਤੀ ਤੱਤ ਸ੍ਰੀ ਹਰਮਿੰਦਰ ਸਾਹਿਬ ਚ ਗਰਿੱਲ ਟੱਪ ਕੇ ਬੇਅਦਬੀ ਕਰਨ ਦੀ ਹਿੰਮਤ ਨਾ ਕਰਦਾ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹਮੇਸ਼ਾ ਜ਼ਿੰਮੇਵਾਰੀਆਂ ਕਬੂਲ ਕਰਨ ਤੋਂ ਭੱਜਦੇ ਰਹਿੰਦੇ ਹਨ, ਪ੍ਰੰਤੂ ਹੁਣ ਤਾਂ ਸਰਕਾਰ ਚ ਮੰਤਰੀ ਅਤੇ ਉੱਚ ਅਫ਼ਸਰ ਨਵਜੋਤ ਸਿੰਘ ਸਿੱਧੂ ਲੁਧਿਆਣਾ ਬੰਬ ਧਮਾਕੇ ਸਮੇਤ ਬੇਅਦਬੀ ਦੀਆਂ ਵਾਰਦਾਤਾਂ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਜਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਯਕੀਨੀ ਬਣਾਉਣ।

ਮਾਨ ਨੇ ਕਿਹਾ ਕਿ ਜੇਕਰ ਲੁਧਿਆਣਾ ਬੰਬ ਧਮਾਕੇ ਦੇ ਮਾਸਟਰਮਾਇੰਡ ਨੂੰ ਫੜ੍ਹ ਕੇ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਭਵਿੱਖ ਚ ਅਜਿਹੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਅਪਰਾਧੀ ਤੱਤ 50 ਵਾਰ ਸੋਚਣਗੇ। ਕਿਉੰਕਿ ਮੌੜ ਬੰਬ ਧਮਾਕੇ ਦੀ ਅਜੇ ਤੱਕ ਕੋਈ ਜਾਂਚ ਸਿਰੇ ਨਹੀਂ ਲੱਗੀ ਤਾਂ ਕਰਕੇ ਅਪਰਾਧੀਆਂ ਨੂੰ ਸਰਕਾਰ ਦਾ ਕੋਈ ਡਰ ਨਹੀਂ ਅਤੇ ਅਜਿਹੀਆਂ ਘਟਨਾਵਾਂ ਵਾਰ ਵਾਰ ਵਾਪਰ ਰਹੀਆਂ ਹਨ। ਮਾਨ ਨੇ ਇਹ ਵੀ ਸਵਾਲ ਉਠਾਇਆ ਕਿ ਚੋਣਾਂ ਤੋਂ ਪਹਿਲਾਂ ਹੀ ਅਜਿਹੀਆਂ ਵਾਰਦਾਤਾਂ ਕਿਉਂ ਹੋਣ ਲੱਗਦੀਆਂ ਹਨ?