ਲਾ ਗਿਆ ਪੂਤਿਨ ਅਮਰੀਕਾ ਨੂੰ ਚੋਭ ਵੱਡੀ, ਸਾਊਦੀ ਅਰਬ ਨੂੰ ਅੱਖ ਗਿਆ ਮਾਰ ਬੇਲੀ

ਅੱਜ-ਨਾਮਾ

ਲਾ ਗਿਆ ਪੂਤਿਨ ਅਮਰੀਕਾ ਨੂੰ ਚੋਭ ਵੱਡੀ,
ਸਾਊਦੀ ਅਰਬ ਨੂੰ ਅੱਖ ਗਿਆ ਮਾਰ ਬੇਲੀ।

ਕਹਿ ਗਿਆ ਪੁੱਛ ਲਓ ਆਣ ਇਰਾਨ ਵਿੱਚੋਂ,
ਵਧੀਆ ਕਿਹੋ ਜਿਹੇ ਸਾਡੇ ਹਥਿਆਰ ਬੇਲੀ।

ਤੁਰਕੀ ਛੱਡ ਗਿਆ ਆੜੀ ਅਮਰੀਕਨਾਂ ਦੀ,
ਉਸ ਨਾਲ ਚੱਲ ਪਿਆ ਸਾਡਾ ਵਪਾਰ ਬੇਲੀ।

ਸਾਊਦੀ ਅਰਬ ਕੋਲ ਸਾਡਾ ਜੇ ਮਾਲ ਹੁੰਦਾ,
ਜਾਂਦੇ ਹਾਊਦੀ ਨਾ ਕਰਨ ਲਈ ਵਾਰ ਬੇਲੀ।

ਵੱਢੀ ਚੂੰਢੀ ਸੀ ਪੂਤਿਨ ਨੇ ਇੰਜ ਕਹਿ ਕੇ,
ਸਹਿ ਗਿਆ ਅੰਦਰ ਟਰੰਪ ਹੈ ਸੱਟ ਬੇਲੀ।

ਉਹਨੂੰ ਪਤਾ ਕਿ ਕੀਹਦੇ ਨਾਲ ਪਊ ਪੇਚਾ,
ਤਾਹੀਂਓਂ ਪਾਸਾ ਟਰੰਪ ਗਿਆ ਵੱਟ ਬੇਲੀ।

-ਤੀਸ ਮਾਰ ਖਾਂ

20 ਸਤੰਬਰ, 2019 –

Share News / Article

YP Headlines