ਲਾਈਟ ਐਂਡ ਸਾਊਂਡ ਸ਼ੋਅ ਬਣਿਆ ਖਿੱਚ ਦਾ ਕੇਂਦਰ, 5 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਕੀਤੇ ਡਿਜੀਟਲ ਮਿਊਜ਼ੀਅਮ ਦੇ ਦਰਸ਼ਨ

ਐਸ. ਏ. ਐਸ. ਨਗਰ, 8 ਅਕਤੂਬਰ, 2019:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਡਿਜੀਟਲ ਅਜਾਇਬ ਘਰ ਅਤੇ ਲਾਈਟ ਐਂਡ ਸਾਊਂਡ ਸ਼ੋਅ ਦੇ ਰੂਪ ਵਿੱਚ ਸ਼ੁਰੂ ਕੀਤੀਆਂ ਪਹਿਲਕਦਮੀਆਂ ਲੋਕਾਂ ਵਿੱਚ ਤੇਜ਼ੀ ਨਾਲ ਮਕਬੂਲ ਹੋ ਰਹੀਆਂ ਹਨ|

ਜਿਸ ਦਾ ਸਬੂਤ ਹੈ ਬਹੁ ਮੰਤਵੀ ਖੇਡ ਭਵਨ ਸੈਕਟਰ-78 ਵਿਖੇ ਲੱਗ ਰਹੀ ਲੋਕਾਂ ਦੀ ਭੀੜ, ਜਿਥੇ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਹੁਣ ਤੱਕ 5 ਹਜ਼ਾਰ ਤੋਂ ਜ਼ਿਆਦਾ ਲੋਕ ਡਿਜੀਟਲ ਮਿਊਜ਼ੀਅਮ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਲਾਈਟ ਐਂਡ ਸਾਊਂਡ ਸ਼ੋਅ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸ਼ੋਅ ਸਮੁੱਚੇ ਪੰਜਾਬ ਵਿੱਚ ਕਰਵਾਏ ਜਾਣਗੇ। ਇਹ ਸ਼ੋਅ ਕਰਵਾਉਣ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਜਾਣੂੰ ਕਰਵਾਉਣਾ ਹੈ, ਜੋ ਫਿਰਕੂ ਸਦਭਾਵਨਾ, ਸ਼ਾਂਤੀ, ਭਾਈਚਾਰਕ ਸਾਂਝ ਅਤੇ ਇਨਸਾਨੀਅਤ ’ਤੇ ਆਧਾਰਿਤ ਸੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 9 ਅਕਤੂਬਰ ਨੂੰ ਐਸ. ਏ. ਐਸ. ਨਗਰ ਵਿੱਚ ਇਨ੍ਹਾਂ ਸ਼ੋਆਂ ਦਾ ਆਖਿਰੀ ਦਿਨ ਹੋਵੇਗਾ। ਡਿਜੀਟਲ ਮਿਊਜ਼ੀਅਮ ਦਾ ਸਮਾਂ ਸਵੇਰੇ 6.30 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਲਾਈਟ ਐਂਡ ਸਾਊਂਡ ਸ਼ੋਅ ਸ਼ਾਮ ਨੂੰ 7 ਤੋਂ 7.45 ਅਤੇ ਰਾਤ ਨੂੰ 8.30 ਤੋਂ 9.15 ਤੱਕ ਦਿਖਾਇਆ ਜਾਵੇਗਾ।

ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES