ਯੈੱਸ ਪੰਜਾਬ
ਲੁਧਿਆਣਾ, 27 ਜੂਨ, 2019:
ਨਾਭਾ ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੇ ਕਤਲ ਅਤੇ ਬਠਿੰਡਾ ਜੇਲ੍ਹ ਵਿਚ ਵਾਰਡਨ ’ਤੇ ਹੋਏ ਹਮਲਿਆਂ ਦੇ ਮਾਮਲਿਆਂ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅੱਜ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਕੈਦੀਆਂ ਦੇ ਦੋ ਗਰੁੱਪ ਆਹਮੋ ਸਾਹਮਣੇ ਹੋ ਗਏ ਜਦਕਿ ਜੇਲ੍ਹ ਪ੍ਰਸ਼ਾਸ਼ਨ ਬੇਬਸ ਨਜ਼ਰ ਆਇਆ। ਇਹ ਵੀ ਪਤਾ ਲੱਗਾ ਹੈ ਕਿ ਹਾਲਾਤ ਨੂੰ ਕਾਬ ਕਰਨ ਲਈ ਪੁਲਿਸ ਨੇ ਜੇਲ੍ਹ ਅੰਦਰ ਹੀ ਗੋਲੀਆਂ ਵੀ ਚਲਾਈਆਂ।
ਵੀਰਵਾਰ ਦੁਪਹਿਰ ਹੋਏ ਇਸ ਝਗੜੇ ਦੌਰਾਨ ਇਹ ਦੋਵੇਂ ਗਰੁੱਪ ਆਪਸ ਵਿਚ ਪੱਥਰਬਾਜ਼ੀ ਕਰਨ ਤੋਂ ਇਲਾਵਾ ਰਾਡਾਂ ਅਤੇ ਜੇਲ੍ਹ ਅੰਦਰ ਮੌਜੂਦ ਹੋਰ ਚੀਜ਼ਾਂ ਨਾਲ ਇਕ ਦੂਜੇ ਨਾਲ ਭਿੜ ਗਏ ਜਿਸ ਦੌਰਾਨ ਕਈ ਕੈਦੀ ਜ਼ਖ਼ਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਇਹ ਦੋ ਗੈਂਗਸਟਰ ਗਰੁੱਪ ਹਨ ਜਿਹੜੇ ਆਪਸ ਵਿਚ ਕਿਸੇ ਰੰਜਿਸ਼ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ ਅਤੇ ਇਸ ਕਦਰ ਹਿੰਸਕ ਹੋ ਗਏ ਕਿ ਜੇਲ੍ਹ ਪ੍ਰਸ਼ਾਸ਼ਨ ਇਨ੍ਹਾਂ ਨੂੰ ਕਾਬੂ ਨਹੀਂ ਕਰ ਸਕਿਆ।
ਇਸੇ ਦੌਰਾਨ ਜੇਲ੍ਹ ਪ੍ਰਸ਼ਾਸ਼ਨ ਅਤੇ ਕਾਨੂੰਨ ਦਾ ਮੂੰਹ ਚਿੜ੍ਹਾਉਂਦਿਆਂ ਇਸ ਹੰਗਾਮੇ ਅਤੇ ਹਿੰਸਾ ਦਾ ‘ਲਾਈਵ’ ਪ੍ਰਸਾਰਨ ਵੀ ਜੇਲ੍ਹ ਦੇ ਅੰਦਰੋਂ ਸੋਸ਼ਲ ਮੀਡੀਆ ’ਤੇ ਕੀਤਾ ਗਿਆ ਜਿਸ ਵਿਚ ਗਾਲੀ ਗਲੋਚ ਕਰਦੇ ਅਤੇ ਚਾਂਗਰਾਂ ਮਾਰਦੇ ਕੈਦੀ ਹਿੰਸਕ ਹੋਏ ਨਜ਼ਰ ਆਉਂਦੇ ਹਨ।
ਇਸੇ ਵੀਡੀਉ ਨੂੰ ‘ਲਾਈਵ’ ਕਰ ਰਹੇ ਇਕ ਵਿਅਕਤੀ ਦਾ ਦਾਅਵਾ ਹੈ ਕਿ ਜੇਲ੍ਹ ਦੇ ਅੰਦਰ ਗੋਲੀਆਂ ਚਲਾਈਆਂ ਹਨ ਜਿਹੜੀਆਂ ਉਨ੍ਹਾਂ ਦੇ ਦੋ ਸਾਥੀਆਂ ਨੂੰ ਲੱਗੀਆਂ ਹਨ।
ਹਾਲਾਤ ਬੇਕਾਬੂ ਹੋਣ ’ਤੇ ਜੇਲ੍ਹ ਪ੍ਰਸ਼ਾਸ਼ਨ ਨੇ ਜੇਲ੍ਹ ਦਾ ਮੇਨ ਗੇਟ ਬੰਦ ਕਰ ਦਿੱਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਮਗਰੋਂ ਵੱਡੀ ਗਿਣਤੀ ਵਿਚ ਪੁਲਿਸ ਫ਼ੋਰਸ ਜੇਲ੍ਹ ਅੰਦਰ ਭੇਜੀ ਗਈ ਹੈ।
ਪੁਲਿਸ ਵੱਲੋਂ ਜੇਲ੍ਹ ਦੀ ਘੇਰਾਬੰਦੀ ਵੀ ਕਰ ਲਈ ਗਈ ਹੈ ਤਾਂ ਜੋ ਮੌਕੇ ਦਾ ਫ਼ਾਇਦਾ ਉਠਾ ਕੇ ਕੋਈ ਕੈਦੀ ਫ਼ਰਾਰ ਨਾ ਹੋ ਜਾਵੇ।